ਟੋਰਾਂਟੋ/ਹੀਰਾ ਰੰਧਾਵਾ : ਲੰਘੇ ਕਈ ਵਰ੍ਹਿਆਂ ਤੋਂ ਸਮਾਜ ਵਿੱਚ ਲੋੜਵੰਦ ਲੋਕਾਂ ਦੀ ਮਦਦ ਕਰਦੀ ਆ ਰਹੀ ਸਵੈ-ਸੇਵੀ ਸੰਸਥਾ ‘ਸਹਾਇਤਾ ਟੋਰਾਂਟੋ’ ਵੱਲੋਂ ਸ਼ਹਿਰ ਬਰੈਂਪਟਨ ਨੂੰ ਵਧੇਰੇ ਸਾਫ਼ ਸੁਥਰਾ ਬਨਾਉਣ ਲਈ ਇਕ ਸਫ਼ਾਈ ਮੁਹਿੰਮ ਸ਼ੁਰੂ ਕੀਤੀ ਗਈ ਹੈ। ਐਤਵਾਰ 20 ਸਤੰਬਰ ਤੋਂ ਸ਼ੁਰੂ ਹੋਈ ਮੁਹਿੰਮ ਬਾਰੇ ਜਾਣਕਾਰੀ ਦਿੰਦਿਆਂ ਕਰਮਜੀਤ ਗਿੱਲ ਨੇ ਦੱਸਿਆ ਕਿ ਸੰਸਥਾ ਦੇ ਸਾਰੇ ਸਵੈ-ਸੇਵੀਆਂ ਵੱਲੋਂ ਮਿਕਲਾਗਲਿਨ ਰੋਡ ਨੇੜੇ ਟਿੰਬਰਲੇਨ ਡਰਾਈਵ ਉੱਤੇ ਸਥਿੱਤ ਗੁਰਦੁਆਰਾ ਨਾਨਕਸਰ ਦੇ ਸਾਹਮਣੇ ਵਾਲੇ ਪਾਰਕ ਵਿੱਚ ਸਵੇਰੇ 9:30 ਵਜੇ ਇਕੱਤਰ ਹੋਣ ਉਪਰੰਤ 10 ਵਜੇ ਤੋਂ 12 ਵਜੇ ਤੱਕ ਆਸ-ਪਾਸ ਦੇ ਇਲਾਕੇ ਵਿੱਚ ਸਫ਼ਾਈ ਕੀਤੀ ਗਈ। ਇਸ ਮੁਹਿੰਮ ਵਿੱਚ ਵੱਡੀ ਗਿਣਤੀ ਵਿੱਚ ਲੋਕ ਸ਼ਾਮਿਲ ਹੋਏ ਅਤੇ ਸੰਸਥਾ ਦੇ ਸਵੈ-ਸੇਵੀਆਂ ਦੀ ਹੌਂਸਲਾ ਅਫ਼ਜ਼ਾਈ ਕਰਨ ਲਈ ਬਹੁਤ ਸਾਰੇ ਪਤਵੰਤੇ ਵੀ ਉਕਤ ਪਾਰਕ ਵਿੱਚ ਪਹੁੰਚੇ। ਸੰਸਥਾ ਵੱਲੋਂ ਸਫਾਈ ਦਾ ਇਹ ਸਿਲਸਿਲਾ ਜਾਰੀ ਰੱਖਿਆ ਜਾਵੇਗਾ ਤਾਂ ਜੋ ਰਲ ਮਿਲ ਕੇ ਬਰੈਂਪਟਨ ਸ਼ਹਿਰ ਨੂੰ ਸਾਫ਼-ਸੁਥਰਾ ਰੱਖਣ ਵਿੱਚ ਯੋਗਦਾਨ ਪਾਇਆ ਜਾ ਸਕੇ। ਸਫ਼ਾਈ ਮੁਹਿੰਮ ਬਾਰੇ ਜਾਣਕਾਰੀ ਦਿੰਦਿਆਂ ਸੈਂਡੀ ਗਰੇਵਾਲ ਨੇ ਦੱਸਿਆ ਕਿ ਕੋਵਿਡ-19 ਦੇ ਇਸ ਦੌਰ ਵਿੱਚ ਸਾਨੂੰ ਸਫ਼ਾਈ ਦਾ ਵਿਸੇਸ਼ ਧਿਆਨ ਰੱਖਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸਫ਼ਾਈ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਬਹੁਤ ਸਾਰੇ ਪਾਰਕਾਂ ਅਤੇ ਸੜਕਾਂ ਦੇ ਕਿਨਾਰਿਆਂ ‘ਤੇ ਲੋਕਾਂ ਵੱਲੋਂ ਮੂੰਹ ਦੇ ਮਾਸਕ ਤੇ ਦਸਤਾਨੇ ਸੁੱਟ ਦਿੱਤੇ ਜਾਂਦੇ ਹਨ ਜਿਨ੍ਹਾਂ ਨਾਲ ਕਰੋਨਾ ਵਾਇਰਸ ਦੇ ਫ਼ੈਲਣ ਦਾ ਖ਼ਤਰਾ ਹੋਰ ਵੱਧ ਜਾਂਦਾ ਹੈ। ਇਹਨਾਂ ਨੂੰ ਬਕਾਇਦਾ ਕੂੜੇਦਾਨ ਵਿੱਚ ਸੁੱਟਣਾ ਚਾਹੀਦਾ ਹੈ। ਉਹਨਾਂ ਸਾਰੇ ਲੋਕ ਕਾਰਜਾਂ ਵਿੱਚ ਜੁੜੇ ਲੋਕਾਂ ਨੂੰ ਬੇਨਤੀ ਕੀਤੀ ਕਿ ਉਹ ਇਸ ਕਾਰਜ ਵਿੱਚ ਉਹਨਾਂ ਨਾਲ ਸਹਿਯੋਗ ਕਰਨ। ਉਹਨਾਂ ਕਿਹਾ ਕਿ ਸਫ਼ਾਈ ਲਈ ਲੋੜੀਂਦੇ ਗਾਰਬੇਜ਼ ਲਿਫ਼ਾਫੇ ਅਤੇ ਹੋਰ ਔਜ਼ਾਰ ਲੈਣ ਲਈ ਉਹਨਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਜਿਸ ਲਈ ਸਿਟੀ ਆਫ਼ ਬਰੈਂਪਟਨ ਵੱਲੋਂ ਸਾਨੂੰ ਭਰਪੂਰ ਸਮਰੱਥਨ ਮਿਲ ਰਿਹਾ। ਯਾਦ ਰਹੇ ਕਿ ਸਹਾਇਤਾ ਵੱਲੋਂ ਭਾਰਤ ਅਤੇ ਭਾਰਤ ਤੋਂ ਬਾਹਰ ਗਰੀਬ ਤੇ ਬੇਸਹਾਰਾ ਲੋਕਾਂ ਦੀਆਂ ਸਿਹਤ ਸੇਵਾਵਾਂ, ਵਿਦਿਆ ਪ੍ਰਾਪਤੀ, ਆਦਿ ਸਮੇਤ ਬਹੁਤ ਹੋਰ ਸਾਰੀਆਂ ਲੋੜਵੰਦ ਧਿਰਾਂ ਦੀ ਮਦਦ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਕਰਮਜੀਤ ਗਿੱਲ ਨਾਲ ਫੋਨ ਨੰਬਰ 647-273-4243 ਜਾਂ ਸੈਂਡੀ ਗਰੇਵਾਲ ਨਾਲ ਫੋਨ ਨੰਬਰ 647-330-3400 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …