ਭਾਰਤੀ ਮੂਲ ਦੇ ਕਲਾਕਾਰਾਂ ਵਲੋਂ ਮੁੱਖਧਾਰਾ ਦੇ ਮਿਆਰ ਦੀ ਪੇਸ਼ਕਾਰੀ
ਬੀਤੀ ਬੁੱਧਵਾਰ ਰਾਤ ਨੂੰ ਟੋਰਾਂਟੋ ਡਾਊਨਟਾਊਨ ਦੇ dy Artscape Sandbox Theatre ਵਿਖੇ CBC ਵੱਲੋਂ ਪਰੋਡਿਊਸ ਕੀਤੀ ਗਈ ਅਤੇ ਸੁਪਿੰਦਰ ਵੜੈਚ ਵਲੋਂ ਲਿਖੀ ਗਈ CBC Drama Series ਦਾ ਪ੍ਰੀਮੀਅਰ ਆਯੋਜਿਤ ਕੀਤਾ ਗਿਆ। ਇਸ ਮੌਕੇ ਜਿੱਥੇ ਇਹ ਸੀਰੀਜ਼ ਮੌਜੂਦ ਦਰਸ਼ਕਾਂ ਨੂੰ ਦਿਖਾਈ ਗਈ, ਉਥੇ ਇਸ ਨਾਲ ਜੁੜੇ ਹੋਏ ਕਲਾਕਾਰਾਂ ਤੋਂ ਕਈ ਤਰ੍ਹਾਂ ਦੇ ਸਵਾਲ ਵੀ ਕੀਤੇ ਗਏ। ਵਰਣਨਯੋਗ ਹੈ ਕਿ CBC ਵਲੋਂ ਹੁਣ ਆਉਣ ਵਾਲੇ ਦਿਨਾਂ ਵਿੱਚ ਇਸਨੂੰ ਕਿਸ਼ਤਾਂ ਵਿੱਚ ਦਿਖਾਇਆ ਜਾਏਗਾ।
ਸੁਪਿੰਦਰ ਵੜੈਚ, ਜੋ ਕਿ ਟੋਰਾਂਟੋ ਟਰੱਕ ਡਰਾਇਵਿੰਗ ਸਕੂਲ ਦੇ ਮਾਲਕ ਜਸਵਿੰਦਰ ਵੜੈਚ ਅਤੇ ਤਿਰਲੋਚਨ ਵੜੈਚ ਦੀ ਬੇਟੀ ਹੈ, ਪਿਛਲੇ ਲੰਮੇ ਸਮੇਂ ਤੋਂ ਮੁੱਖਧਾਰਾ ਦੇ ਸਿਨੇਮਾ ਖੇਤਰ ਵਿੱਚ ਕੰਮ ਕਰਦੀ ਆ ਰਹੀ ਹੈ। ਅਤੇ ਇਸ ਤੋਂ ਪਹਿਲਾਂ ਵੀ ਅਜਿਹੇ ਕਈ ਪ੍ਰਾਜੈਕਟਾਂ ਵਿੱਚ ਕੰਮ ਕਰ ਚੁੱਕੀ ਹੈ। ਸੁਪਿੰਦਰ ਨੇ ਜਿੱਥੇ ਇਹ ਫਿਲਮ ਲਿਖੀ ਹੈ, ਉਥੇ ਇਸ ਵਿੱਚ ਮੁੱਖ ਭੂਮਿਕਾ ਵੀ ਨਿਭਾਈ ਹੈ। ਉਸਨੇ ਦੱਸਿਆ ਕਿ ਕੁਝ ਸਾਲ ਪਹਿਲਾਂ ਜਦੋਂ ਬਰੈਂਪਟਨ ਇਲਾਕੇ ਦੇ ਪੰਜਾਬੀ ਟਰੱਕ ਡਰਾਈਵਰ ਬਾਰ-ਬਾਰ ਡਰੱਗ ਸਮੱਗਲਿੰਗ ਕਰਨ ਦੇ ਮਾਮਲਿਆਂ ਵਿੱਚ ਸੁਰਖੀਆਂ ਵਿੱਚ ਆ ਰਹੇ ਸਨ, ਤਾਂ ਉਸ ਤੋਂ ਬਾਅਦ ਉਸਨੇ ਇੱਕ ਪੰਜਾਬੀ ਪਰਿਵਾਰ ਦੀ ਧੀ ਹੋਣ, ਅਤੇ ਖਾਸ ਕਰਕੇ ਇੱਕ ਡਰਾਇਵਿੰਗ ਸਕੂਲ ਦੇ ਕਿੱਤੇ ਨਾਲ ਸੰਬੰਧਿਤ ਹੋਣ ਕਰਕੇ ਇਸ ਵਿਸ਼ੇ ‘ਤੇ ਇੱਕ ਫਿਲਮ ਬਨਾਉਣ ਬਾਰੇ ਸੋਚਿਆ। ਉਸਨੇ ਖੁਸ਼ੀ ਨਾਲ ਦੱਸਿਆ ਕਿ ਭਾਂਵੇ ਕਿ ਕੁਝ ਅਦਾਰਿਆਂ ਵਲੋਂ ਉਸਨੂੰ ਸਹਿਯੋਗ ਨਹੀਂ ਦਿੱਤਾ ਗਿਆ, ਪਰੰਤੁ ਬਾਅਦ ਵਿੱਚ CBC ਅਤੇ Canada Telefilm ਤੋਂ ਆਰਥਿਕ ਸਹਿਯੋਗ ਮਿਲਣ ਤੋਂ ਬਾਅਦ ਉਨ੍ਹਾਂ ਨੇ ਇਹ ਫਿਲਮ ਬਨਾਉਣ ਦਾ ਬੀੜਾ ਚੁੱਕ ਲਿਆ, ਜਿਸਨੂੰ ਪੂਰਾ ਕਰਨ ਨੂੰ ਉਨ੍ਹਾਂ ਨੂੰ 2 ਸਾਲ ਦਾ ਸਮਾਂ ਲੱਗਾ। ਇਸ ਮੌਕੇ ਇਸ ਫਿਲਮ ਵਿੱਚ ਕੰਮ ਕਰਨ ਵਾਲੇ ਕਈ ਹੋਰ ਕਲਾਕਾਰ ਮੌਜੂਦ ਸਨ, ਜਿਨ੍ਹਾਂ ਵਿੱਚ ਫਿਲਮ ਦੀ ਡਾਇਰੈਕਟਰ ਰੇਨੁਕਾ ਜਿਯਾਪਲਾਨ, ਸੀਨੀਅਰ ਕਲਾਕਾਰ ਬਲਵਿੰਦਰ ਜੌਹਲ ਅਤੇ ਪਹਿਲੀ ਵਾਰ ਫਿਲਮੀ ਪਰਦੇ ‘ਤੇ ਆਉਣ ਵਾਲੇ ਪੰਜਾਬੀ ਕਮਿਉਨਿਟੀ ਵਿੱਚ ਇੱਕ ਬਿਜ਼ਨਸਮੈਨ ਵਜੋਂ ਜਾਣੇ ਜਾਂਦੇ ਸਾਹਿਬ ਰਾਣਾ ਦਾ ਨਾਮ ਵਰਣਨਯੋਗ ਹੈ। ਇਸ ਫਿਲਮ ਨੂੰ ਮੈਡਰੁੱਕ ਐਂਟਰਟੇਨਮੈਂਟ ਵੱਲੋਂ ਪ੍ਰਾਡਿਊਸ ਕੀਤਾ ਗਿਆ ਹੈ। ਫਿਲਮ ਦੀ ਡਾਇਰੈਕਟਰ ਦਾ ਕਹਿਣਾ ਸੀ ਕਿ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਭਾਰਤੀ ਮੂਲ ਦੇ ਕਲਾਕਾਰਾਂ ਨੇ ਇਕੱਠਿਆਂ ਹੋਕੇ ਮੁੱਖਧਾਰਾ ਦੇ ਕਲਾਕਾਰਾਂ ਨੂੰ ਨਾਲ ਲੈਕੇ ਇਸ ਪੱਧਰ ਦਾ ਕੋਈ ਪ੍ਰਾਜੈਕਟ ਤਿਆਰ ਕੀਤਾ ਹੋਵੇ। CBC ਤੇ ਇਸ ਸੀਰੀਜ਼ ਨੂੰ ਦਿਖਾਏ ਜਾਣ ਤੋਂ ਬਾਅਦ ਕੈਨੇਡੀਅਨ ਲੋਕਾਂ ਦਾ ਇਸ ਵਿਸ਼ੇ ਬਾਰੇ ਅਤੇ ਭਾਰਤੀ ਕਲਾਕਾਰਾਂ ਦੀ ਯੋਗਤਾ ਬਾਰੇ ਵਿਚਾਰਧਾਰਾ ਜ਼ਰੂਰ ਬਦਲੇਗੀ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …