ਪੰਜਾਬੀ ਭਾਈਚਾਰੇ ਦੇ ਸਭ ਐਂਮ ਪੀਪੀਜ਼ ਅਤੇ ਸਹਿਯੋਗੀਆਂ ਦਾ ਧੰਨਵਾਦ
ਬਰੈਂਪਟਨ/ਬਿਉਰੋ ਨਿਊਜ਼
ਅੰਟਾਰੀਓ ਸੂਬੇ ਵਿਚ ਰਹਿਣ ਵਾਲੇ ਬਜ਼ੁਰਗਾਂ ਲਈ ਇਹ ਇਕ ਬਹੁਤ ਵਡੀ ਖਬਰ ਹੈ ਕਿ ਲਿਬਰਲ ਸਰਕਾਰ ਨੇ ਉਸ ਲੈਜਿਸਲੇਸ਼ਨ ਨੂੰ ਪਾਸ ਕਰ ਦਿਤਾ ਹੈ ਜਿਸ ਵਾਸਤੇ ਹੈਲਥ ਮਨਿਸਟਰੀ ਪਿਛਲੇ ਦੋ ਸਾਲਾਂ ਤੋਂ ਉਡੀਕ ਕਰ ਰਹੀ ਸੀ। ਇਸ ਨਵੇਂ ਲੈਜਿਸਲੇਸ਼ਨ ਮੁਤਾਬਿਕ ਅੰਟਾਰੀਓ ਡਰੱਗ ਪਲੈਨ ਲਈ ਗਰੀਬੀ ਰੇਖਾ ਨੂੰ ਵਧਾਕੇ 32000 ਅਤੇ 19000 ਡਾਲਰ ਕਰ ਦਿਤਾ ਗਿਆ ਹੈ। ਹੁਣ ਪੰਜਾਬੀ ਭਾਈਚਾਰੇ ਦੇ ਤਕਰੀਬਨ ਸਾਰੇ ਬਜ਼ੁਰਗ ਸਭ ਦੁਆਈਆਂ ਮੁਫਤ ਲੈ ਸਕਣਗੇ। ਇਸ ਤੋਂ ਪਹਿਲਾਂ ਇਹ ਰੇਖਾ ਮੀਆਂ ਬੀਵੀ ਦੀ ਜੁਆਇੰਟ ਆਮਦਣ ਲਈ 24175 ਸੀ ਅਤੇ ਇਕਲੇ ਬਜ਼ੁਰਗ ਲਈ 16018 ਸੀ। ਜਦ ਹੀ ਦੋਨਾਂ ਦੀ ਆਮਦਣ ਇਸ ਨੂੰ ਕਰੌਸ ਕਰਦੀ ਸੀ ਫਿਰ ਉਨ੍ਹਾਂ ਨੂੰ 2 ਡਾਲਰ ਡਰੱਗ ਪਲੈਨ ਵਿਚ ਪਾ ਦਿਤਾ ਜਾਂਦਾ ਸੀ ਜਿਸ ਨਾਲ ਇਕ ਤਾਂ ਹਰ ਦੁਆਈ ਉਪਰ 4 ਡਾਲਰ 11 ਸੈਂਟ ਕੀਮਤ ਦੇਣੀ ਪੈਂਦੀ ਸੀ ਅਤੇ ਦੂਸਰੇ100 ਡਾਲਰ ਦੀ ਦੁਆਈ ਪੁਰੀ ਕੀਮਤ ਉਪਰ ਲੈਣੀ ਹੁੰਦੀ ਸੀ। ਹੈਰਾਨੀ ਇਸ ਗਲ ਦੀ ਸੀ ਕਿ ਇਹ ਰੇਖਾ ਪਿਛਲੇ ਕਈ ਦਹਾਕਿਆਂ ਤੋਂ ਵਧਾਈ ਨਹੀਂ ਸੀ ਗਈ। ਹੁਣ ਵਾਲੀ ਪ੍ਰਾਪਤੀ ਇਹ ਹੈ ਕਿ ਬਜ਼ੁਰਗਾਂ ਦੀ ਕੇਵਲ 2 ਸਾਲਾਂ ਦੀ ਜਦੋ ਜਹਿਦ ਨੇ ਇਹ ਰੰਗ ਲਿਆਦਾ ਹੈ ਕਿ 25 ਸਾਲਾਂ ਦੇ ਵਧ ਸਮੇ ਤੋਂ ਇਕ ਅਣਗਾਉਲੇ ਅਤੇ ਅਵੇਸਲੇ ਪਏ ਤੱਥ ਨੂੰ ਸੁਰਜੀਤ ਕੀਤਾ ਗਿਆ ਹੈ।
2013 ਵਿਚ ਅਜੀਤ ਸਿੰਘ ਰੱਖੜਾ ਨੇ ਇਸ ਅਣਗਾਉਲੀ ਖਾਮੀ ਨੂੰ ਲੋਕਾਂ ਦੀ ਜਾਣਕਾਰੀ ਵਿਚ ਲਿਆਂਦਾ ਸੀ। ਕੈਸਲਮੋਰ ਸੀਨੀਅਰ ਕਲੱਬ ਦੇ ਪਲੇਟਫਾਰਮ ਤੋਂ ਉਸ ਹੈਲਥ ਮਨਿਸਟਰੀ ਨਾਲ ਖਤੋ ਖਤਾਬਿਤ ਸ਼ੁਰੂ ਕੀਤੀ ਸੀ॥ ਫਿਰ ਉਸਨੇ ਅਸੋਸੀਏਸ਼ਨ ਆਫ ਸੀਨੀਅਰਜ਼ ਕਲੱਬ ਦੇ ਪਲੇਟਫਾਰਮ ਤੋਂ ਕੋਸ਼ਿਸ਼ਾ ਜਾਰੀ ਰੱਖੀਆਂ। ਡੀਪਾਰਟਮੈਂਟ ਦੇ ਡਾਇਰੈਕਟਰ ਲਾਨਾ ਸ਼ੇਨਬਮ ਨਾਲ ਲਗਾਤਾਰ ਫਾਲੋਅਪ ਕੀਤਾ। ਉਸਨੇ ਕਿਹਾ ਸੀ ਕਿ ਇਹ ਥ੍ਰੈਸ਼ਹੋਲਡ ਰੀਵਾਈਜ਼ ਹੋਣਾ ਮੰਗਦੀ ਹੈ, ਪਰ ਇਸ ਵਾਸਤੇ ਸਰਕਾਰ ਦਾ ਲੈਜਿਸਲੇਸ਼ਨ ਜਰੂਰੀ ਹੈ। 2014 ਅਤੇ 2015 ਵਿਚ 5 ਤੋਂ ਵਧ ਵਾਰ ਐਮ ਪੀਪੀਜ਼ ਨਾਲ ਮੀਟਿੰਗਾ ਕੀਤੀਆਂ ਜਿਨ੍ਹਾਂ ਵਿਚ ਐਮ ਪੀਪੀ ਅਮ੍ਰਿਤ ਮਾਗਟ, ਜਗਮੀਤ ਸਿੰਘ, ਕੀਲ ਸੀਬੈਕ ਅਤੇ ਵਿਕ ਢਿਲੋਂ ਸ਼ਾਮਲ ਸਨ। ਸਭ ਤੋਂ ਵਧ ਸੰਜੀਦਗੀ ਬੀਬੀ ਅਮ੍ਰਿਤ ਮਾਂਗਟ ਨੇ ਵਿਖਾਈ ਸੀ ਜਿਨ੍ਹਾਂ ਨੇ ਮਨਿਸਟਰੀ ਨਾਲ ਹਰ ਖਤੋਖਤਾਬਿਤ ਦੀ ਇਕ ਕਾਪੀ ਅਜੀਤ ਸਿੰਘ ਰੱਖੜਾ ਨੂੰ ਭੇਜੀ ਸੀ। ਸੋਨੇ ਉਪਰ ਸੁਹਾਗਾ ਉਦੋਂ ਹੋ ਗਿਆ ਜਦ ਲਿਬਰਲ ਸਰਕਾਰ ਕੇਂਦਰ ਵਿਚ ਆ ਗਈ ਅਤੇ ਕਾਰਵਾਈ ਕਰਨ ਨੂੰ ਉਤਸ਼ਾਹ ਮਿਲ ਗਿਆ। ਹਾਲਾਂ ਕੁਝ ਦੇਰ ਪਹਿਲਾਂ ਹੀ,15 ਜਨਵਰੀ, 2016 ਨੂੰ ਬਰਗੇਡੀਅਰ ਨਵਾਬ ਸਿੰਘ ਦੀ ਅਗੁਵਾਈ ਵਿਚ ਇਕ ਹੋਈ ਮੀਟਿੰਗ ਸਮੇ ਨਵੀਂ ਬਣੀ ਐਮ ਪੀਪੀ ਹਰਿੰਦਰ ਮੱਲੀ ਨੂੰ ਇਸ ਸਮਸਿਆ ਬਾਬਤ ਖੋਲ੍ਹਕੇ ਦਸਿਆ ਗਿਆ। ਮਨਿਸਟਰੀ ਨਾਲ ਹੋਈ ਸਾਰੀ ਖਤੋਖਤਾਬਤ ਦੀ ਫਾਈਲ ਰੱਖੜਾ ਸਾਹਿਬ ਨੇ ਉਨ੍ਹਾਂ ਨੂੰ ਦਿਤੀ। ਬੀਬੀ ਮੱਲੀ ਨੇ ਵਾਇਦਾ ਕੀਤਾ ਸੀ ਕਿ ਉਹ ਸੰਸਦ ਵਿਚ ਇਸਦਾ ਨੋਟਿਸ ਜਰੂਰ ਲੈਣਗੇ। ਆਖਿਰ 26 ਫਰਵਰੀ ਨੂੰ ਅਮ੍ਰਿਤ ਮਾਂਗਟ ਨੇ ਪਰਵਾਸੀ ਰੈਡੀਓ ਤੋਂ ਇਹ ਕੜਾਕੇਦਾਰ ਖਬਰ ਦੇ ਦਿਤੀ ਕਿ ਲੈਜਿਸਲੇਸ਼ਨ ਪਾਸ ਕਰ ਦਿਤਾ ਗਿਆ ਹੈ। ਇਸ ਚੰਗੀ ਖਬਰ ਦਾ ਬਹੁਤ ਦੂਰਗਾਮੀ ਅਸਰ ਪਵੇਗਾ। ਬਜ਼ੁਰਗਾਂ ਨੂੰ ਕਈ ਤਰ੍ਹਾਂ ਦੇ ਫਾਇਦੇ ਹੋਣਗੇ। ਗਰੀਬੀ ਰੇਖਾ ਘਟ ਹੋਣ ਕਾਰਣ ਸਾਡੇ ਬਜ਼ੁਰਗ ਸੂਬਾ ਸਰਕਾਰ ਅਤੇ ਸਿਟੀਜ਼ ਵਲੋਂ ਦਿਤੇ ਜਾਂਦੇ ਬਹੁਤ ਸਾਰੇ ਬੈਨੀਫਿਟਸ ਲੈਣ ਵਿਚ ਅਸਮੱਰਥ ਰਹਿੰਦੇ ਸਨ। ਹੁਣ 32000 ਡਾਲਰ ਦੀ ਰੇਖਾ ਅਨੁਸਾਰ ਤਕਰੀਬਨ ਸਭ ਬਜ਼ੁਰਗ ਫਾਇਦੇ ਲੈਣ ਯੋਗ ਹੋ ਜਾਣਗੇ। ਰੱਖੜਾ ਸਾਹਿਬ ਵਲੋਂ ਦੂਸਰੀ ਚੁਕੀ ਹੋਈ ਡੀਮਾਂਡ ਫੈਡਰਲ ਸਰਕਾਰ ਦੇ ਗੋਚਰੇ ਹੈ। ਬਦੇਸ਼ੀ ਆਮਦਣ ਦੀ ਘਟੋ ਘਟ ਰਾਸ਼ੀ ਨਿਸਚਤ ਕੀਤੀ ਜਾਵੇ। ਦੂਸਰੀ, ਇਕ ਲੱਖ ਡਾਲਰ ਤੋਂ ਵਧ ਵਾਲੀ ਜਾਇਦਾਦ ਦੀ ਕੀਮਤ ਰੇਖਾ ਨੂੰ ਉਪਰ ਚੁਕਿਆ ਜਾਵੇ। ਫੈਡਰਲ ਸਰਕਾਰ ਨਾਲ ਇਸ ਬਾਰੇ ਖਤੋਖਤਾਬਿਤ ਚਲ ਰਹੀ ਹੈ। ਤਕਰੀਬਨ ਸਾਰੇ ਐਮ ਪੀ ਸਹਿਮਤ ਹਨ। ਆਸ ਕੀਤੀ ਜਾ ਰਹੀ ਹੈ ਕਿ ਇਹ ਕੰਡਾ ਵੀ ਨਿਕਲ ਜਾਵੇਗਾ। ਜਿਨੀ ਜ਼ਿਆਦਾ ਚਰਚਾ ਲੋਕਾਂ ਵਿਚ ਇਸ ਬਾਰੇ ਹੋਵੇਗੀ ਉਨੀ ਜਲਦੀ ਇਹ ਕੰਮ ਸਿਰੇ ਲਗੇਗਾ। ਕਿਸੇ ਹੋਰ ਜਾਣਕਾਰੀ ਲਈ ਫੋਨ ਹਨ 905 794 7882 ਜਾ 647 609 2633
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …