Breaking News
Home / ਭਾਰਤ / ਸੋਨੇ ਦਾ ਪੇਸਟ ਬਣਾ ਕੇ ਸਮੱਗਲਿੰਗ ਕਰਨ ਦਾ ਨਵਾਂ ਤਰੀਕਾ

ਸੋਨੇ ਦਾ ਪੇਸਟ ਬਣਾ ਕੇ ਸਮੱਗਲਿੰਗ ਕਰਨ ਦਾ ਨਵਾਂ ਤਰੀਕਾ

2ਲਗਾਤਾਰ ਵਧ ਰਹੇ ਹਨ ਸਮੱਗਲਿੰਗ ਦੇ ਮਾਮਲੇ, ਏਅਰਪੋਰਟ ਮੁਲਾਜ਼ਮਾਂ ਨੂੰ ਵੀ ਕੀਤਾ ਜਾ ਰਿਹੈ ਗਿਰੋਹ ‘ਚ ਸ਼ਾਮਲ
ਨਵੀਂ ਦਿੱਲੀ/ਬਿਊਰੋ ਨਿਊਜ਼ : ਸੋਨੇ ਦੀ ਸਮੱਗਲਿੰਗ ਕਰਨ ਵਾਲੇ ਏਅਰਪੋਰਟ ‘ਤੇ ਫੜੇ ਜਾਣ ਤੋਂ ਬਚਣ ਲਈ ਨਵੇਂ-ਨਵੇਂ ਤਰੀਕੇ ਅਪਣਾ ਰਹੇ ਹਨ। ਉਨ੍ਹਾਂ ਨੇ ਸਮੱਗਲਿੰਗ ਦਾ ਇਕ ਨਵਾਂ ਤਰੀਕਾ ਗੋਲਡ ਪੇਸਟ ਬਣਾ ਕੇ ਕੱਢਿਆ ਹੈ। ਹਾਲਾਂਕਿ ਕਈ ਸਮੱਗਲਰਾਂ ਨੂੰ ਫੜ ਲਿਆ ਗਿਆ ਅਤੇ ਉਨ੍ਹਾਂ ਦੀ ਪੋਲ ਖੁੱਲ੍ਹ ਗਈ। ਇਹ ਵੀ ਸਾਹਮਣੇ ਆਇਆ ਹੈ ਕਿ ਗ੍ਰਿਫਤਾਰੀ ਤੋਂ ਬਚਣ ਲਈ ਸਮੱਗਲਰ ਏਅਰਪੋਰਟ ਮੁਲਾਜ਼ਮਾਂ ਨੂੰ ਗਿਰੋਹ ਵਿਚ ਸ਼ਾਮਲ ਕਰ ਰਹੇ ਹਨ। ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ (ਆਈ.ਜੀ.ਆਈ.) ਉਤੇ ਸਾਲ 2018 ਵਿਚ ਸਮੱਗਲਿੰਗ ਵਿਚ ਕਰਮਚਾਰੀਆਂ ਦੇ ਸ਼ਾਮਲ ਹੋਣ ਦੀ ਗੱਲ ਸਾਹਮਣੇ ਆਈ ਹੈ। ਉਥੇ ਹੀ ਅਜਿਹੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ।
ਸੋਨਾ ਇਥੋਂ ਆਉਂਦੈ
ਮੱਧ ਪੂਰਬ ਦੇ ਰਿਆਦ, ਮਸਕਟ, ਆਬੁਧਾਬੀ, ਬੈਂਕਾਕ, ਸਿੰਗਾਪੁਰ ਤੋਂ ਪੇਸਟ ਬਣਾ ਕੇ ਸੋਨਾ ਭਾਰਤ ਆਉਂਦਾ ਹੈ, ਕਿਉਂਕਿ ਇਥੋਂ ਦੀ ਫਲਾਈਟ ਸਸਤੀ ਹੈ। ਅਜਿਹੇ ਵਿਚ ਗਿਰੋਹ ਦੇ ਇਕ ਮੈਂਬਰ ਦੇ ਫੜੇ ਜਾਣ ‘ਤੇ ਪ੍ਰਤੀਕਿਰਿਆ ਦਾ ਸਮਾਂ ਮਿਲਦਾ ਹੈ। ਇਸ ਨਾਲ ਗਿਰੋਹ ਦੇ ਦੂਜੇ ਮੈਂਬਰ ਚੌਕਸ ਹੋ ਜਾਂਦੇ ਹਨ।

ਕਿਵੇਂ ਬਣਾਉਂਦੇ ਹਨ ਸੋਨੇ ਦਾ ਪੇਸਟ
ਕਸਟਮ ਅਧਿਕਾਰੀਆਂ ਮੁਤਾਬਕ ਸੋਨਾ ਸਮੱਗਲਰ ਪਹਿਲਾਂ ਸੋਨੇ ਦਾ ਚੂਰਾ (ਪਾਊਡਰ) ਬਣਾ ਲੈਂਦੇ ਹਨ। ਫਿਰ ਇਸ ਵਿਚ ਮਿੱਟੀ, ਰਸਾਇਣ ਜਾਂ ਫਿਰ ਕੋਈ ਅਸ਼ੁੱਧ ਸਮੱਗਰੀ ਮਿਲਾ ਕੇ ਇਸਦਾ ਗੋਲਡ ਪੇਸਟ ਬਣਾਇਆ ਜਾਂਦਾ ਹੈ। ਰਸਾਇਣ ਦੇ ਸੰਪਰਕ ਵਿਚ ਆਉਣ ਨਾਲ ਇਹ ਗਰਮ ਹੋ ਜਾਂਦਾ ਹੈ। ਜਦੋਂ ਤੱਕ ਇਹ ਪੇਸਟ ਗਰਮ ਰਹਿੰਦਾ ਹੈ ਤਾਂ ਇਸ ਨੂੰ ਕਿਸੇ ਵੀ ਰੂਪ ਵਿਚ ਢਾਲਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਪੇਸਟ ਬਣਨ ਨਾਲ ਇਹ ਪਤਲਾ ਹੋ ਜਾਂਦਾ ਹੈ ਅਤੇ ਮੈਟਲ ਡਿਟੈਕਟਰ ਵਿਚੋਂ ਲੰਘਦੇ ਹੋਏ ਫੜਿਆ ਨਹੀਂ ਜਾਂਦਾ। ਜੇ ਮਿੱਟੀ ਮਿਲਾਈ ਜਾਂਦੀ ਹੈ ਤਾਂ ਬਾਅਦ ਵਿਚ ਇਸ ਨੂੰ ਠੰਡੇ ਪਾਣੀ ਵਿਚ ਪਾ ਕੇ ਸੋਨਾ ਵੱਖ ਕਰ ਲਿਆ ਜਾਂਦਾ ਹੈ। ਕੁਝ ਕੈਮੀਕਲਜ਼ ਅਜਿਹੇ ਹੁੰਦੇ ਹਨ, ਜੋ ਗਰਮ ਕਰਨ ‘ਤੇ ਉਡ ਜਾਂਦੇ ਹਨ, ਜਿਸ ਤੋਂ ਬਾਅਦ ਇਹ ਮੁੜ ਠੋਸ ਰੂਪ ਵਿਚ ਇਸਤੇਮਾਲ ਹੋ ਸਕਦਾ ਹੈ।
ਕਈ ਵਾਰ ਬਚ ਨਿਕਲਦੇ ਹਨ ਅਪਰਾਧੀ
ਸੁਰੱਖਿਆ ਏਜੰਸੀਆਂ ਮੁਤਾਬਕ ਨਸ਼ੀਲੇ ਪਦਾਰਥ ਤੇ ਵਿਦੇਸ਼ੀ ਮੁਦਰਾ ਸਮੱਗਲਿੰਗ ਨਾਲ ਜੁੜੇ ਲੋਕਾਂ ਨੂੰ ਫੜਨਾ ਔਖਾ ਹੁੰਦਾ ਹੈ। ਬੈਗਜ਼ ਤੇ ਬਾਡੀ ਸਕੈਨਿੰਗ ਵਿਚ ਕਈ ਵਾਰ ਇਹ ਲੋਕ ਬਚ ਨਿਕਲਦੇ ਹਨ। ਉਥੇ ਹੀ ਜੇ ਕੋਈ ਆਪਣੇ ਸਰੀਰ ਦੇ ਅੰਦਰ ਲੁਕੋ ਕੇ ਨਸ਼ੀਲੇ ਪਦਾਰਥ ਲਿਆਉਂਦਾ ਹੈ ਤਾਂ ਉਸਦੀ ਸਰਜਰੀ ਲਈ ਉਸ ਨੂੰ ਨੋਟਿਸ ਦੇਣ ਤੋਂ ਬਾਅਦ ਮੈਜਿਸਟ੍ਰੇਟ ਸਾਹਮਣੇ ਪੇਸ਼ ਕਰਨਾ ਪੈਂਦਾ ਹੈ। ਇਸ ਤੋਂ ਬਾਅਦ ਸਰਕਾਰੀ ਹਸਪਤਾਲ ਵਿਚ ਸਰਜਰੀ ਦੀ ਪ੍ਰਕਿਰਿਆ ਬੇਹੱਦ ਲੰਮੀ ਹੈ।
ਸ਼ਿਕੰਜਾ
11 ਦਸੰਬਰ, 2018 ਨੂੰ ਆਈ.ਜੀ.ਆਈ. ਏਅਰ ਪੋਰਟ ਦੇ ਟਰਮੀਨਲ 1 ਤੋਂ ਗੋਲਡ ਪੇਸਟ ਨਾਲ ਇਕ ਵਿਅਕਤੀ ਨੂੰ ਫੜਿਆ। ਦੋਸ਼ੀ ਦੁਬਈ ਤੋਂ ਆਇਆ ਸੀ ਅਤੇ ਮੁੰਬਈ ਜਾਣ ਦੀ ਤਾਕ ਵਿਚ ਸੀ। ਉਸ ਕੋਲੋਂ ਲਗਭਗ 15 ਲੱਖ ਦਾ ਸੋਨਾ ਬਰਾਮਦ ਹੋਇਆ।
14 ਕਰੋੜ ਰੁਪਏ ਦੀ ਕੋਕੀਨ ਜ਼ਬਤ
ਸਾਲ 2018 ਵਿਚ ਨਸ਼ੀਲੇ ਪਦਾਰਥ ਐਕਟ ਤਹਿਤ ਆਈ.ਜੀ.ਆਈ. ਏਅਰਪੋਰਟ ਤੋਂ ਤਿੰਨ ਵਿਦੇਸ਼ੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਨ੍ਹਾਂ ਫੜੇ ਗਏ ਨਾਗਰਿਕਾਂ ਕੋਲੋਂ ਲਗਭਗ 14 ਕਰੋੜ ਰੁਪਏ ਦੀ ਕੋਕੀਨ ਬਰਾਮਦ ਕੀਤੀ ਗਈ।
ਦਰਜ ਮਾਮਲਿਆਂ ਵਿਚ ਵਾਧਾ
ਸਾਲ 2017 ਦੇ ਮੁਕਾਬਲੇ ਸੋਨੇ ਦੀ ਸਮੱਗਲਿੰਗ ਵਿਚ ਦਰਜ ਮਾਮਲਿਆਂ ਵਿਚ ਸਾਲ 2018 ਵਿਚ 58 ਫੀਸਦੀ ਅਤੇ ਵਿਦੇਸ਼ੀ ਮੁਦਰਾ ਦੀ ਸਮੱਗਲਿੰਗ ਵਿਚ 62.85 ਫੀਸਦੀ ਦਾ ਵਾਧਾ ਹੋਇਆ ਹੈ, ਉਥੇ ਹੀ ਫਰਜ਼ੀ ਈ-ਟਿਕਟ ਨਾਲ 2018 ਵਿਚ ਫੜੇ ਗਏ ਲੋਕਾਂ ਦੀ ਗਿਣਤੀ ਲਗਭਗ ਢਾਈ ਗੁਣਾ ਵਧੀ ਹੈ।

Check Also

ਚੋਣ ਕਮਿਸ਼ਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਹੁਲ ਗਾਂਧੀ ਦੇ ਭਾਸ਼ਨਾਂ ’ਤੇ ਲਿਆ ਨੋਟਿਸ

ਭਾਜਪਾ ਅਤੇ ਕਾਂਗਰਸ ਦੇ ਪ੍ਰਧਾਨ ਕੋਲੋਂ 29 ਅਪ੍ਰੈਲ ਤੱਕ ਮੰਗਿਆ ਜਵਾਬ ਨਵੀਂ ਦਿੱਲੀ/ਬਿਊਰੋ ਨਿਊਜ਼ : …