Breaking News
Home / ਭਾਰਤ / ਕਸ਼ਮੀਰ ‘ਚ ਨਫਰਤ ਫੈਲਾਉਣ ਵਾਲੇ ਕਾਮਯਾਬ ਨਹੀਂ ਹੋਣਗੇ : ਮੋਦੀ

ਕਸ਼ਮੀਰ ‘ਚ ਨਫਰਤ ਫੈਲਾਉਣ ਵਾਲੇ ਕਾਮਯਾਬ ਨਹੀਂ ਹੋਣਗੇ : ਮੋਦੀ

‘ਮਨ ਕੀ ਬਾਤ’
ਵਿਕਾਸ ਦੀ ਸ਼ਕਤੀ, ਬੰਬ-ਬੰਦੂਕ ਦੀ ਸ਼ਕਤੀ ‘ਤੇ ਭਾਰੀ ਪੈਂਦੀ ਹੈ ੲ ਚੰਦਰਯਾਨ-2 ਮਿਸ਼ਨ ਤੋਂ ਵਿਸ਼ਵਾਸ ਤੇ ਨਿਡਰਤਾ ਦੀ ਮਿਲਦੀ ਹੈ ਸਿੱਖਿਆ
ਨਵੀਂ ਦਿੱਲੀ : ਜੰਮੂ ਕਸ਼ਮੀਰ ਵਿਚ ਵਿਕਾਸ ਕਾਰਜਾਂ ਵਿਚ ਰੁਕਾਵਟ ਪਾਉਣ ਵਾਲੇ ਤੇ ਉੱਥੇ ਨਫ਼ਰਤ ਫੈਲਾਉਣ ਦੀ ਕੋਸ਼ਿਸ਼ ਕਰਨ ਵਾਲੇ ਕਦੇ ਕਾਮਯਾਬ ਨਹੀਂ ਹੋਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹ ਗੱਲ ਆਪਣੇ ਮਹੀਨਾਵਾਰ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਵਿਚ ਕਹੀ। ਇਹ ਉਨ੍ਹਾਂ ਦੇ ਦੂਜੇ ਕਾਰਜਕਾਲ ਦੀ ਦੂਜੀ ‘ਮਨ ਕੀ ਬਾਤ’ ਸੀ, ਜਿਸ ਵਿਚ ਪ੍ਰਧਾਨ ਮੰਤਰੀ ਨੇ ਜੰਮੂ-ਕਸ਼ਮੀਰ ਵਿਚ ਵਿਕਾਸ ਪ੍ਰੋਗਰਾਮਾਂ ਤੋਂ ਲੈ ਕੇ ਜਲ ਸੰਕਟ, ਮਿਸ਼ਨ ਚੰਰਦਯਾਨ-2 ਤੇ ਜਲ ਨੀਤੀ ਸਮੇਤ ਕਈ ਵਿਸ਼ਿਆਂ ਦਾ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨੇ ਹੜ੍ਹਾਂ ਦੇ ਸੰਕਟ ਨਾਲ ਘਿਰੇ ਲੋਕਾਂ ਨੂੰ ਵੀ ਭਰੋਸਾ ਦਿੰਦਿਆਂ ਕਿਹਾ ਕਿ ਕੇਂਦਰ ਸਰਕਾਰ, ਰਾਜ ਸਰਕਾਰਾਂ ਦੇ ਨਾਲ ਮਿਲ ਕੇ ਸੰਭਵ ਕਦਮ ਚੁੱਕ ਰਹੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਦੱਸਿਆ ਕਿ ‘ਬੈਕ ਟੂ ਵਿਲੇਜ਼’ ਪ੍ਰੋਗਰਾਮ ਤਹਿਤ ਅਧਿਕਾਰੀ ਦੂਰ-ਦੁਰਾਡੇ ਦੇ ਪਿੰਡਾਂ ਵਿਚ ਗਏ, ਜਿੱਥੇ ਪਹੁੰਚਣ ਲਈ ਇਕ-ਡੇਢ ਦਿਨ ਤੱਕ ਪੈਦਲ ਤੁਰਨਾ ਪੈਂਦਾ ਹੈ। ਸ਼ੋਪੀਆਂ, ਪੁਲਵਾਮਾ, ਕੁਲਗਾਮ, ਅਨੰਤਨਾਗ ਦੇ ਪਿੰਡਾਂ ਵਿਚ ਅਧਿਕਾਰੀਆਂ ਦਾ ਸ਼ਾਨਦਾਰ ਸਵਾਗਤ ਹੋਇਆ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਵਿਕਾਸ ਦੀ ਸ਼ਕਤੀ, ਬੰਬ-ਬੰਦੂਕ ਦੀ ਸ਼ਕਤੀ ‘ਤੇ ਭਾਰੀ ਪੈਂਦੀ ਹੈ। ਜੋ ਲੋਕ ਨਫ਼ਰਤ ਫੈਲਾਉਣਾ ਚਾਹੁੰਦੇ ਹਨ, ਉਹ ਕਦੇ ਆਪਣੇ ਮਕਸਦ ਵਿਚ ਕਾਮਯਾਬ ਨਹੀਂ ਹੋ ਸਕਣਗੇ। ਇਸ ਮੌਕੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਵੱਛਤਾ ਮੁਹਿੰਮ ਪੰਜ ਸਾਲ ਪਹਿਲਾਂ ਸ਼ੁਰੂ ਹੋਈ ਤੇ ਹੁਣ ਘਰ-ਘਰ ਦਾ ਸੰਕਲਪ ਬਣ ਚੁੱਕੀ ਹੈ। ਇਹ ਨਹੀਂ ਕਿ ਆਦਰਸ਼ ਸਥਿਤੀ ਹਾਸਲ ਹੋ ਗਈ ਹੈ ਪਰ ਬਹੁਤ ਕੰਮ ਹੋਏ ਤੇ ਬਹੁਤ ਕੁਝ ਹੋਣਾ ਹੈ। ਹੁਣ ਅਸੀਂ ਸਵੱਛਤਾ ਤੋਂ ਲੈ ਕੇ ਸੁੰਦਰਤਾ ਵੱਲ ਕਦਮ ਵਧਾਵਾਂਗੇ। ਇਸ ਸਬੰਧੀ ਉਨ੍ਹਾਂ ਨੇ ਅਮਰੀਕਾ ਤੋਂ ਪਰਤੇ ਇੰਜੀਨੀਅਰ ਯੋਗੇਸ਼ ਸੈਣੀ ਦੀ ਤਾਰੀਫ਼ ਵੀ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਵਾਰ ਅਮਰਨਾਥ ਯਾਤਰਾ ਵਿਚ ਸਭ ਤੋਂ ਜ਼ਿਆਦਾ ਤੀਰਥ ਯਾਤਰੀ ਸ਼ਾਮਿਲ ਹੋਏ ਹਨ।
ਜਲ ਸੁਰੱਖਿਆ ‘ਤੇ ਪਹਿਲਾਂ ਤੋਂ ਚੱਲ ਰਿਹਾ ਹੈ ਕੰਮ
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਜਲ ਸੁਰੱਖਿਆ ਦੇ ਕਈ ਤਰੀਕੇ ਅਪਣਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਰਾਂਚੀ ਤੋਂ ਕੁਝ ਦੂਰ ਓਰਮਾਂਝੀ ਪ੍ਰਖੰਡ ਦੇ ਆਰਾਕੇਰਮ ਪਿੰਡ ਵਿਚ ਜਲ ਪ੍ਰਬੰਧ ਦੀ ਇਸ ਤਰ੍ਹਾਂ ਦੀ ਕੋਸ਼ਿਸ਼ ਕੀਤੀ ਗਈ ਹੈ, ਜੋ ਮਿਸਾਲ ਬਣ ਗਈ ਹੈ। ਪਿੰਡ ਵਾਸੀ ਕੁਦਰਤੀ ਤਰੀਕਿਆਂ ਨਾਲ ਪਾਣੀ ਸੰਭਾਲਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਮੇਘਾਲਿਆ ਜਲ ਨੀਤੀ ਤਿਆਰ ਕਰਨ ਵਾਲਾ ਦੇਸ਼ ਦਾ ਪਹਿਲਾਂ ਸੂਬਾ ਬਣ ਗਿਆ ਹੈ। ਨਾਲ ਹੀ, ਹਰਿਆਣਾ ਵਿਚ ਉਨ੍ਹਾਂ ਫ਼ਸਲਾਂ ਦੀ ਖੇਤੀ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ, ਜਿਨ੍ਹਾਂ ਵਿਚ ਘੱਟ ਪਾਣੀ ਦੀ ਜ਼ਰੂਰਤ ਹੁੰਦੀ ਹੈ।
ਚੰਦਰਯਾਨ-2 ਤੋਂ ਮਿਲੀ ਸਿੱਖਿਆ
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਚੰਦਰਯਾਨ-2 ਮਿਸ਼ਨ ਦੀ ਲਾਂਚਿੰਗ ਨਾਲ ਸਾਨੂੰ ਵਿਸ਼ਵਾਸ ਤੇ ਨਿਡਰਤਾ ਦੀ ਸਿੱਖਿਆ ਮਿਲਦੀ ਹੈ। ਸਾਨੂੰ ਆਪਣੇ ਹੁਨਰ ‘ਤੇ ਵਿਸ਼ਵਾਸ ਕਰਨਾ ਚਾਹੀਦਾ ਹੈ ਤੇ ਆਪਣੀ ਕਾਬਲੀਅਤ ਉਤੇ ਭਰੋਸਾ ਕਰਨਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਹੁਣ ਸਤੰਬਰ ਮਹੀਨੇ ਦੀ ਬੇਸਬਰੀ ਨਾਲ ਉਡੀਕ ਹੈ, ਜਦੋਂ ਲੈਂਡਰ ਵਿਕਰਮ ਤੇ ਰੋਵਰ ਪ੍ਰਗਿਆਨ ਚੰਨ ਦੀ ਸਤ੍ਹਾ ‘ਤੇ ਉੱਤਰਨਗੇ।

Check Also

ਕਰੋਨਾ ਦੇ ਗੰਭੀਰ ਮਾਮਲਿਆਂ ‘ਚ ਭਾਰਤ ਦਾ ਨੰਬਰ ਦੂਜਾ

ਸੰਸਾਰ ਭਰ ‘ਚ ਕਰੋਨਾ ਸਾਢੇ 9 ਲੱਖ ਵਿਅਕਤੀਆਂ ਦੀ ਲੈ ਚੁੱਕਾ ਹੈ ਜਾਨ ਪੰਜਾਬ ‘ਚ …