Breaking News
Home / ਪੰਜਾਬ / ਆਈਪੀਐਸ ਅਫ਼ਸਰ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ

ਆਈਪੀਐਸ ਅਫ਼ਸਰ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ

cxਪੰਜਾਬ ਪੁਲਿਸ ਵਿਚ ਭਰਤੀ ਕਰਵਾਉਣ ਦੇ ਨਾਮ ‘ਤੇ ਲੱਖਾਂ ਰੁਪਏ ਠੱਗਣ ਦਾ ਦੋਸ਼
ਪਟਿਆਲਾ/ਬਿਊਰੋ ਨਿਊਜ਼
ਪੰਜਾਬ ਵਿਜੀਲੈਂਸ ਬਿਊਰੋ ਦੇ ਫਲਾਈਂਗ ਸਕੁਐਡ ਨੇ ਪੰਜਾਬ ਪੁਲਿਸ ਦੇ ਸੀਨੀਅਰ ਆਈਪੀਐਸ ਅਧਿਕਾਰੀ ਮਹਿੰਦਰ ਸਿੰਘ ਤੇਜੀ ਖ਼ਿਲਾਫ਼ ਭ੍ਰਿਸ਼ਟਾਚਾਰ ਦਾ ਕੇਸ ਦਰਜ ਕੀਤਾ ਹੈ। ਇਸ ਅਧਿਕਾਰੀ ਨੇ ਮੁਹਾਲੀ ਦੀ ਅਦਾਲਤ ਵਿੱਚ ਜ਼ਮਾਨਤ ਲਈ ਅਰਜ਼ੀ ਦਿੱਤੀ ਸੀ ਜੋ ਬੀਤੇ ਹਫ਼ਤੇ ਰੱਦ ਹੋਣ ਬਾਅਦ ਉਹ ਫ਼ਰਾਰ ਹੋ ਗਿਆ।
ਹੈਰਾਨੀ ਦੀ ਗੱਲ ਹੈ ਕਿ ਪੰਜਾਬ ਰਾਜ ਪਾਵਰਕੌਮ ਲਿਮਟਿਡ (ਪੀਐਸਪੀਸੀਐਲ) ਵਿੱਚ ਐਸਐਸਪੀ (ਵਿਜੀਲੈਂਸ) ਦੇ ਐਸਐਸਪੀ ਮਹਿੰਦਰ ਸਿੰਘ ਤੇਜੀ ਖ਼ਿਲਾਫ਼ ਇਹ ਕੇਸ 29 ਜੁਲਾਈ ਨੂੰ ਦਰਜ ਕੀਤਾ ਗਿਆ ਹੈ, ਜਦ ਕਿ ਦੋ ਦਿਨ ਬਾਅਦ 31 ਜੁਲਾਈ ਨੂੰ ਉਸ ਨੇ ਸੇਵਾਮੁਕਤ ਹੋਣਾ ਸੀ। ‘ਮਹਿਕਮੇ ਦੀ ਭਾਈਚਾਰਕ ਸਾਂਝ’ ਕਾਰਨ ਇਸ ਕੇਸ ਨੂੰ ਬਹੁਤ ਦਬਾਅ ਕੇ ਰੱਖਿਆ ਗਿਆ ਹੈ।  ਇਸ ਅਧਿਕਾਰੀ ਖ਼ਿਲਾਫ਼ ਪੁਲਿਸ ਵਿੱਚ ਨੌਕਰੀ ਦਿਵਾਉਣ ਦੇ ਨਾਮ ਉਪਰ ਲੱਖਾਂ ਦੀ ਠੱਗੀ ਮਾਰਨ ਦੇ ਦੋਸ਼ ਹੇਠ ਧੋਖਾਧੜੀ, ਸਾਜ਼ਿਸ਼ ਅਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਹੇਠ ਕੇਸ ਦਰਜ ਕੀਤਾ ਗਿਆ ਹੈ। ਇਸ ਕੇਸ ਵਿੱਚ ਉਸ ਦੀ ਰਿਸ਼ਤੇਦਾਰ ਭੋਲਾ ਦੇਵੀ ਖ਼ਿਲਾਫ਼ ਵੀ ਮਾਮਲਾ ਦਰਜ ਕੀਤਾ ਗਿਆ ਹੈ। ਤੇਜੀ ਪੀਪੀਐਸ ਅਧਿਕਾਰੀ ਸੀ ਤੇ 5 ਨਵੰਬਰ 2013 ਵਿੱਚ ਉਸ ਨੂੰ ਆਈਪੀਐਸ ਬਣਾਇਆ ਗਿਆ ਸੀ। ਪੰਜਾਬ ਪੁਲਿਸ ਦੇ ਡੀਜੀਪ ਸੁਰੇਸ਼ ਅਰੋੜਾ ਨੂੰ ਮੁਹਾਲੀ ਦੇ ਸੁਖਵਿੰਦਰ ਸਿੰਘ ਤੇ ਰੋਪੜ ਦੇ ਵਸਨੀਕ ਸਤਵੀਰ ਸਿੰਘ ਤੇ ਅਮਨਪ੍ਰੀਤ ਸਿੰਘ ਨੇ ਸ਼ਿਕਾਇਤ ਕੀਤੀ ਸੀ ਕਿ ਸਾਲ 2012 ਵਿੱਚ ਜਦੋਂ ਤੇਜੀ ਫਿਲੌਰ ਵਿੱਚ ਤਾਇਨਾਤ ਸੀ ਉਦੋਂ ਭੋਲਾ ਦੇਵੀ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਤੇਜੀ ਉਨ੍ਹਾਂ ਨੂੰ ਪੁਲਿਸ ਵਿੱਚ ਨੌਕਰੀਆਂ ਲਗਵਾ ਦੇਵੇਗਾ ਪਰ ਇਸ ਲਈ ਕੁੱਝ ਲੱਖ ਰੁਪਏ ਦੇਣੇ ਪੈਣਗੇ। ਏਆਈਜੀ ਫਲਾਈਂਗ ਸਕੁਐਡ ਸੁਰਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਵਿੱਚ ਏਐਸਆਈ ਲਾਉਣ ਲਈ 12 ਲੱਖ ਰੁਪਏ ਤੇ ਸਿਪਾਹੀ ਲਈ 7 ਲੱਖ ਰੁਪਏ ਵਿੱਚ ਸੌਦਾ ਤੈਅ ਹੋਇਆ। ਸ਼ਿਕਾਇਤਕਰਤਾ ਮੁਤਾਬਕ ਉਨ੍ਹਾਂ ਨੂੰ ਤੇਜੀ ਦੇ ਘਰ ਲਿਜਾਇਆ ਗਿਆ ਜਿਥੇ ਸਤਵੀਰ ਸਿੰਘ ਤੋਂ ਏਐਸਆਈ ਲਾਉਣ ਲਈ ਕਥਿਤ ਤੌਰ ‘ਤੇ ਸਾਢੇ ਤਿੰਨ ਲੱਖ ਰੁਪਏ ਲਏ ਗਏ ਤੇ ਬਾਕੀ ਦੀ ਰਕਮ ਬਾਅਦ ਵਿੱਚ ਕਿਸ਼ਤਾਂ ਵਿੱਚ ਦੇ ਦਿੱਤੀ, ਜਦ ਕਿ ਬਾਕੀ ਦੋਵਾਂ ਨੇ 7-7 ਲੱਖ ਰੁਪਏ ਸਿਪਾਹੀ ਭਰਤੀ ਹੋਣ ਲਈ ਦੇ ਦਿੱਤੇ। ਸ਼ਿਕਾਇਤਕਰਤਾ ਨੇ ਕਿਹਾ ਕਿ ਉਨ੍ਹਾਂ ਨੂੰ ਨਾ ਨੌਕਰੀ ‘ਤੇ ਲਾਇਆ ਗਿਆ ਤੇ ਨਾ ਹੀ ਰੁਪਏ ਮੋੜੇ ਗਏ।

Check Also

ਪੰਜਾਬ ਪੁਲਿਸ ਦੇ ਏਡੀਜੀਪੀ ਗੁਰਿੰਦਰ ਸਿੰਘ ਢਿੱਲੋਂ ਨੇ ਛੱਡੀ ਨੌਕਰੀ

ਕਿਹਾ : ਸਿਹਤ ਠੀਕ ਨਾ ਹੋਣ ਕਰਕੇ ਲਈ ਹੈ ਵੀਆਰਐਸ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਪੁਲਿਸ …