ਦਰਬਾਰ ਸਾਹਿਬ ਦੇ ਬਾਹਰ ਗੂੰਜੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ
ਅੰਮ੍ਰਿਤਸਰ/ਬਿਊਰੋ ਨਿਊਜ਼
ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਵਿਖੇ ਅੱਜ ਘੱਲੂਘਾਰੇ ਦਾ 34ਵਾਂ ਸ਼ਰਧਾਂਜਲੀ ਸਮਾਰੋਹ ਮਨਾਇਆ ਗਿਆ। ਇਸ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕੌਮ ਦੇ ਨਾਂ ਸੰਦੇਸ਼ ਜਾਰੀ ਕੀਤਾ। ਇਸ ਦੌਰਾਨ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਖਾਲਿਸਤਾਨੀ ਸਮਰਥਕਾਂ ਨੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾਏ। ਜਿਸ ਕਾਰਨ ਮਾਹੌਲ ਤਣਾਅਪੂਰਨ ਬਣ ਗਿਆ ਪਰ ਐੱਸ. ਜੀ. ਪੀ. ਸੀ. ਟਾਸਕ ਫੋਰਸ ਅਤੇ ਪੁਲਿਸ ਨੇ ਸਥਿਤੀ ਨੂੰ ਕੰਟਰੋਲ ਕਰ ਲਿਆ। ਸਰਬੱਤ ਖਾਲਸਾ ਦੇ ਜੱਥੇਦਾਰਾਂ ਨੇ ਵੀ ਆਪਣਾ ਸੰਦੇਸ਼ ਕੌਮ ਦੇ ਨਾਂ ਜਾਰੀ ਕੀਤਾ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਦੇ ਸੰਦੇਸ਼ ਨੂੰ ਨਕਾਰ ਦਿੱਤਾ। ਸਰਬੱਤ ਖਾਲਸਾ ਦੇ ਆਗੂਆਂ ਦਾ ਕਹਿਣਾ ਸੀ ਕਿ ਜਿਹੜਾ ਸੰਦੇਸ਼ ਗਿਆਨੀ ਗੁਰਬਚਨ ਸਿੰਘ ਨੇ ਦਿੱਤਾ ਹੈ, ਉਹ ਕੌਮ ਦੇ ਨਕਾਰੇ ਹੋਏ ਜੱਥੇਦਾਰ ਹਨ ਅਤੇ ਉਨ੍ਹਾਂ ਦਾ ਸਿੱਖ ਕੌਮ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਇਸੇ ਦੌਰਾਨ ਗਰਮ ਖ਼ਿਆਲੀਆਂ ‘ਤੇ ਐਸਜੀਪੀਸੀ ਦੀ ਟਾਸਕ ਫੋਰਸ ਵੱਲੋਂ ਕੀਤੇ ਲਾਠੀਚਾਰਜ ਵਿੱਚ ਇੱਕ ਵਿਅਕਤੀ ਜ਼ਖਮੀ ਹੋ ਗਿਆ ਤੇ ਕਈਆਂ ਦੀਆਂ ਦਸਤਾਰਾਂ ਉਤਰ ਗਈਆਂ।

