ਸਾਨ ਫਰਾਂਸਿਸਕੋ : ਅਮਰੀਕਾ ਵਿੱਚ ਸਿੱਖ ਬਜ਼ੁਰਗ ਅਮਰੀਕ ਸਿੰਘ ਬੱਲ ਉਪਰ ਨਸਲੀ ਹਮਲਾ ਕਰਨ ਦੇ ਮਾਮਲੇ ਵਿੱਚ ਜਿਊਰੀ ਨੇ 23 ਸਾਲਾ ਨੌਜਵਾਨ ਨੂੰ ਦੋਸ਼ੀ ਕਰਾਰ ਦਿੱਤਾ ਹੈ। ਇਸਤਾਗਾਸਾ ਵਕੀਲ ਟਿਮੋਥੀ ਡੋਨੋਵਾਨ ਨੇ ਕਿਹਾ ਕਿ ਪਿਛਲੇ ਸਾਲ ਦਸੰਬਰ ਵਿੱਚ ਡੇਨੀਅਲ ਕੋਰੋਨੇਲ ਵਿਲਸਨ ਨੇ ਕੈਲੀਫੋਰਨੀਆ ਦੇ ਫਰਿਜ਼ਨੋ ਇਲਾਕੇ ਵਿੱਚ ਸਿੱਖ ਹੋਣ ਕਾਰਨ ਬੱਲ ਨੂੰ ਅੱਤਵਾਦੀ ਸਮਝ ਕੇ ਉਸ ਉੱਤੇ ਹਮਲਾ ਕਰ ਦਿੱਤਾ ਸੀ। ਇਸ ਦੌਰਾਨ ਵਿਲਸਨ ਨੇ ਸਿੱਖ ਬਜ਼ੁਰਗ ਦੇ ਚਿਹਰੇ ‘ਤੇ ਕਈ ਘਸੁੰਨ ਮਾਰੇ ਤੇ ਉਨ੍ਹਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਜਿਊਰੀ ਨੇ ਕਿਹਾ ਕਿ ਇਹ ਨਫ਼ਰਤੀ ਹਮਲਾ ਸੀ। ਹਮਲਾਵਰ ਨੂੰ ਦੋਸ਼ੀ ਕਰਾਰ ਦੇਣ ਤੋਂ ਪਹਿਲਾਂ ਕਈ ਗਵਾਹੀਆਂ ਲਈਆਂ ਗਈਆਂ ਸਨ। ਇਸ ਮਾਮਲੇ ਵਿੱਚ ਇਕ ਹੋਰ ਮੁਲਜ਼ਮ ਐਲੇਕਸ ਮੈਂਡੋਜ਼ ਵੀ ਸੀ ਪਰ ਉਸ ਨੇ ਇਸ ਸਾਲ ਅਪਰੈਲ ਵਿੱਚ ਖ਼ੁਦਕੁਸ਼ੀ ਕਰ ਲਈ ਸੀ। ਦੋਸ਼ੀ ਦੇ ਵਕੀਲ ਨੇ ਜੱਜ ਜੋਨਾਥਨ ਕੋਨਕਿਨ ਨੂੰ ਅਪੀਲ ਕੀਤੀ ਕਿ ਉਸ ਦੇ ਮੁਵੱਕਿਲ ਨੂੰ ਜ਼ਮਾਨਤ ਦਿੱਤੀ ਜਾਵੇ ਪਰ ਜੱਜ ਨੇ ਇਸ ઠਅਪੀਲ ਨੂੰ ਨਾਮਨਜ਼ੂਰ ਕਰ ਦਿੱਤਾ ਤੇ ਕਿਹਾ ਵਿਲਸਨ ਨੂੰ ਸਜ਼ਾ ਦਾ ਐਲਾਨ 2 ਦਸੰਬਰ ਨੂੰ ਹੋਵੇਗਾ ਤੇ ਉਦੋਂ ਤੱਕ ਉਹ ਜੇਲ੍ਹ ਵਿੱਚ ਹੀ ਰਹੇਗਾ ਤੇ ਉਸ ਨੂੰ ਜ਼ਮਾਨਤ ਵੀ ਨਹੀਂ ਦਿੱਤੀ ਜਾਵੇਗੀ। ਦੋਸ਼ੀ ਨੂੰ ਕਰੀਬ ਅੱਠ ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ।
Check Also
ਆਸਟਰੇਲੀਆ ’ਚ ਹੁਣ ਕਾਮਿਆਂ ਦਾ ਨਹੀਂ ਹੋਵੇਗਾ ਸ਼ੋਸ਼ਣ
ਸ਼ੋਸ਼ਣ ਰੋਕਣ ਲਈ ਆਸਟਰੇਲੀਆ ’ਚ ਨਵਾਂ ਕਾਨੂੰਨ ਹੋਇਆ ਲਾਗੂ ਸਿਡਨੀ/ਬਿਊਰੋ ਨਿਊਜ਼ ਆਸਟਰੇਲੀਆ ਨੇ ਕਾਮਿਆਂ ਦਾ …