ਬੁਰਜ ਖਲੀਫ਼ਾ ’ਤੇ ਤਿਰੰਗੇ ਦੇ ਨਾਲ ਦਿਖੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ
ਪੈਰਿਸ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣਾ ਦੋ ਦਿਨ ਦਾ ਫਰਾਂਸ ਦੌਰਾ ਖਤਮ ਕਰਨ ਤੋਂ ਬਾਅਦ ਸੰਯੁਕਤ ਅਰਬ ਅਮੀਰਾਤ ਪਹੰੁਚ ਗਏ ਹਨ। ਇਥੇ ਉਨ੍ਹਾਂ ਦਾ ਸੇਰੇਮੋਨੀਅਲ ਵੈਲਕਮ ਕੀਤਾ ਗਿਆ। ਯੂਏਈ ਦੇ ਰਾਸ਼ਟਰਪਤੀ ਭਵਨ ‘ਕਸਰ ਅਲ ਵਤਨ’ ’ਚ ਉਨ੍ਹਾਂ ਦਾ ਸਵਾਗਤ ਰਾਸ਼ਟਰਪਤੀ ਮੁਹੰਮਦ ਬਿਨ ਜਾਇਦ ਅਲ ਨਾਹਯਾਨ ਨੇ ਕੀਤਾ। ਇਸ ਦੌਰਾਨ ਰਾਸ਼ਟਰਪਤੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਗੁੱਟ ’ਤੇ ਫਰੈਂਡਸ਼ਿਪ ਬੈਂਡ ਵੀ ਬੰਨ੍ਹਿਆ ਗਿਆ ਅਤੇ ਦੋਵੇਂ ਦੇਸ਼ਾਂ ਦਰਮਿਆਨ ਇਕ ਮੀਟਿੰਗ ਵੀ ਹੋਈ। ਮੀਟਿੰਗ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੋਵੇਂ ਦੇਸ਼ਾਂ ਦੇ ਸਬੰਧ ਪਹਿਲਾਂ ਨਾਲੋਂ ਕਾਫ਼ੀ ਵਧੀਆ ਹੋਏ ਹਨ। ਹਰ ਭਾਰਤੀ ਹੁਣ ਯੂਏਈ ਨੂੰ ਸੱਚੇ ਦੋਸਤ ਦੀ ਤਰ੍ਹਾਂ ਦੇਖਦਾ ਹੈ। ਪ੍ਰਧਾਨ ਮੰਤਰੀ ਮੋਦੀ ਦੇ ਦੌਰੇ ’ਤੇ ਭਾਰਤ ਅਤੇ ਯੂਏਈ ਦਰਮਿਆਨ ਇਕ-ਦੂਜੇ ਦੀ ਕਰੰਸੀ ’ਚ ਵਪਾਰ ਕਰਨ ’ਤੇ ਸਮਝੌਤਾ ਵੀ ਹੋਇਆ। ਇਸ ਤੋਂ ਪਹਿਲਾਂ ਆਬੂਧਾਬੀ ਦੇ ਏਅਰਪੋਰਟ ’ਤੇ ਯੂਏਈ ਦੇ ਕਰਾਊਨ ਪਿ੍ਰੰਸ ਸ਼ੇਖ ਖਾਲਿਦ ਨੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਤੋਂ ਪਹਿਲਾਂ ਰਾਸ਼ਟਰਪਤੀ ਇਮੈਨੁਏਲ ਮੈਂਕਰੋ ਵੱਲੋਂ ਉਨ੍ਹਾਂ ਦੇ ਲਈ ਲੂਵਰ ਮਿਊਜ਼ੀਅਮ ’ਚ ਡਿਨਰ ਹੋਸਟ ਕੀਤਾ ਗਿਆ। ਇਸ ਦੌਰਾਨ ਟੋਸਟ ਰੇਜ਼ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਅਤੇ ਫਰਾਂਸ ਮਿਲ ਕੇ ਦੋਵੇਂ ਦੇਸ਼ਾਂ ਦੀ ਭਲਾਈ ਦੇ ਲਈ ਹੀ ਨਹੀਂ ਬਲਕਿ ਸੰਸਾਰਕ ਸੁਰੱਖਿਆ ਅਤੇ ਸ਼ਾਂਤੀ ’ਚ ਵੀ ਅਹਿਮ ਯੋਗਦਾਨ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਲੰਘੇ ਕੱਲ੍ਹ ਫਰਾਂਸ ਦਾ ਸਰਵਉਚ ਸਨਮਾਨ ਜੋ ਮੈਨੂੰ ਦਿੱਤਾ ਗਿਆ ਹੈ ਇਹ ਮੇਰੇ ਲਈ ਅਤੇ ਸਮੂਹ ਭਾਰਤੀਆਂ ਲਈ ਮਾਣ ਵਾਲੀ ਗੱਲ ਹੈ। ਪਿਛਲੇ 25 ਸਾਲਾਂ ’ਚ ਦੁਨੀਆ ਨੇ ਕਾਫ਼ੀ ਉਤਰਾਅ-ਚੜ੍ਹਾਅ ਦੇਖੇ ਹਨ ਪ੍ਰੰਤੂ ਇਸ ਦੇ ਬਾਵਜੂਦ ਵੀ ਭਾਰਤ ਅਤੇ ਫਰਾਂਸ ਦੀ ਦੋਸਤੀ ਮਜ਼ਬੂਤ ਬਣੀ ਹੋਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਫਰਾਂਸ ਦੌਰੇ ਮੌਕੇ ਭਾਰਤ ਅਤੇ ਫਰਾਂਸ ਦਰਮਿਆਨ 3 ਸਕਾਰਪੀਨ ਕਲਾਸ ਸਬਮਰੀਨ ਅਤੇ ਲੜਾਕੂ ਜਹਾਜ਼ਾਂ ਦੇ ਇੰਜਣ ਮਿਲ ਕੇ ਬਣਾਉਣ ਸਬੰਧੀ ਡੀਲ ਹੋਈ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਫਰਾਂਸ ਦੀ ਨੈਸ਼ਨਲ ਡੇਅ ਪਰੇਡ ’ਚ ਬਤੌਰ ਚੀਫ਼ ਗੈਸਟ ਸ਼ਾਮਲ ਹੋਏ ਅਤੇ ਦੋਵੇਂ ਦੇਸ਼ਾਂ ਵੱਲੋਂ ਜੁਆਇੰਟ ਸਟੇਟਮੈਂਟ ਵੀ ਜਾਰੀ ਕੀਤੀ ਗਈ।