ਯੂਨੀਵਰਸਿਟੀ ਟੈਕਨਾਲੋਜੀ ਮਲੇਸ਼ੀਆ ਦੇ ਵਿਵਾਦਤ ਅਧਿਆਪਨ ਮੋਡਿਊਲ ਦੀ ਨਿੰਦਾ
ਕੁਆਲਾਲੰਪੁਰ/ਬਿਊਰੋ ਨਿਊਜ਼
ਮਲੇਸ਼ੀਆ ਦੀ ਇਕ ਮੋਹਰੀ ਯੂਨੀਵਰਸਿਟੀ ਵੱਲੋਂ ਅਧਿਆਪਨ ਬਾਰੇ ਛਾਪੇ ਦਸਤਾਵੇਜ਼ ਵਿੱਚ ਭਾਰਤੀ ਹਿੰਦੂਆਂ ਨੂੰ ਲਿੱਬੜੇ-ਤਿੱਬੜੇ ਅਤੇ ਸਫ਼ਾਈ ਤੋਂ ਦੂਰ ਰਹਿਣ ਵਾਲੇ ਦਰਸਾ ਕੇ ਵਿਵਾਦ ਛੇੜ ਦਿੱਤਾ ਗਿਆ ਹੈ। ਮੁਸਲਿਮ ਬਹੁ-ਗਿਣਤੀ ਵਾਲੇ ਇਸ ਮੁਲਕ ਦੀ ਯੂਨੀਵਰਸਿਟੀ ਟੈਕਨਾਲੋਜੀ ਮਲੇਸ਼ੀਆ (ਯੂਟੀਐਮ) ਵੱਲੋਂ ਮੋਡਿਊਲ ਨੂੰ ਆਨਲਾਈਨ ਪੋਸਟ ਕੀਤੇ ਜਾਣ ਬਾਅਦ ਵੱਡੇ ਪੱਧਰ ‘ਤੇ ਰੌਲਾ ਪਿਆ ਹੈ।
ਇਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਹਿੰਦੂ ਸਰੀਰ ‘ਤੇ ਮਿੱਟੀ ਮਲਣ ਨੂੰ ਧਾਰਮਿਕ ਰਸਮ ਅਤੇ ਮੋਕਸ਼ ਹਾਸਲ ਕਰਨ ਦਾ ਮਾਰਗ ਮੰਨਦੇ ਹਨ।
ਉਪ ਸਿੱਖਿਆ ਮੰਤਰੀ ਪੀ ਕਮਲਨਾਥਨ ਵੱਲੋਂ ਇਹ ਮੁੱਦਾ ਚੁੱਕੇ ਜਾਣ ਬਾਅਦ ਯੂਨੀਵਰਸਿਟੀ ਨੇ ਕਿਹਾ ਕਿ ਉਹ ਇਸ ਦਸਤਾਵੇਜ਼ ਦਾ ਅਧਿਐਨ ਕਰੇਗੀ। ਭਾਰਤੀ ਭਾਈਚਾਰੇ ਨਾਲ ਸਬੰਧਤ ਕਮਲਨਾਥਨ ਨੇ ਫੇਸਬੁੱਕ ਉਤੇ ਲਿਖਿਆ, ‘ਮੈਂ ਯੂਟੀਐਮ ਦੇ ਉਪ ਕੁਲਪਤੀ ਨਾਲ ਗੱਲਬਾਤ ਕੀਤੀ ਹੈ ਅਤੇ ਉਨ੍ਹਾਂ ਨੇ ਗਲਤੀ ਮੰਨ ਲਈ ਹੈ।’ ਮਲਾਇਆ ਮੇਲ ਆਨਲਾਈਨ ਨੇ ਮੰਤਰੀ ਦੇ ਹਵਾਲੇ ਨਾਲ ਕਿਹਾ ਕਿ ਇਸ ਦਸਤਾਵੇਜ਼ ਵਿੱਚ ਲੋੜੀਂਦੀ ਤਬਦੀਲੀ ਤੁਰੰਤ ਕੀਤੀ ਜਾਵੇਗੀ। ਅਧਿਕਾਰੀ ਉਨ੍ਹਾਂ ਦੇ ਸੁਝਾਅ ਨਾਲ ‘ਪੂਰੀ ਤਰ੍ਹਾਂ ਸਹਿਮਤ’ ਹੋ ਗਏ ਹਨ ਕਿ ਇਸ ਤਰ੍ਹਾਂ ਦੀ ਗਲਤੀ ਦੁਹਰਾਈ ਨਹੀਂ ਜਾਣੀ ਚਾਹੀਦੀ। ਦੱਸਣਯੋਗ ਹੈ ਕਿ ਮਲੇਸ਼ੀਆ ਦੀ 2.80 ਕਰੋੜ ਆਬਾਦੀ ਹੈ, ਜਿਸ ਵਿੱਚੋਂ 60 ਫ਼ੀਸਦ ਮਲਾਇਆ ਦੇ ਮੂਲ ਵਾਸੀ ਹਨ, ਜੋ ਜ਼ਿਆਦਾਤਰ ਮੁਸਲਮਾਨ ਹਨ। 25 ਫ਼ੀਸਦ ਚੀਨੀ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਇਸਾਈ ਅਤੇ ਬੋਧੀ ਹਨ ਅਤੇ ਬਾਕੀ ਅੱਠ ਫ਼ੀਸਦ ਭਾਰਤੀ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਹਿੰਦੂ ਹਨ। ਕਮਲਨਾਥਨ ਨੇ ਕਿਹਾ ਕਿ ਯੂਟੀਐਮ ਦੇ ਦਸਤਾਵੇਜ਼ ਵਿੱਚ ਹਿੰਦੂਆਂ ਨੂੰ ‘ਗੰਦੇ’ ਕਿਹਾ ਗਿਆ ਹੈ, ਜਿਸ ਨਾਲ ਕੌਮਾਂਤਰੀ ਪੱਧਰ ‘ਤੇ ਹਿੰਦੂ ਧਰਮ ਦੇ ਅਕਸ ਨੂੰ ਸੱਟ ਵੱਜੇਗੀ। ਇਸ ਦਸਤਾਵੇਜ਼ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਭਾਰਤ ਵਿੱਚ ਹਿੰਦੂ ਭਾਈਚਾਰੇ ਦੀ ਜ਼ਿੰਦਗੀ ਤੇ ਰਹਿਣ ਸਹਿਣ ਵਿੱਚ ਇਸਲਾਮ ਨੇ ਸੁਧਾਰ ਲਿਆਂਦਾ ਸੀ।
ਭਾਰਤ ਵੱਲੋਂ ਵਿਰੋਧ ਤੋਂ ਬਾਅਦ ਯੂਨੀਵਰਸਿਟੀ ਨੇ ਮੰਗੀ ਮੁਆਫ਼ੀ
ਕੁਆਲਾਲੰਪੁਰ : ਭਾਰਤੀ ਹਾਈ ਕਮਿਸ਼ਨ ਨੇ ਮਲੇਸ਼ੀਆ ਦੀ ਯੂਨੀਵਰਸਿਟੀ ਵੱਲੋਂ ਹਿੰਦੂਆਂ ਬਾਰੇ ਪ੍ਰਕਾਸ਼ਤ ਅਧਿਆਪਨ ਮੋਡਿਊਲ ਦਾ ਵਿਰੋਧ ਕਰਦਿਆਂ ਕਿਹਾ ਕਿ ਇਸ ਨਾਲ ਉਨ੍ਹਾਂ ਦੀ ਨਕਾਰਾਤਮਕ ਅਤੇ ਗਲਤ ਤਸਵੀਰ ਪੇਸ਼ ਕੀਤੀ ਗਈ ਹੈ। ਇਸ ਤੋਂ ਬਾਅਦ ਯੂਨੀਵਰਸਿਟੀ ਨੇ ਮੁਆਫ਼ੀ ਮੰਗ ਲਈ ਹੈ। ਵਾਈਸ ਚਾਂਸਲਰ ਡਾਕਟਰ ਵਾਹਿਦ ਉਮਰ ਨੇ ਕਿਹਾ ਕਿ ਇਸ ਮਾਮਲੇ ਦੀ ਤਹਿਕੀਕਾਤ ਕਰਕੇ ਲੋੜੀਂਦੀ ਕਾਰਵਾਈ ਕੀਤੀ ਜਾਏਗੀ। ਬਿਆਨ ਵਿਚ ਕਿਹਾ ਗਿਆ ਹੈ ਕਿ ਮਲੇਸ਼ੀਆ ਦੇ ਸਿਹਤ, ਸਿੱਖਿਆ ਬਾਰੇ ਉਪ ਮੰਤਰੀ ਅਤੇ ਹੋਰਾਂ ਨੇ ਰਿਪੋਰਟ ਦੀ ਨਿਖੇਧੀ ਕੀਤੀ ਹੈ। ਬਿਆਨ ‘ਚ ਭਰੋਸਾ ਦਿੱਤਾ ਕਿ ਭਵਿੱਖ ਵਿਚ ਅਜਿਹੀ ਕੋਈ ਗਲਤੀ ਨਹੀਂ ਹੋਏਗੀ।
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …