Breaking News
Home / ਭਾਰਤ / ਖੱਟਰ ਨੇ ਹਰਿਆਣਾ ਦੇ ਮੁੱਖ ਮੰਤਰੀ ਤੇ ਦੁਸ਼ਯੰਤ ਨੇ ਉਪ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ

ਖੱਟਰ ਨੇ ਹਰਿਆਣਾ ਦੇ ਮੁੱਖ ਮੰਤਰੀ ਤੇ ਦੁਸ਼ਯੰਤ ਨੇ ਉਪ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ

ਚੰਡੀਗੜ੍ਹ/ਬਿਊਰੋ ਨਿਊਜ਼
ਚੰਡੀਗੜ੍ਹ ਵਿਚ ਐਤਵਾਰ ਨੂੰ ਮਨੋਹਰ ਲਾਲ ਖੱਟਰ ਨੇ ਹਰਿਆਣਾ ਦੇ ਮੁੱਖ ਮੰਤਰੀ ਅਤੇ ਦੁਸ਼ਯੰਤ ਚੌਟਾਲਾ ਨੇ ਉਪ ਮੁੱਖ ਮੰਤਰੀ ਵਜੋਂ ਹਲਫ਼ ਲੈ ਲਿਆ। ਜ਼ਿਕਰਯੋਗ ਹੈ ਕਿ ਹਰਿਆਣਾ ਵਿਚ ਭਾਜਪਾ ਤੇ ਜਨਨਾਇਕ ਜਨਤਾ ਪਾਰਟੀ (ਜਜਪਾ) ਨੇ ਗੱਠਜੋੜ ਕਰਕੇ ਸਰਕਾਰ ਕਾਇਮ ਕੀਤੀ ਹੈ। ਰਾਜਪਾਲ ਸਤਿਆਦਿਓ ਨਰਾਇਣ ਆਰੀਆ ਨੇ ਦੋਵਾਂ ਨੂੰ ਦੀਵਾਲੀ ਵਾਲੇ ਦਿਨ ਇੱਥੇ ਰਾਜ ਭਵਨ ਵਿਚ ਅਹੁਦੇ ਦੀ ਸਹੁੰ ਚੁਕਾਈ। ਖੱਟਰ ਕੈਬਨਿਟ ਦੇ ਹੋਰ ਮੰਤਰੀਆਂ ਦੇ ਕੁਝ ਦਿਨ ਬਾਅਦ ਸਹੁੰ ਚੁੱਕਣ ਦੀ ਸੰਭਾਵਨਾ ਹੈ। ਸਾਬਕਾ ਮੁੱਖ ਮੰਤਰੀ ਤੇ ਕਾਂਗਰਸੀ ਆਗੂ ਭੁਪਿੰਦਰ ਸਿੰਘ ਹੁੱਡਾ, ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ, ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਭਾਜਪਾ ਦੇ ਕੌਮੀ ਕਾਰਜਕਾਰੀ ਪ੍ਰਧਾਨ ਜੇ.ਪੀ. ਨੱਢਾ ਵੀ ਇਸ ਮੌਕੇ ਹਾਜ਼ਰ ਸਨ। ਤਿਹਾੜ ਜੇਲ੍ਹ ਵਿਚੋਂ ਫਰਲੋ ‘ਤੇ ਬਾਹਰ ਆਏ ਦੁਸ਼ਯੰਤ ਦੇ ਪਿਤਾ ਅਜੈ ਚੌਟਾਲਾ ਤੇ ਵਿਧਾਇਕ ਚੁਣੀ ਗਈ ਮਾਂ ਨੈਨਾ ਚੌਟਾਲਾ ਵੀ ਇਸ ਮੌਕੇ ਹਾਜ਼ਰ ਸਨ। ਜਦਕਿ ਦੁਸ਼ਯੰਤ ਦੇ ਚਾਚਾ ਅਭੈ ਸਿੰਘ ਚੌਟਾਲਾ ਜੋ ਕਿ ਉਨ੍ਹਾਂ ਦੇ ਪਰਿਵਾਰ ਨਾਲ ਨਾਰਾਜ਼ ਚੱਲ ਰਹੇ ਹਨ, ਨੇ ਸਹੁੰ ਚੁੱਕ ਸਮਾਗਮ ਵਿਚ ਸ਼ਿਰਕਤ ਨਹੀਂ ਕੀਤੀ। ਹੋਰਨਾਂ ਤੋਂ ਇਲਾਵਾ ਇਸ ਮੌਕੇ ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ, ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ, ਕ੍ਰਿਸ਼ਨ ਪਾਲ ਗੁੱਜਰ, ਆਰ.ਐਲ. ਕਟਾਰੀਆ, ਉਤਰਾਖੰਡ ਦੇ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਤੇ ਹਿਮਾਚਲ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਵੀ ਹਾਜ਼ਰ ਸਨ। ਖੱਟਰ (65) ਤੇ ਦੁਸ਼ਯੰਤ (31) ਨੇ ਹਿੰਦੀ ਵਿਚ ਸਹੁੰ ਚੁੱਕੀ। ਹਲਫ਼ ਲੈਣ ਤੋਂ ਬਾਅਦ ਦੋਵਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਗੱਠਜੋੜ ਸਥਿਰ ਸਰਕਾਰ ਦੇਵੇਗਾ।
ਸਾਬਕਾ ਉਪ ਪ੍ਰਧਾਨ ਮੰਤਰੀ ਦੇਵੀ ਲਾਲ ਦੇ ਪੜਪੋਤੇ ਦੁਸ਼ਯੰਤ ਨੇ ਕਿਹਾ ਕਿ ਸਰਕਾਰ ਸਮਾਜ ਦੇ ਸਾਰੇ ਵਰਗਾਂ ਦੀ ਭਲਾਈ ਲਈ ਕੰਮ ਕਰੇਗੀ। ਅਜੈ ਚੌਟਾਲਾ ਨੇ ਇਸ ਮੌਕੇ ਕਿਹਾ ਕਿ ਉਹ ਮਾਣ ਮਹਿਸੂਸ ਕਰ ਰਹੇ ਹਨ ਕਿ ਹੁਣ ਉਹ ਲੋਕਾਂ ‘ਚ ‘ਦੁਸ਼ਯੰਤ ਦੇ ਪਿਤਾ ਵਜੋਂ ਜਾਣੇ ਜਾਣਗੇ।’ ਸਾਬਕਾ ਸੰਸਦ ਮੈਂਬਰ ਨੇ ਕਿਹਾ ਕਿ ਯਕੀਨ ਨਹੀਂ ਹੋ ਰਿਹਾ ਕਿ ਦੁਸ਼ਯੰਤ ਨੇ ਸਿਰਫ਼ 10 ਮਹੀਨਿਆਂ ਵਿਚ ਪਾਰਟੀ ਖੜ੍ਹੀ ਕੀਤੀ ਤੇ ਧੁਨੰਤਰਾਂ ਨੂੰ ਹਰਾਉਣ ਵਿਚ ਕਾਮਯਾਬੀ ਹਾਸਲ ਕੀਤੀ। ਹਾਲਾਂਕਿ ਉਨ੍ਹਾਂ ਨਾਲ ਹੀ ਕਿਹਾ ਕਿ ਦੁਸ਼ਯੰਤ ਹਰ ਫ਼ੈਸਲਾ ਲੈਣ ਤੋਂ ਪਹਿਲਾਂ ਸੁਝਾਅ ਵੀ ਉਨ੍ਹਾਂ ਕੋਲੋਂ ਲੈਂਦੇ ਰਹੇ। ਦੱਸਣਯੋਗ ਹੈ ਕਿ ਅਜੈ ਤੇ ਓਮ ਪ੍ਰਕਾਸ਼ ਚੌਟਾਲਾ ਅਧਿਆਪਕ ਭਰਤੀ ਘੁਟਾਲਾ ਮਾਮਲੇ ‘ਚ ਸਜ਼ਾ ਭੁਗਤ ਰਹੇ ਹਨ। ਅਜੈ ਚੌਟਾਲਾ ਨੇ ਕਿਹਾ ਕਿ ਗੱਠਜੋੜ ਦੀ ਮਜ਼ਬੂਤੀ ਬਾਰੇ ਕਾਂਗਰਸ ਚਾਹੇ ਜੋ ਮਰਜ਼ੀ ਵਿਚਾਰ ਰੱਖ ਸਕਦੀ ਹੈ ਪਰ ਇਹ ਹਰ ਹਾਲ ਕੰਮ ਕਰੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੱਟਰ ਤੇ ਦੁਸ਼ਯੰਤ ਨੂੰ ਵਧਾਈ ਦਿੱਤੀ ਹੈ। ਜਜਪਾ ਵੱਲੋਂ ਭਾਜਪਾ ਨੂੰ ਸਮਰਥਨ ਦੇਣ ਦੇ ਮਾਮਲੇ ‘ਤੇ ਦੁਸ਼ਯੰਤ ਨੇ ਕਿਹਾ ਕਿ ਉਨ੍ਹਾਂ ਨੇ ਭਾਜਪਾ ਤੇ ਕਾਂਗਰਸ ਲਈ ਵੋਟਾਂ ਨਹੀਂ ਮੰਗੀਆਂ।

Check Also

ਅਰਵਿੰਦ ਕੇਜਰੀਵਾਲ ਦੀ ਈਡੀ ਕਸਟਡੀ 1 ਅਪ੍ਰੈਲ ਤੱਕ ਵਧੀ

ਸ਼ਰਾਬ ਨੀਤੀ ਮਾਮਲੇ ’ਚ ਲੰਘੀ 21 ਮਾਰਚ ਨੂੰ ਕੀਤਾ ਗਿਆ ਸੀ ਗਿ੍ਰਫ਼ਤਾਰ ਨਵੀਂ ਦਿੱਲੀ/ਬਿਊਰੋ ਨਿਊਜ਼ …