
ਮਰੀਅਮ ਸ਼ਰੀਫ਼ ਨੇ ਕਿਹਾ ਕਿ ਜੇਲ੍ਹ ਦੇ ਬਾਥਰੂਮ ‘ਚ ਵੀ ਲਗਵਾਏ ਕੈਮਰੇ
ਇਸਲਾਮਾਬਾਦ/ਬਿਊਰੋ ਨਿਊਜ਼
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੀ ਬੇਟੀ ਮਰੀਅਮ ਨੇ ਇਮਰਾਨ ਖਾਨ ਸਰਕਾਰ ‘ਤੇ ਬੇਹੱਦ ਗੰਭੀਰ ਆਰੋਪ ਲਗਾਏ ਹਨ। ਮਰੀਅਮ ਨੇ ਕਿਹਾ ਕਿ ਜਦੋਂ ਮੈਂ ਜੇਲ੍ਹ ‘ਚ ਸੀ ਤਾਂ ਉਥੋਂ ਦੇ ਪ੍ਰਸ਼ਾਸਨ ਨੇ ਮੇਰੀ ਬੈਰਕ ਦੇ ਬਾਥਰੂਮ ‘ਚ ਵੀ ਕੈਮਰੇ ਲਗਵਾ ਦਿੱਤੇ ਸਨ। ਉਨ੍ਹਾਂ ਕਿਹਾ ਕਿ ਇਹ ਇਕ ਮਹਿਲਾ ਦਾ ਅਪਮਾਨ ਹੈ। ਮਰੀਅਮ ਪਾਕਿਸਤਾਨ ਮੁਸਲਿਮ ਲੀਗ ਦੀ ਵਾਈਸ ਪ੍ਰਧਾਨ ਅਤੇ ਸੰਸਦ ਮੈਂਬਰ ਵੀ ਹੈ। ਇਥੇ ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਫੌਜ ਅਤੇ ਆਈਐਸਆਈ ਦੇ ਅਫ਼ਸਰ ਕਰਾਚੀ ‘ਚ ਉਨ੍ਹਾਂ ਦੇ ਹੋਟਲ ਦੇ ਕਮਰੇ ‘ਚ ਜਬਰਦਸਤੀ ਦਾਖਲ ਹੋ ਗਏ ਸਨ ਅਤੇ ਮਰੀਅਮ ਦੇ ਪਤੀ ਨੂੰ ਗ੍ਰਿਫ਼ਤਾਰ ਕਰਕੇ ਲੈ ਗਏ ਸਨ। ਮਰੀਅਮ ਨੇ ਅੱਗੇ ਕਿਹਾ ਕਿ ਇਹ ਕਿਸ ਤਰ੍ਹਾਂ ਦੀ ਸਰਕਾਰ ਹੈ? ਇਕ ਮਹਿਲਾ ਨੂੰ ਉਸ ਦੇ ਪਤੀ ਦੇ ਸਾਹਮਣੇ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਸ ਨਾਲ ਬਦਤਮੀਜ਼ੀ ਕੀਤੀ ਗਈ। ਉਨ੍ਹਾਂ ਕਿਹਾ ਕਿ ਜੇਕਰ ਇਕ ਪ੍ਰਧਾਨ ਮੰਤਰੀ ਦੀ ਬੇਟੀ ਹੀ ਸੁਰੱਖਿਅਤ ਨਹੀਂ ਤਾਂ ਪਾਕਿਸਤਾਨ ‘ਚ ਹੋਰ ਮਹਿਲਾਵਾਂ ਕਿੱਥੋਂ ਸੁਰੱਖਿਤ ਹੋਣਗੀਆਂ।