ਸੁਖਜਿੰਦਰ ਰੰਧਾਵਾ ਨੂੰ ਉਪ ਮੁੱਖ ਮੰਤਰੀ ਤੇ ਰਮਨਜੀਤ ਸਿੱਕੀ ਨੂੰ ਮੰਤਰੀ ਬਣਾਉਣ ਦਾ ਕੀਤਾ ਐਲਾਨ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ’ਚ ਕਾਂਗਰਸ ਦਾ ਮੁੱਖ ਮੰਤਰੀ ਚਿਹਰਾ ਬਣਾਏ ਜਾਣ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਨਵੀਂ ਸਰਕਾਰ ਬਣਾਉਣ ਦੇ ਲਈ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੇ ਹਨ। ਕਿਉਂਕਿ ਚੰਨੀ ਚੋਣ ਪ੍ਰਚਾਰ ਦੌਰਾਨ ਉਮੀਦਵਾਰਾਂ ਨੂੰ ਅਹੁਦੇ ਵੀ ਵੰਡਣ ਲੱਗ ਪਏ ਹਨ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਡੇਰਾ ਬਾਬਾ ਨਾਨਕ ਅਤੇ ਖਡੂਰ ਸਾਹਿਬ ’ਚ ਚੋਣ ਪ੍ਰਚਾਰ ਕਰਦੇ ਸਮੇਂ ਸੁਖਜਿੰਦਰ ਸਿੰਘ ਰੰਧਾਵਾ ਨੂੰ ਦੁਬਾਰਾ ਉਪ ਮੁੱਖ ਮੰਤਰੀ ਦਾ ਐਲਾਨ ਕਰ ਦਿੱਤਾ। ਇਸੇ ਤਰ੍ਹਾਂ ਖਡੂਰ ਸਾਹਿਬ ਵਿਖੇ ਚੋਣ ਕਰਦੇ ਸਮੇਂ ਉਨ੍ਹਾਂ ਕਾਂਗਰਸੀ ਉਮੀਦਵਾਰ ਰਮਨਜੀਤ ਸਿੱਕੀ ਨੂੰ ਮੰਤਰੀ ਬਣਾਉਣ ਦੀ ਗੱਲ ਕਹਿ ਦਿੱਤਾ। ਡੇਰਾ ਬਾਬਾ ਨਾਨਕ ’ਚ ਚੰਨੀ ਵੱਲੋਂ ਰੰਧਾਵਾ ਦੀ ਰੱਜ ਕੇ ਤਾਰੀਫ਼ ਕੀਤੀ ਗਈ। ਉਨ੍ਹਾਂ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜੇਕਰ ਤੁਸੀਂ ਕਾਂਗਰਸ ਅਤੇ ਆਮ ਆਦਮੀ ਨੂੰ ਵੋਟ ਪਾਓਗੇ ਤਾਂ ਤੁਸੀਂ ਸਿਰਫ਼ ਐਮ ਐਲ ਏ ਚੁਣੋਗੇ। ਜੇਕਰ ਤੁਸੀਂ ਇਥੋਂ ਸੁਖਜਿੰਦਰ ਸਿੰਘ ਰੰਧਾਵਾ ਨੂੰ ਜਿਤਾਇਆ ਤਾਂ ਤੁਸੀਂ ਡਿਪਟੀ ਸੀਐਮ ਚੁਣੋਗੇ। ਇਸ ਮੌਕੇ ਚੰਨੀ ਵੱਲੋਂ ਡਰੱਗ ਮਾਮਲੇ ’ਚ ਘਿਰੇ ਬਿਕਰਮ ਸਿੰਘ ਮਜੀਠੀਆ ’ਤੇ ਵੀ ਤਿੱਖੇ ਹਮਲੇ ਕੀਤੇ ਗਏ।