ਹਾਈਕੋਰਟ ਨੇ ਕਿਹਾ, ਪਟੀਸ਼ਨ ਦਾਇਰ ਕਰਨ ਸਮੇਂ ਪਹਿਲਾਂ ਸੋਚੋ
ਚੰਡੀਗੜ੍ਹ/ਬਿਊਰੋ ਨਿਊਜ਼
ਡੇਰਾ ਸੱਚਾ ਸੌਦਾ ਸਿਰਸਾ ਦਾ ਮੁਖੀ ਗੁਰਮੀਤ ਰਾਮ ਰਹੀਮ ਅਸਲੀ ਹੈ ਜਾਂ ਨਕਲੀ ਵਾਲੀ ਪਟੀਸ਼ਨ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਖਾਰਜ ਕਰ ਦਿੱਤੀ ਹੈ। ਸੁਣਵਾਈ ਦੌਰਾਨ ਹਾਈਕੋਰਟ ਨੇ ਸਖਤ ਰੁਖ ਦਿਖਾਇਆ। ਹਾਈਕੋਰਟ ਨੇ ਪਟੀਸ਼ਨ ਦਾਇਰ ਕਰਨ ਵਾਲੇ ਡੇਰਾ ਸ਼ਰਧਾਲੂਆਂ ਨੂੰ ਫਟਕਾਰ ਵੀ ਲਗਾਈ। ਉਨ੍ਹਾਂ ਕਿਹਾ ਕਿ ਇਹ ਕੋਈ ਫਿਲਮ ਨਹੀਂ ਚੱਲ ਰਹੀ ਅਤੇ ਹਾਈਕੋਰਟ ਅਜਿਹੇ ਮਾਮਲਿਆਂ ਦੀ ਸੁਣਵਾਈ ਲਈ ਨਹੀਂ ਹੈ। ਲੱਗਦਾ ਹੈ ਕਿ ਤੁਸੀਂ ਕੋਈ ਫਿਕਸ਼ਨਲ ਮੂਵੀ ਦੇਖ ਲਈ ਹੈ। ਹਾਈਕੋਰਟ ਨੇ ਕਿਹਾ ਕਿ ਪਟੀਸ਼ਨ ਦਾਖਲ ਕਰਨ ਸਮੇਂ ਦਿਮਾਗ ਤੋਂ ਕੰਮ ਲੈਣਾ ਚਾਹੀਦਾ ਹੈ। ਅਸਲ ਵਿਚ ਚੰਡੀਗੜ੍ਹ, ਪੰਚਕੂਲਾ ਅਤੇ ਅੰਬਾਲਾ ਦੇ ਕੁਝ ਡੇਰਾ ਸ਼ਰਧਾਲੂਆਂ ਨੇ ਹਾਈਕੋਰਟ ਵਿਚ ਅਰਜ਼ੀ ਦਾਇਰ ਕੀਤੀ ਸੀ, ਜਿਸ ਵਿਚ ਖਦਸ਼ਾ ਜ਼ਾਹਰ ਕੀਤਾ ਗਿਆ ਸੀ ਕਿ ਉਤਰ ਪ੍ਰਦੇਸ਼ ਦੇ ਬਾਗਵਤ ਵਿਚਾਲੇ ਆਸ਼ਰਮ ਵਿਚ ਪਹੁੰਚਿਆ ਰਾਮ ਰਹੀਮ ਬਹੂਰੂਪੀਆ ਹੈ, ਜਿਸ ਦੇ ਹਾਵ-ਭਾਵ ਅਸਲੀ ਰਾਮ ਰਹੀਮ ਵਰਗੇ ਨਹੀਂ ਹਨ। ਉਧਰ ਦੂਜੇ ਪਾਸੇ ਡੇਰਾ ਸਿਰਸਾ ਦੇ ਪ੍ਰਬੰਧਕਾਂ ਨੇ ਇਸ ਨੂੰ ਸ਼ਰਧਾਲੂਆਂ ਨੂੰ ਗੁੰਮਰਾਹ ਕਰਨ ਦੀ ਸਾਜਿਸ਼ ਦੱਸਿਆ ਹੈ। ਜ਼ਿਕਰਯੋਗ ਹੈ ਕਿ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਜਬਰ ਜਨਾਹ ਦੇ ਮਾਮਲੇ ਵਿਚ ਰੋਹਤਕ ਦੀ ਸੋਨਾਰੀਆ ਜੇਲ੍ਹ ਵਿਚ ਬੰਦ ਹੈ ਅਤੇ ਉਹ ਅੱਜ ਕੱਲ੍ਹ ਪੈਰੋਲ ’ਤੇ ਬਾਹਰ ਆਇਆ ਹੋਇਆ ਹੈ।