26.4 C
Toronto
Thursday, September 18, 2025
spot_img
Homeਪੰਜਾਬਮੁਹਾਲੀ ਵਿੱਚ ਅਕਾਲੀ ਆਗੂਆਂ ਵਿਚਾਲੇ ਧੜੇਬੰਦੀ ਉਭਰੀ

ਮੁਹਾਲੀ ਵਿੱਚ ਅਕਾਲੀ ਆਗੂਆਂ ਵਿਚਾਲੇ ਧੜੇਬੰਦੀ ਉਭਰੀ

ਗੁਰਦੁਆਰਾ ਅੰਬ ਸਾਹਿਬ ਵਿਖੇ ਦਲਜੀਤ ਸਿੰਘ ਚੀਮਾ ਤੇ ਪ੍ਰੇਮ ਸਿੰਘ ਚੰਦੂਮਾਜਰਾ ਨੇ ਵੱਖੋ-ਵੱਖ ਸਮਾਗਮ ਕੀਤੇ
ਮੁਹਾਲੀ/ਬਿਊਰੋ ਨਿਊਜ਼ : ਦੇਸ਼ ਦੀ ਵੰਡ ਵੇਲੇ ਸ਼ਹੀਦ ਹੋਏ ਸੂਰਬੀਰ ਯੋਧਿਆਂ ਨੂੰ ਸ਼ਰਧਾਂਜਲੀ ਦੇਣ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਦੀ ਧੜੇਬੰਦੀ ਜੱਗ ਜ਼ਾਹਿਰ ਹੋ ਗਈ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਅਰਦਾਸ ਸਮਾਗਮ ਕਰਵਾਉਣ ਦੇ ਆਦੇਸ਼ ਦਿੱਤੇ ਸਨ ਜਿਸ ਦੇ ਮੱਦੇਨਜ਼ਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਵੱਲੋਂ ਇੱਥੋਂ ਦੇ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਵਿਖੇ ਵੱਖ-ਵੱਖਰੇ ਸਮਾਗਮ ਕਰਵਾਏ ਗਏ।
ਇਕ ਸਮਾਗਮ ਦੀ ਅਗਵਾਈ ਦਲਜੀਤ ਸਿੰਘ ਚੀਮਾ ਜਦਕਿ ਦੂਜੇ ਦੀ ਅਗਵਾਈ ਪ੍ਰੇਮ ਸਿੰਘ ਚੰਦੂਮਾਜਰਾ ਨੇ ਕੀਤੀ। ਗੁਰਦੁਆਰਾ ਅੰਬ ਸਾਹਿਬ ਵਿਚ ਜਥੇਦਾਰ ਦੇ ਹੁਕਮ ਅਨੁਸਾਰ 15 ਅਗਸਤ 1947 ਨੂੰ ਦੇਸ਼ ਵੰਡ ਦੌਰਾਨ ਹੋਈ ਹਿੰਸਾ ਵਿੱਚ ਜਾਨਾਂ ਗਵਾਉਣ ਵਾਲੇ 10 ਲੱਖ ਮਾਸੂਮ ਬੱਚੇ-ਬੱਚੀਆਂ, ਬੀਬੀਆਂ, ਨੌਜਵਾਨਾਂ ਅਤੇ ਬਜ਼ੁਰਗਾਂ ਦੀ ਯਾਦ ਵਿੱਚ ਅਰਦਾਸ ਕੀਤੀ ਗਈ।
ਇਸ ਮੌਕੇ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ, ਐਸਜੀਪੀਸੀ ਮੈਂਬਰ ਪਰਮਜੀਤ ਕੌਰ ਲਾਂਡਰਾਂ ਤੇ ਅਜਮੇਰ ਸਿੰਘ ਖੇੜਾ, ਅਕਾਲੀ ਦਲ ਦੇ ਹਲਕਾ ਇੰਚਾਰਜ ਪਰਵਿੰਦਰ ਸਿੰਘ ਬੈਦਵਾਣ, ਅਕਾਲੀ ਦਲ ਚੰਡੀਗੜ੍ਹ ਦੇ ਪ੍ਰਧਾਨ ਹਰਦੀਪ ਸਿੰਘ, ਮਹਿਲਾ ਅਕਾਲੀ ਦਲ ਦੀ ਜ਼ਿਲ੍ਹਾ ਪ੍ਰਧਾਨ ਕੁਲਦੀਪ ਕੌਰ ਕੰਗ ਨੇ ਸ਼ਿਰਕਤ ਕੀਤੀ। ਇਸ ਮੌਕੇ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ 1947 ਦੀ ਵੰਡ ਦੌਰਾਨ ਲੱਖਾਂ ਪੰਜਾਬੀਆਂ ਨੂੰ ਬੇਰਹਿਮੀ ਨਾਲ ਕਤਲ ਕੀਤਾ ਗਿਆ ਪਰ ਉਨ੍ਹਾਂ ਨੂੰ ਕੋਈ ਯਾਦ ਨਹੀਂ ਕਰਦਾ।
ਇਸ ਤੋਂ ਪਹਿਲਾਂ ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਦੀ ਅਗਵਾਈ ਹੇਠ ਅਕਾਲੀ ਦਲ ਦੇ ਵੱਖਰੇ ਧੜੇ ਨੇ ਅਰਦਾਸ ਸਮਾਗਮ ਕੀਤਾ ਜਿਸ ਵਿੱਚ ਸਿਮਰਨਜੀਤ ਸਿੰਘ ਚੰਦੂਮਾਜਰਾ, ਜ਼ਿਲ੍ਹਾ ਪ੍ਰਧਾਨ ਚਰਨਜੀਤ ਸਿੰਘ ਕਾਲੇਵਾਲ, ਜ਼ਿਲ੍ਹਾ ਸ਼ਹਿਰੀ ਪ੍ਰਧਾਨ ਕਮਲਜੀਤ ਸਿੰਘ ਰੂਬੀ, ਸਰਬਜੀਤ ਸਿੰਘ ਪਾਰਸ, ਗੁਰਪ੍ਰਤਾਪ ਸਿੰਘ ਬੜੀ, ਕਮਲਜੀਤ ਸਿੰਘ ਬੈਦਵਾਣ, ਗੁਰਮੀਤ ਸਿੰਘ ਸ਼ਾਮਪੁਰ, ਬਲਜਿੰਦਰ ਸਿੰਘ ਗੋਬਿੰਦਗੜ੍ਹ, ਹਰਵਿੰਦਰ ਸਿੰਘ ਪੱਤੋ, ਜਸਵੀਰ ਸਿੰਘ, ਹਰਪਾਲ ਸਿੰਘ ਬਠਲਾਣਾ ਮੌਜੂਦ ਸਨ।
ਇਸ ਮੌਕੇ ਚੰਦੂਮਾਜਰਾ ਨੇ ਕਿਹਾ ਕਿ ਦੇਸ਼ ਦੇ ਆਜ਼ਾਦੀ ਅੰਦੋਲਨ ਵਿੱਚ ਸਭ ਤੋਂ ਵੱਧ ਯੋਗਦਾਨ ਪੰਜਾਬੀਆਂ ਖਾਸ ਕਰਕੇ ਸਿੱਖਾਂ ਨੇ ਪਾਇਆ ਅਤੇ ਸਭ ਤੋਂ ਵੱਧ ਕੁਰਬਾਨੀਆਂ ਵੀ ਸਿੱਖਾਂ ਨੇ ਦਿੱਤੀਆਂ।

 

RELATED ARTICLES
POPULAR POSTS