ਚੰਨੀ ਨੇ ਯੂਕਰੇਨ ’ਚੋਂ ਪੰਜਾਬੀਆਂ ਨੂੰ ਸੁਰੱਖਿਅਤ ਕੱਢਣ ਲਈ ਪ੍ਰਧਾਨ ਮੰਤਰੀ ਨੂੰ ਕੀਤੀ ਅਪੀਲ
ਚੰਡੀਗੜ੍ਹ/ਬਿਊਰੋ ਨਿਊਜ਼
ਯੂਕਰੇਨ ’ਤੇ ਰੂਸ ਦੇ ਹਮਲੇ ਤੋਂ ਬਾਅਦ ਪੰਜਾਬ ’ਚ ਟੈਨਸ਼ਨ ਵਧ ਗਈ ਹੈ ਕਿਉਂਕਿ ਯੂਕਰੇਨ ਵਿਚ ਵੱਡੀ ਗਿਣਤੀ ’ਚ ਪੰਜਾਬੀ ਵਿਦਿਆਰਥੀ ਅਤੇ ਹੋਰ ਪੰਜਾਬੀ ਫਸੇ ਹੋਏ ਹਨ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਅੱਜ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਯੂਕਰੇਨ ’ਚ ਫਸੇ ਪੰਜਬੀਆਂ ਨੂੰ ਸੁਰੱਖਿਅਤ ਉਥੋਂ ਕੱਢਿਆ ਜਾਵੇ। ਮੁੱਖ ਮੰਤਰੀ ਨੇ ਕਿਹਾ ਕਿ ਇਸ ਜੰਗ ਨਾਲ ਉਥੇ ਫਸੇ ਪੰਜਾਬੀ ਚਿੰਤਤ ਹਨ ਅਤੇ ਹਮਲਿਆਂ ਦਾ ਸਾਹਮਣਾ ਕਰ ਰਹੇ ਯੂਕਰੇਨ ਤੋਂ ਭਾਰਤੀਆਂ ਅਤੇ ਖਾਸ ਕਰਕੇ ਪੰਜਾਬੀਆਂ ਨੂੰ ਉਥੋਂ ਸੁਰੱਖਿਅਤ ਭਾਰਤ ਲਿਆਂਦਾ ਜਾਵੇ। ਉਧਰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸ਼ੋ੍ਰਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੂੰ ਟਵੀਟ ਕਰਕੇ ਕਿਹਾ ਕਿ ਯੂਕਰੇਨ ਵਿਚ ਫਸੇ ਭਾਰਤੀਆਂ ਨੂੰ ਸੁਰੱਖਿਅਤ ਕੱਢਣ ਦੇ ਲਈ ਪੁਖਤਾ ਇੰਤਜ਼ਾਮ ਕੀਤੇ ਜਾਣ। ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਵੀ ਕੇਂਦਰ ਸਰਕਾਰ ਤੋਂ ਯੂਕਰੇਨ ’ਚ ਫਸੇ ਵਿਦਿਆਰਥੀਆਂ ਨੂੰ ਮੁਫਤ ਅਤੇ ਸੁਰੱਖਿਅਤ ਵਾਪਸ ਲਿਆਉਣ ਲਈ ਅਪੀਲ ਕੀਤੀ ਹੈ। ਉਨ੍ਹਾਂ ਇਸ ਸੰਕਟ ਦੇ ਸਮੇਂ ਹਵਾਈ ਕੰਪਨੀਆਂ ਵੱਲੋਂ ਟਿਕਟਾਂ ਦੇ ਰੇਟ ਵਧਾਉਣ ਦੇ ਮਾਮਲੇ ’ਤੇ ਵੀ ਕਾਰਵਾਈ ਕਰਨ ਦੀ ਮੰਗ ਕੀਤੀ। ਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਵਿਦਿਆਰਥੀਆਂ ਨੂੰ ਯੂਕਰੇਨ ਤੋਂ ਵਾਪਸ ਪਰਤਣ ਲਈ ਕਿਹਾ ਪ੍ਰੰਤੂ ਉਨ੍ਹਾਂ ਨੂੰ ਲਿਆਉਣ ਦੇ ਲਈ ਕੋਈ ਪ੍ਰਬੰਧ ਨਹੀਂ ਕੀਤਾ। ਉਨ੍ਹਾਂ ਯੂਕਰੇਨ ’ਚ ਫਸੇ ਵਿਦਿਆਰਥੀਆਂ ਨੂੰ ਕੇਂਦਰ ਵੱਲੋਂ ਉਚਿਤ ਮਦਦ ਨਾ ਕਰਨ ਨੂੰ ਵੀ ਮੰਦਭਾਗਾ ਦੱਸਿਆ।

