Breaking News
Home / ਪੰਜਾਬ / ਪੰਜਾਬ ਡੈਮੋਕ੍ਰੈਟਿਕ ਅਲਾਇੰਸ ਵਿਚ ਮੱਤਭੇਦ ਉੱਭਰੇ

ਪੰਜਾਬ ਡੈਮੋਕ੍ਰੈਟਿਕ ਅਲਾਇੰਸ ਵਿਚ ਮੱਤਭੇਦ ਉੱਭਰੇ

ਧਰਮ ਬਾਰੇ ਮੁੱਦਿਆਂ ਤੋਂ ਧਰਮਵੀਰ ਗਾਂਧੀ ਨੇ ਵੱਟਿਆ ਪਾਸਾ
ਪਟਿਆਲਾ : ਪੰਜਾਬ ਡੈਮੋਕ੍ਰੈਟਿਕ ਐਲਾਇੰਸ (ਪੀਡੀਏ) ਬਣਨ ਸਾਰ ਹੀ ਤਿੜਕਣ ਲੱਗ ਪਿਆ ਹੈ। ਸੰਸਦ ਮੈਂਬਰ ਤੇ ਪੰਜਾਬ ਮੰਚ ਦੇ ਆਗੂ ਡਾ. ਧਰਮਵੀਰ ਗਾਂਧੀ ਨੇ ਸੁਖਪਾਲ ਸਿੰਘ ਖਹਿਰਾ ਤੇ ਦੋਸ਼ ਲਾਉਂਦਿਆਂ ਕਿਹਾ ਹੈ ਕਿ ਉਨ੍ਹਾਂ ਨੇ ਧਰਮ ਬਾਰੇ ਪੇਸ਼ ਕੀਤੇ ਮੁੱਦੇ ਸਲਾਹ ਲਏ ਬਿਨਾਂ ਪਾਸ ਕਰਵਾਏ ਹਨ। ਡਾ. ਧਰਮਵੀਰ ਗਾਂਧੀ ਨੇ ਆਪਣੇ ਫੇਸਬੁੱਕ ਅਕਾਊਂਟ ‘ਤੇ ਲਿਖਿਆ ਹੈ ਕਿ ਪੰਜਾਬੀ ਏਕਤਾ ਦੇ ਨਾਅਰੇ ਨੂੰ ਲੈ ਕੇ ਇਨਸਾਫ਼ ਮਾਰਚ ਦੀ ਰੈਲੀ ਵਿਚ ਪੰਜਾਬ ਡੈਮੋਕ੍ਰੈਟਿਕ ਐਲਾਇੰਸ ਬਣਨਾ ਸੂਬੇ ਲਈ ਸ਼ੁੱਭ ਸ਼ਗਨ ਹੈ, ਪਰ ਸੁਖਪਾਲ ਖਹਿਰਾ ਵੱਲੋਂ ਬਿਨਾਂ ਸਲਾਹ ਲਏ ਸਟੇਜ ਤੋਂ ਪਾਸ ਕਰਵਾਏ ਗਏ ਮਤਿਆਂ ‘ਤੇ ਉਨ੍ਹਾਂ ਨੂੰ ਇਤਰਾਜ਼ ਹੈ। ਇਨ੍ਹਾਂ ਮਤਿਆਂ ਵਿਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਤਾ ਫਖ਼ਰ-ਏ-ਕੌਮ ਦਾ ਖ਼ਿਤਾਬ ਵਾਪਸ ਕਰਵਾਉਣਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਾਦਲਾਂ ਦੇ ਦਖ਼ਲ ਤੋਂ ਮੁਕਤ ਕਰਵਾਉਣਾ ਆਦਿ ਸ਼ਾਮਲ ਹਨ। ਡਾ. ਗਾਂਧੀ ਨੇ ਕਿਹਾ ਕਿ ਪੰਜਾਬ ਮੰਚ, ਪੀਡੀਏ ਨੂੰ ਧਾਰਮਿਕ ਮਾਮਲਿਆਂ ਅਤੇ ਸੰਸਥਾਵਾਂ ਵਿਚ ਸਿਆਸੀ ਦਖ਼ਲ ਤੋਂ ਗੁਰੇਜ਼ ਕਰਨ ਦੀ ਅਪੀਲ ਕਰਦਾ ਹੈ। ਸੰਸਦ ਮੈਂਬਰ ਨੇ ਕਿਹਾ ਕਿ ਜਦ ਸਾਂਝਾ ਮੁਹਾਜ਼ ਬਣਦਾ ਹੈ ਤਾਂ ਸਾਰਿਆਂ ਦੀ ਸਹਿਮਤੀ ਲੈਣੀ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਧਾਰਮਿਕ ਮਸਲਿਆਂ ਬਾਰੇ ਸਿੱਖ ਬੁੱਧੀਜੀਵੀ ਅਤੇ ਇਤਿਹਾਸਕਾਰ ਹੀ ਸਹੀ ਸਲਾਹ ਦੇ ਸਕਦੇ ਹਨ ਨਾ ਕਿ ਸਿਆਸੀ ਪਾਰਟੀਆਂ। ਉਨ੍ਹਾਂ ਸਪੱਸ਼ਟ ਕਿਹਾ ਕਿ ਉਹ ਧਰਮ ਦੀ ਸਿਆਸਤ ਨਹੀਂ ਕਰਨਗੇ।
ਐਲਾਇੰਸ ਪੂਰੀ ਤਰ੍ਹਾਂ ਇਕਜੁੱਟ: ਸੁਖਪਾਲ ਸਿੰਘ ਖਹਿਰਾ
ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਡਾ. ਧਰਮਵੀਰ ਗਾਂਧੀ ਨਾਲ ਉਨ੍ਹਾਂ ਦੀ ਗੱਲ ਹੋ ਗਈ ਹੈ ਤੇ ਕੋਈ ਗ਼ਿਲਾ-ਸ਼ਿਕਵਾ ਨਹੀਂ ਹੈ। ਉਨ੍ਹਾਂ ਕਿਹਾ ਕਿ ਪੀਡੀਏ ਪੂਰੀ ਤਰ੍ਹਾਂ ਇੱਕਮੁੱਠ ਹੈ। ਖਹਿਰਾ ਨੇ ਕਿਹਾ ਕਿ ਚੋਣਾਂ ਲੜਨ ਦਾ ਕੋਈ ਐਲਾਨ ਨਹੀਂ ਕੀਤਾ ਗਿਆ ਤੇ ਨਾ ਹੀ ਧਰਮ ਵਿਚ ਦਖ਼ਲ ਦੇਣ ਦੀ ਗੱਲ ਕੀਤੀ ਹੈ। ਉਨ੍ਹਾਂ ਕਿਹਾ ਕਿ ਬਰਗਾੜੀ ਮਾਮਲੇ ਬਾਰੇ ਵੀ ਕੋਈ ਮੋਰਚਾ ਨਹੀਂ ਲਾਇਆ ਜਾਵੇਗਾ।

Check Also

ਉਦਯੋਗਪਤੀ ਨਿਤਿਨ ਕੋਹਲੀ ਆਮ ਆਦਮੀ ਪਾਰਟੀ ’ਚ ਹੋਏ ਸ਼ਾਮਲ

ਕੋਹਲੀ ਨੂੰ ਜਲੰਧਰ ਸੈਂਟਰਲ ਹਲਕੇ ਦਾ ਇੰਚਾਰਜ ਕੀਤਾ ਗਿਆ ਨਿਯੁਕਤ ਜਲੰਧਰ/ਬਿਊਰੋ ਨਿਊਜ਼ : ਜਲੰਧਰ ਦੇ …