ਸੁਰੱਖਿਆ ਦੇ ਨਾਮ ’ਤੇ ਮੰਗੀਆਂ ਵੋਟਾਂ
ਪਠਾਨਕੋਟ/ਬਿਊਰੋ ਨਿਊਜ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਪਠਾਨਕੋਟ ਵਿਚ ਭਾਰਤੀ ਜਨਤਾ ਪਾਰਟੀ ਦੀ ਚੋਣ ਰੈਲੀ ਨੂੰ ਸੰਬੋਧਨ ਕੀਤਾ। ਇਸ ਮੌਕੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਮਾਝਾ ਖੇਤਰ ਵਿਚ ਕੋਈ ਉਦਯੋਗਿਕ ਪ੍ਰਗਤੀ ਨਹੀਂ ਹੈ ਅਤੇ ਕੇਵਲ ਨਜਾਇਜ਼ ਰੇਤ ਖਨਨ ਵਿਚ ਲੁੱਟ ਦਾ ਧੰਦਾ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਕੋਲ ਕਰਮਚਾਰੀਆਂ ਨੂੰ ਡਾਂਡੇ ਮਾਰਨ ਲਈ ਪੁਲਿਸ ਹੈ, ਪਰ ਖਨਨ ਮਾਫੀਆ ਮਹਿਲਾਂ ਵਿਚ ਮੌਜ ਕਰਦਾ ਹੈ। ਮੋਦੀ ਨੇ ਕਿਹਾ ਕਿ ਪੰਜਾਬ ਵਿਚ ਐਨਡੀਏ ਦੀ ਸਰਕਾਰ ਬਣੀ ਤਾਂ ਮਾਫੀਆ ਪੰਜਾਬ ਵਿਚੋਂ ਭੱਜ ਜਾਵੇਗਾ ਅਤੇ ਨੌਜਵਾਨ ਬਾਹਰ ਨਹੀਂ ਜਾਵੇਗਾ। ਉਨ੍ਹਾਂ ਪੰਜਾਬ ਵਿਚ ਕਿਸਾਨੀ ਅਤੇ ਵਪਾਰ ਨੂੰ ਲਾਹੇਵੰਦ ਬਣਾਉਣ ਦੀ ਗੱਲ ਵੀ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਜਪਾ ਨੂੰ ਪੰਜ ਸਾਲ ਪੰਜਾਬ ਦੀ ਸੇਵਾ ਕਰਨ ਦਾ ਮੌਕਾ ਦਿਓ ਅਤੇ ਭਾਜਪਾ ਤੇ ਉਸਦੀਆਂ ਸਹਿਯੋਗੀ ਪਾਰਟੀਆਂ ਨੂੰ ਵੋਟ ਦਿਓ। ਪ੍ਰਧਾਨ ਮੰਤਰੀ ਨੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਇੱਕੋ ਥਾਲੀ ਦੇ ਚੱਟੇ ਵੱਟੇ ਦੱਸਿਆ ਅਤੇ ਕਿਹਾ ਕਿ ਇਹ ਦੋਵੇਂ ਮਿਲ ਕੇ ਪੰਜਾਬ ’ਚ ਨੂਰਾ ਕੁਸ਼ਤੀ ਕਰ ਰਹੀਆਂ ਹਨ। ਉਨ੍ਹਾਂ ਕਿਹਾ ਜਦੋਂ ਦਿੱਲੀ ਵਿਚ ਪਹਿਲੀ ਵਾਰ ਆਮ ਆਦਮੀ ਪਾਰਟੀ ਨੂੰ ਬਹੁਮਤ ਨਹੀਂ ਮਿਲਿਆ ਸੀ ਤਾਂ ਕਾਂਗਰਸ ਨੇ ਉਸ ਨੂੰ ਸਮਰਥਨ ਦਿੱਤਾ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਵਿਚ ਸੁਰੱਖਿਆ ਨੂੰ ਲੈ ਕੇ ਕਾਂਗਰਸ ਪਾਰਟੀ ’ਤੇ ਸਵਾਲ ਚੁੱਕੇ ਅਤੇ ਕਿਹਾ ਕਿ ਪਹਿਲਾਂ ਕਾਂਗਰਸ ਪਾਰਟੀ ਵਿਚ ਕੈਪਟਨ ਅਮਰਿੰਦਰ ਸਿੰਘ ਵਰਗੇ ਵਿਅਕਤੀ ਸਨ, ਜੋ ਪੰਜਾਬ ਦੀ ਸੁਰੱਖਿਆ ਦੀ ਗੱਲ ਕਰਦੇ ਸਨ, ਪਰ ਹੁਣ ਕੈਪਟਨ ਅਮਰਿੰਦਰ ਸਿੰਘ ਵੀ ਕਾਂਗਰਸ ਵਿਚ ਨਹੀਂ ਹਨ।