ਟੋਰਾਂਟੋ/ਸਤਪਾਲ ਸਿੰਘ ਜੌਹਲ
ਕੈਨੇਡਾ ਦੇ ਕਿਊਬਕ ਸਿਟੀ ਨੇੜੇ ਜੇਕੁਏਸ-ਕਾਰਟੀਏ ਦਰਿਆ ਵਿਚ ਅਮਰਪ੍ਰੀਤ ਸਿੰਘ ਮੁੱਧੜ (20) ਦੀ ਡੁੱਬਣ ਕਾਰਨ ਮੌਤ ਹੋ ਜਾਣ ਦੀ ਖ਼ਬਰ ਹੈ। ਪਤਾ ਲੱਗਾ ਹੈ ਕਿ ਜਲੰਧਰ ਨਾਲ ਸਬੰਧਿਤ ਅਮਰਪ੍ਰੀਤ ਪਿਛਲੇ ਦਿਨੀਂ ਦਰਿਆ ਵਿਚ ਤੈਰਨ ਗਿਆ ਸੀ ਪਰ ਪਾਣੀ ਦੇ ਤੇਜ਼ ਵਹਾਅ ਅੱਗੇ ਸੰਭਲ ਨਾ ਸਕਿਆ। ਉਸ ਨੂੰ ਲੱਭਣ ਵਾਸਤੇ ਪੁਲਿਸ ਤੇ ਬਚਾਓ ਅਮਲੇ ਵਲੋਂ ਤੈਰਾਕਾਂ, ਗੋਤਾਖੋਰਾਂ, ਕਿਸ਼ਤੀਆਂ ਤੇ ਹੈਲੀਕਾਪਟਰ ਦੀ ਮਦਦ ਲਈ ਗਈ ਅਤੇ ਉਸ ਦੀ ਲਾਸ਼ ਦਰਿਆ ਵਿਚ ਜਿੱਥੋਂ ਉਹ ਲਾਪਤਾ ਹੋਇਆ ਸੀ, ਉੱਥੋਂ ਕਰੀਬ 150 ਮੀਟਰ ਦੂਰੋਂ ਮਿਲੀ। ਘਟਨਾ ਵਾਲੀ ਜਗ੍ਹਾ ਕਿਊਬਕ ਸਿਟੀ ਤੋਂ 50 ਕੁ ਕਿੱਲੋਮੀਟਰ ਉੱਤਰ ਵੱਲ ਹੈ। ਅਧਿਕਾਰੀਆਂ ਨੇ ਦੱਸਿਆ ਕਿ ਤੈਰਨ ਸਮੇਂ ਦੋਵੇਂ ਮੁੰਡੇ ਬਿਨਾ ਲਾਈਫ਼ ਜੈਕੇਟ ਤੋਂ ਦਰਿਆ ਵਿਚ ਗਏ ਸਨ। ਪਾਣੀ ਦੇ ਵਹਾਅ ਤੇ ਲਹਿਰਾਂ ਅੱਗੇ ਅਮਰਪ੍ਰੀਤ ਦੀ ਪੇਸ਼ ਨਾ ਗਈ ਜਦਕਿ ਉਸ ਦਾ ਸਾਥੀ ਬਾਹਰ ਨਿਕਲਣ ਵਿਚ ਕਾਮਯਾਬ ਰਿਹਾ। ਪੁਲਿਸ ਵਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਉਧਰ ਕੈਨੇਡਾ ਵਿਚ ਸੋਸ਼ਲ ਮੀਡੀਆ ‘ਤੇ ਪੰਜਾਬੀ ਵਿਦਿਆਰਥੀਆਂ ਵਲੋਂ ਅਮਰਪ੍ਰੀਤ ਦੀ ਮੌਤ ‘ਤੇ ਦੁੱਖ ਪ੍ਰਗਟਾਇਆ ਜਾ ਰਿਹਾ ਹੈ ਤੇ ਉਸ ਦੀ ਮ੍ਰਿਤਕ ਦੇਹ ਪੰਜਾਬ ਭੇਜਣ ਲਈ ਪਰਿਵਾਰ ਦੀ ਮਦਦ ਕੀਤੀ ਜਾ ਰਹੀ ਹੈ। ਕੋਮਲ ਸੇਠੀ ਦੇ ਹਵਾਲੇ ਨਾਲ ਚਾਹਤ ਤ੍ਰੇਹਨ ਦੇ ‘ਗੋਫੰਡ ਮੀ’ ਤੋਂ ਮਿਲੀ ਜਾਣਕਾਰੀ ਅਨੁਸਾਰ ਅਮਰਪ੍ਰੀਤ ਮਾਂਟਰੀਅਲ ਵਿਚ ਲਾਸਾਲ ਕਾਲਜ ਦਾ ਵਿਦਿਆਰਥੀ ਸੀ ਤੇ ਦਸੰਬਰ 2018 ‘ਚ ਕੈਨੇਡਾ ਆਇਆ ਸੀ। ਇਸੇ ਦੌਰਾਨ ਬਾਅਦ ਮਿਲੀ ਖ਼ਬਰ ਅਨੁਸਾਰ ਇਕ ਹੋਰ ਪੰਜਾਬੀ ਵਿਦਿਆਰਥੀ ਦੀ ਉਨਟਾਰੀਓ ਸੂਬੇ ਦੇ ਬੈਲੇਵਿਲੇ ਵਿਖੇ ਲਾਸ਼ ਮਿਲੀ ਹੈ ਜਿਸ ਬਾਰੇ ਦੱਸਿਆ ਜਾਂਦਾ ਹੈ ਕਿ 20 ਸਾਲ ਦਾ ਇਹ ਵਿਦਿਆਰਥੀ ਪਿਛਲੇ ਦਿਨੀਂ ਇਸ ਇਲਾਕੇ ਵਿਚ ਪਾਣੀ ‘ਚ ਡੁੱਬ ਗਿਆ ਸੀ।
Check Also
ਸੁਨੀਤਾ ਵਿਲੀਅਮ ਸਪੇਸ ਸਟੇਸ਼ਨ ਤੋਂ ਅਮਰੀਕੀ ਰਾਸ਼ਟਰਪਤੀ ਦੀ ਚੋਣ ਲਈ ਪਾਵੇਗੀ ਵੋਟ
ਧਰਤੀ ਤੋਂ 400 ਕਿਲੋਮੀਟਰ ਦੂਰ ਤੋਂ ਕੀਤੀ ਪ੍ਰੈਸ ਕਾਨਫਰੰਸ ਵਾਸ਼ਿੰਗਟਨ/ਬਿਊਰੋ ਨਿਊਜ਼ : 100 ਦਿਨ ਤੋਂ …