Breaking News
Home / ਪੰਜਾਬ / ਰਾਜਾ ਵੜਿੰਗ ਦੀ ਵਿਧਾਨ ਸਭਾ ‘ਚ ਹੋਈ ਕਿਰਕਿਰੀ

ਰਾਜਾ ਵੜਿੰਗ ਦੀ ਵਿਧਾਨ ਸਭਾ ‘ਚ ਹੋਈ ਕਿਰਕਿਰੀ

ਵੜਿੰਗ ਨੂੰ ਨਹੀਂ ਪਤਾ ਸੀ ਸ਼ਹੀਦ ਭਗਤ ਸਿੰਘ ਦੀ ਜਨਮ ਤਰੀਕ
ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਸੈਸ਼ਨ ਦੇ ਆਖਰੀ ਦਿਨ ਮੁੱਖ ਮੰਤਰੀ ਭਗਵੰਤ ਮਾਨ ਨੇ ਗਿੱਦੜਬਾਹਾ ਤੋਂ ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਅਜਿਹਾ ਸਵਾਲ ਕੀਤਾ, ਜਿਸਦਾ ਜਵਾਬ ਨਾ ਦੇਣ ਕਾਰਨ ਉਨ੍ਹਾਂ ਦੀ ਸਦਨ ‘ਚ ਕਿਰਕਿਰੀ ਹੋ ਗਈ। ਅਸਲ ‘ਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ਼ਹੀਦ ਭਗਤ, ਸ਼ਹੀਦ ਰਾਜਗੁਰੂ ਅਤੇ ਸ਼ਹੀਦ ਸੁਖਦੇਵ ਦੀ ਬਰਸੀ ਮੌਕੇ 23 ਮਾਰਚ ਨੂੰ ਛੁੱਟੀ ਦਾ ਐਲਾਨ ਕੀਤਾ ਗਿਆ ਸੀ। ਕਾਂਗਰਸੀ ਵਿਧਾਇਕ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸ਼ਹੀਦਾਂ ਦੀ ਬਰਸੀ ਮੌਕੇ ਛੁੱਟੀ ਨਹੀਂ ਕਰਨੀ ਚਾਹੀਦੀ ਬਲਕਿ ਨੌਜਵਾਨ ਪੀੜ੍ਹੀ ਨੂੰ ਇਸ ਸਬੰਧ ‘ਚ ਜਾਗਰੂਕ ਕੀਤਾ ਜਾਣਾ ਚਾਹੀਦਾ ਹੈ। ਇਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਰਾਜਾ ਵੜਿੰਗ ਤੋਂ ਪੁੱਛ ਲਿਆ ਕਿ ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਦਾ ਜਨਮ ਦਿਨ ਕਦੋਂ ਹੁੰਦਾ ਹੈ? ਰਾਜਾ ਵੜਿੰਗ ਚੁੱਪ ਹੋ ਗਏ ਤਾਂ ਮੁੱਖ ਮੰਤਰੀ ਨੇ ਕਿਹਾ ਕਿ ਕਮਾਲ ਹੈ, ਉਨ੍ਹਾਂ ਕਿਹਾ ਕਿ 28 ਸਤੰਬਰ ਨੂੰ ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਦਾ ਜਨਮ ਦਿਨ ਹੁੰਦਾ ਹੈ। ਉਸ ਦਿਨ ਉਨ੍ਹਾਂ ਦੀ ਜ਼ਿੰਦਗੀ ਦੇ ਬਾਰੇ ਨਾਟਕ ਅਤੇ ਕੋਰੀਓਗ੍ਰਾਫ਼ੀ ਹੁੰਦੀ ਹੈ। ਸੀਨੀਅਰ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਵੀ ਇਸ ਮੌਕੇ ਅੰਦਰੋ-ਅੰਦਰੀ ਖੁਸ਼ ਨਜ਼ਰ ਆਏ। ਸੈਸ਼ਨ ਦੀ ਸਮਾਪਤੀ ਮਗਰੋਂ ‘ਆਪ’ ਵਿਧਾਇਕਾਂ ਨੇ ਤਨਜ਼ ਕੱਸੇ ਕਿ ਕਾਂਗਰਸੀ ਆਗੂਆਂ ਨੂੰ ਤਾਂ ਸਿਰਫ ਸੋਨੀਆ ਗਾਂਧੀ, ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਦੇ ਜਨਮ ਦਿਨ ਦਾ ਪਤਾ ਹੈ।
ਚੁੱਪੀ ਮਗਰੋਂ ਦਿੱਤਾ ਜਵਾਬ : ਰਾਜਾ ਵੜਿੰਗ ਨੇ ਟਵੀਟ ਕਰਕੇ ਮੋੜਵਾਂ ਜਵਾਬ ਦਿੱਤਾ ਹੈ। ਉਨ੍ਹਾਂ ਅਰਵਿੰਦ ਕੇਜਰੀਵਾਲ ਦਾ ਪੁਰਾਣਾ ਟਵੀਟ ਸਾਂਝਾ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਵਾਲ ਕੀਤਾ ਕਿ ‘ਤੁਹਾਡੇ ਦੋਵਾਂ ‘ਚੋਂ ਸਹੀ ਕੌਣ ਹੈ।’ ਟਵੀਟ ‘ਚ ਲਿਖਿਆ ਹੈ ਕਿ ‘ਪਿਆਰੇ ਭਗਵੰਤ ਮਾਨ ਜੀ, ਅਧੂਰਾ ਗਿਆਨ ਵੱਧ ਖਤਰਨਾਕ ਹੁੰਦਾ ਹੈ….ਸ਼ਹੀਦ ਭਗਤ ਸਿੰਘ ਦਾ ਜਨਮ ਦਿਨ 27 ਸਤੰਬਰ ਨੂੰ ਹੈ ਜਾਂ 28 ਨੂੰ, ਜਿਵੇਂ ਤੁਸੀਂ ਕਿਹਾ ਸੀ? ਕੌਣ ਸਹੀ ਹੈ?ਤੁਸੀਂ ਜਾਂ ਕੇਜਰੀਵਾਲ ਜੀ?

Check Also

ਸੰਤ ਬਲਬੀਰ ਸਿੰਘ ਸੀਚੇਵਾਲ ਨੇ ਜਲੰਧਰ ਦੇ ਪਾਸਪੋਰਟ ਦਫਤਰ ਖਿਲਾਫ ਕੀਤੀ ਸ਼ਿਕਾਇਤ

ਸਰਕਾਰ ਦੇ ਨਿਯਮਾਂ ਦੀ ਅਣਦੇਖੀ ਹੋਣ ਦੇ ਵੀ ਸੰਤ ਸੀਚੇਵਾਲ ਨੇ ਲਗਾਏ ਆਰੋਪ ਜਲੰਧਰ/ਬਿਊਰੋ ਨਿਊਜ਼ …