Breaking News
Home / ਕੈਨੇਡਾ / ‘ਗਲੋਬਲ ਪੰਜਾਬ ਫਾਊਂਡੇਸ਼ਨ ਕੈਨੇਡਾ’ ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਸ਼ਾਨਦਾਰ ਸਮਾਗਮ ਕੀਤਾ ਗਿਆ

‘ਗਲੋਬਲ ਪੰਜਾਬ ਫਾਊਂਡੇਸ਼ਨ ਕੈਨੇਡਾ’ ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਸ਼ਾਨਦਾਰ ਸਮਾਗਮ ਕੀਤਾ ਗਿਆ

Global Foundation Event copy copyਬਰੈਂਪਟਨ/ਡਾ.ਝੰਡ
‘ਅੰਤਰ-ਰਾਸ਼ਟਰੀ ਮਹਿਲਾ ਦਿਵਸ’ ਭਾਵੇਂ 8 ਮਾਰਚ ਨੂੰ ਸੀ, ਪਰ ‘ਗਲੋਬਲ ਪੰਜਾਬ ਫਾਊਂਡੇਸ਼ਨ ਕੈਨੇਡਾ ਚੈਪਟਰ’ ਵੱਲੋਂ ਇਹ ਬੀਤੇ ਸ਼ਨੀਵਾਰ 26 ਮਾਰਚ ਨੂੰ 470 ਕਰਾਈਸਲਰ ਰੋਡ ਯੂਨਿਟ ਨੰਬਰ 18 ਵਿੱਚ ਇੱਕ ਸ਼ਾਨਦਾਰ ਸਮਾਗ਼ਮ ਵਜੋਂ ਮਨਾਇਆ ਗਿਆ। ਇਸ ਸਮਾਗ਼ਮ ਦੀ ਮੁੱਖ-ਵਿਸ਼ੇਸ਼ਤਾ ਇਹ ਸੀ ਕਿ ਪੂਰਬੀ ਅਤੇ ਪੱਛਮੀ ਪੰਜਾਬ ਨਾਲ ਸਬੰਧਿਤ ਵੱਡੀ ਗਿਣਤੀ ਵਿੱਚ ਔਰਤਾਂ ਅਤੇ ਮਰਦਾਂ ਨੇ ਇਸ ਵਿੱਚ ਭਾਗ ਲਿਆ। ਪ੍ਰਧਾਨਗੀ ਮੰਡਲ ਵਿੱਚ ਪਾਕਿਸਤਾਨ ਦੇ ਪਿਛੋਕੜ ਦੀ ਉੱਘੀ ਸ਼ਖਸੀਅਤ ਸਮਰਾ ਜ਼ਫ਼ਰ ਅਤੇ ਪੂਰਬੀ ਪੰਜਾਬ ਤੋਂ ਜਗਦੀਸ਼ ਕੌਰ ਝੰਡ ਤੇ ਸਰਬਜੀਤ ਕੌਰ ਕਾਹਲੋਂ ਸ਼ਾਮਲ ਸਨ।
ਸਮਾਗ਼ਮ ਦੀ ਸ਼ੁਰੂਆਤ ਉੱਘੇ ਗਾਇਕ ਇਕਬਾਲ ਬਰਾੜ ਵੱਲੋਂ ਕੀਤੀ ਗਈ। ਇਸ ਤੋਂ ਪਹਿਲਾਂ ਗਲੋਬਲ ਪੰਜਾਬ ਫਾਊਂਡੇਸ਼ਨ ਕੈਨੇਡਾ ਦੇ ਪ੍ਰਧਾਨ ਕੁਲਜੀਤ ਸਿੰਘ ਜੰਜੂਆ ਨੇ ਆਏ ਮਹਿਮਾਨਾਂ ਨੂੰ ‘ਜੀ ਆਇਆਂ’ ਕਹਿੰਦਿਆਂ ਹੋਇਆ ਫਾਊਂਡੇਸ਼ਨ ਦੇ ਕੈਨੇਡਾ ਚੈਪਟਰ ਦੇ ਮੁੱਖ ਉਦੇਸ਼ਾਂ ਅਤੇ ਇਸ ਦੇ ਵੱਲੋਂ ਕਰਵਾਏ ਜਾ ਰਹੇ ਪ੍ਰੋਗਰਾਮਾਂ ‘ਤੇ ਰੌਸ਼ਨੀ ਪਾਈ। ਉਪਰੰਤ, ਪਾਕਿਸਤਾਨ ਦੇ ਉੱਘੇ-ਚਿੰਤਕ ਨੌਸ਼ਾਦ ਸਿਦ ਨੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਡੇ ਸਮਾਜ ਵੱਲੋਂ ਅਜੇ ਵੀ ਔਰਤ ਨੂੰ ਇਨਸਾਫ਼ ਨਹੀਂ ਦਿੱਤਾ ਜਾ ਰਿਹਾ ਅਤੇ ਉਸ ਨੂੰ ਇੱਕ ‘ਵਸਤੂ’ (ਕਮੌਡਿਟੀ) ਹੀ ਸਮਝਿਆ ਜਾ ਰਿਹਾ ਹੈ।
ਕੁਲਜੀਤ ਮਾਨ ਨੇ ਇਸ ਦਿਨ ਦੀ ਮਹੱਤਤਾ ਅਤੇ ਇਤਿਹਾਸ ਬਾਰੇ ਦੱਸਦਿਆਂ ਔਰਤਾਂ ਦੀ ਬਰਾਬਰੀ ਲਈ 1828 ਅਤੇ 1903 ਵਿੱਚ ਹੋਈਆਂ ਹੜਤਾਲਾਂ ਦਾ ਜ਼ਿਕਰ ਕੀਤਾ ਜੋ ਭਾਵੇਂ ਸਫ਼ਲ ਨਹੀਂ ਸਨ ਹੋ ਸਕੀਆਂ ਪਰ ਇਨ੍ਹਾਂ ਨਾਲ ਇਸ ਦੀ ਸ਼ੁਰੂਆਤ ਜ਼ਰੂਰ ਹੋ ਗਈ। ਰਛਪਾਲ ਕੌਰ ਗਿੱਲ ਨੇ ਧਰਮ, ਘਰ, ਸਮਾਜ ਅਤੇ ਸਰਕਾਰ ਚੌਹਾਂ ਨੂੰ ਹੀ ਇਸ ਦੇ ਲਈ ਬਰਾਬਰ ਦੇ ਭਾਈਵਾਲ ਕਿਹਾ। ਇਸੇ ਤਰ੍ਹਾਂ ਬਲਰਾਜ ਚੀਮਾ, ਪ੍ਰੋ. ਜਗੀਰ ਸਿੰਘ ਕਾਹਲੋਂ, ਡਾ. ਜਗਮੋਹਨ ਸਿੰਘ ਸੰਘਾ, ਦਰਸ਼ਨ ਸਿੰਘ ਗਰੇਵਾਲ, ਮੇਜਰ ਜੁਨੇਦ ਬੋਖ਼ਾਰੀ, ਰਾਬੀਆ ਅਤੇ ਕਈ ਹੋਰਨਾਂ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।
ਪ੍ਰਧਾਨਗੀ-ਮੰਡਲ ਵਿੱਚੋਂ ਸਮਰਾ ਜ਼ਫ਼ਰ ਨੇ ਆਪਣੇ ਬਾਰੇ ਦੱਸਦਿਆਂ ਕਿਹਾ ਕਿ ਉਹ 16 ਸਾਲ ਦੀ ਉਮਰ ਵਿੱਚ ਵਿਆਹੀ ਔਰਤ ਵਜੋਂ ਇੱਥੇ ਕੈਨੇਡਾ ਆਈ ਸੀ। ਪਰਿਵਾਰਿਕ ਵਿਰੋਧ ਦੇ ਬਾਵਜੂਦ ਉਸ ਨੇ ਯੂਨੀਵਰਸਿਟੀ ਆਫ਼ ਟੋਰਾਂਟੋ ਤੋਂ ਕਈ ਵਜ਼ੀਫ਼ੇ ਪ੍ਰਾਪਤ ਕਰਕੇ ਇਕਨਾਮਿਕਸ ਵਿਸ਼ੇ ਵਿੱਚ ਬੈਚੁਲਰ ਅਤੇ ਮਾਸਟਰ ਡਿਗਰੀਆਂ ਕੀਤੀਆ ਅਤੇ ਅੱਜਕੱਲ੍ਹ ਰਾਇਲ ਬੈਂਕ ਆਫ਼ ਕੈਨੇਡਾ ਵਿੱਚ ਅਕਾਂਊਟਸ ਮੈਨੇਜਰ ਵਜੋਂ ਸੇਵਾ ਨਿਭਾ ਰਹੀ ਹੈ। ਜਗਦੀਸ਼ ਝੰਡ ਅਤੇ ਸਰਬਜੀਤ ਕਾਹਲੋਂ ਨੇ ਅੰਤਰ-ਰਾਸ਼ਟਰੀ ਔਰਤ ਦਿਵਸ ਦੀ ਮਹਾਨਤਾ ਦੀ ਗੱਲ ਕਰਦਿਆਂ ਅੱਜ ਦੇ ਸਮਾਜ ਵਿੱਚ ਔਰਤਾਂ ਨੂੰ ਦਰਪੇਸ਼ ਮੁਸਕਲਾਂ ਦੇ ਨਾਲ ਨਾਲ ਆਪਣੀ ਨਿੱਜੀ ਜ਼ਿੰਦਗੀ ਦੇ ਝਰੋਖ਼ਿਆਂ ਵਿੱਚੋਂ ਕੁਝ ਯਾਦਾਂ ਵੀ ਹਾਜ਼ਰੀਨ ਨਾਲ ਸਾਂਝੀਆਂ ਕੀਤੀਆਂ।
ਇਸ ਮੌਕੇ ਭੁਪਿੰਦਰ ਦੁਲੇ ਨੇ ਆਪਣੀ ਕਵਿਤਾ ‘ਰੱਬਾ ਹੁਣ ਮੈਂ ਆਪਣੀ ਕਿਸਮਤ ਆਪ ਲਿਖਾਂਗੀ’ ਸੁਣਾਈ। ਇੰਜ ਹੀ, ਪਰਮ ਸਰਾਂ ਨੇ ‘ਹੋਂਦ’, ਸੁਖਦੇਵ ਸਿੰਘ ਝੰਡ ਨੇ ‘ਉਹ’, ਜਗੀਰ ਸਿੰਘ ਕਾਹਲੋਂ ਨੇ ‘ਜੇ ਤੂੰ ਨਾ ਹੁੰਦੀ’, ਬਲਜੀਤ ਧਾਲੀਵਾਲ ਨੇ ‘ਮਹਿਫੂਜ਼ ਨਹੀਂ’, ਬਿੰਨੀ ਪਾਹਵਾ ਨੇ ‘ਪਿਤਰੀ ਮੋਹ ਦੀ ਯਾਦ’ ਸੁਣਾਈਆਂ। ਪਿਆਰਾ ਸਿੰਘ ਕੁੱਦੋਵਾਲ ਨੇ ਇੱਕ ਗ਼ਜ਼ਲ-ਨੁਮਾ ਗੀਤ ਤਰੰਨਮ ਵਿਚ ਗਾਇਆ। ਸੁਰਜੀਤ ਕੌਰ ਨੇ ਔਰਤਾਂ ਨਾਲ ਜੁੜੇ ਵੱਖ-ਵੱਖ ਵਿਸ਼ਿਆਂ ਨਾਲ ਜੁੜੀਆਂ ਆਪਣੀਆਂ ਕਵਿਤਾਵਾਂ ਪੇਸ਼ ਕੀਤੀਆਂ। ਜਦ ਕਿ ਅਰੂਜ਼ ਰਾਜਪੂਤ ਨੇ ਮੰਚ-ਸੰਚਾਲਨ ਦੀ ਕਾਰਵਾਈ ਬਾਖ਼ੂਬੀ ਨਿਭਾਉਣ ਦੇ ਨਾਲ ਨਾਲ ਆਪਣੀਆਂ ਕੁਝ ਕਵਿਤਾਵਾਂ ਵੀ ਪੇਸ਼ ਕੀਤੀਆਂ।

Check Also

ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਮਾਸਟਰ ਦਾਤਾਰ ਸਿੰਘ ਦੇ ਬੇਵਕਤ ਅਕਾਲ-ਚਲਾਣੇ ‘ਤੇ ਭਾਵ-ਭਿੰਨੀ ਸ਼ਰਧਾਂਜਲੀ

ਬਰੈਂਪਟਨ/ਡਾ. ਝੰਡ : ਅਧਿਆਪਕ ਜੱਥੇਬੰਦੀ ‘ਡੈਮੋਕਰੈਟਿਕ ਟੀਚਰਜ਼ ਫ਼ਰੰਟ (ਡੀ.ਟੀ.ਐੱਫ.) ਦੇ ਬਾਨੀ ਪ੍ਰਧਾਨ ਅਤੇ ਕਿਸਾਨ ਮਜ਼ਦੂਰ …