ਮਿਸੀਸਾਗਾ/ਡਾ.ਝੰਡ : ਲੰਘੇ ਸ਼ਨੀਵਾਰ 12 ਮਈ ਨੂੰ ‘ਰਾਮਗੜ੍ਹੀਆ ਸਿੱਖ ਫ਼ਾਊਂਡੇਸ਼ਨ ਆਫ਼ ਓਨਟਾਰੀਓ’ ਵੱਲੋਂ ਰਾਮਗੜ੍ਹੀਆ ਮਿਸਲ ਦੇ ਸੂਰਬੀਰ ਜਰਨੈਲ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦਾ ਜਨਮ-ਦਿਨ ਵਿਰਦੀ ਬੈਂਕੁਇਟ ਹਾਲ ਵਿਚ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਫ਼ੈੱਡਰੇਸ਼ਨ ਦੇ ਸੱਦਾ-ਪੱਤਰ ‘ਤੇ ਭਾਰਤ ਤੋਂ ਉਚੇਚੇ ਤੌਰ ‘ਤੇ ਇੱਥੇ ਪਹੁੰਚੀਆਂ ਕਈ ਸਮਾਜਿਕ ਅਤੇ ਰਾਜਨੀਤਕ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਸਮਾਗ਼ਮ ਵਿਚ ਭਾਰਤੀ ਕਾਊਂਸਲੇਟ ਜਨਰਲ ਆਫ਼ਿਸ ਤੋਂ ਡਿਪਟੀ ਕਾਊਂਸਲੇਟ ਜਨਰਲ ਦਵਿੰਦਰਪਾਲ ਸਿੰਘ, ਮੈਂਬਰ ਪਾਰਲੀਮੈਂਟ ਰੂਬੀ ਸਹੋਤਾ ਤੇ ਰਮੇਸ਼ਵਰ ਸੰਘਾ, ਸਿਟੀ ਕਾਊਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਅਤੇ ਸਕੂਲ-ਟਰੱਸਟੀ ਹਰਕੀਰਤ ਸਿੰਘ ਵਿਸ਼ੇਸ਼ ਤੌਰ ‘ਤੇ ਇਸ ਸਮਾਗ਼ਮ ਵਿਚ ਸ਼ਾਮਲ ਹੋਏ।
ਆਏ ਹੋਏ ਮਹਿਮਾਨਾਂ ਦਾ ਸੁਆਗ਼ਤ ਕਰਦਿਆਂ ਹੋਇਆਂ ਰਾਮਗੜ੍ਹੀਆ ਸਿੱਖ ਫ਼ਾਊਂਡੇਸ਼ਨ ਆਫ਼ ਓਨਟਾਰੀਓ ਦੇ ਸਰਪ੍ਰੱਸਤ ਦਲਜੀਤ ਸਿੰਘ ਗੈਦੂ ਨੇ ਗੁਰਬਾਣੀ ਦੇ ਮਹਾਂ-ਵਾਕ ‘ਬਾਬਾਣੀਆਂ ਕਹਾਣੀਆ ਪੁਤ ਸਪੁੱਤ ਕਰੇਨ’ ਨੂੰ ਮੁੱਖ ਰੱਖਦਿਆਂ ਹੋਇਆਂ ਕਿਹਾ ਕਿ ਉਨ੍ਹਾਂ ਦੀ ਇਸ ਸੰਸਥਾ ਵੱਲੋਂ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦਾ ਜਨਮ-ਦਿਨ ਹਰ ਸਾਲ ਮਨਾਇਆ ਜਾਂਦਾ ਹੈ ਅਤੇ ਇਸ ਮੌਕੇ ਸਮਾਜਿਕ, ਰਾਜਨੀਤਕ ਅਤੇ ਆਰਥਿਕ ਖ਼ੇਤਰ ਵਿਚ ઠਅਹਿਮ ਹਿੱਸਾ ਪਾਉਣ ਵਾਲੀਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈੇ। ਉਨ੍ਹਾਂ ਦੱਸਿਆ ਕਿ ਇਸ ਵਾਰ ਵੀ ਭਾਰਤ ਤੋਂ ਆਈਆਂ ਕਈ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ।
ਇਸ ਮੌਕੇ ਪਾਰਲੀਮੈਂਟ ਮੈਂਬਰਾਂ ਰੂਬੀ ਸਹੋਤਾ ਤੇ ਰਮੇਸ਼ਵਰ ਸੰਘਾ, ਭਾਰਤੀ ਕਾਊਸਲੇਟ ਜਨਰਲ ਆਫ਼ਿਸ ਤੋਂ ਦਵਿੰਦਰਪਾਲ ਸਿੰਘ, ਸਿਟੀ ਕਾਊਂਸਲਰ ਗੁਰਪ੍ਰੀਤ ਸਿੰਘ ਤੇ ਸਕੂਲ-ਟਰੱਸਟੀ ਹਰਕੀਰਤ ਸਿੰਘ ਨੇ ਆਪਣੇ ਸੰਬੋਧਨਾਂ ਵਿਚ ਰਾਮਗੜ੍ਹੀਆ ਪਰਿਵਾਰਾਂ ਨਾਲ ਵਧਾਈਆਂ ਸਾਂਝੀਆਂ ਕੀਤੀਆਂ ਅਤੇ ਰਾਮਗੜ੍ਹੀਆ ਸਿੱਖ ਫਾਊਂਡੇਸ਼ਨ ਆਫ਼ ਓਨਟਾਰੀਓ ਦੇ ਸਰਪ੍ਰਸਤ ਦਲਜੀਤ ਸਿੰਘ ਗੈਦੁ ਅਤੇ ਪ੍ਰਧਾਨ ਜਸਬੀਰ ਸਿੰਘ ਸੈਂਹਭੀ ਦੇ ਨਾਲ ਸਨਮਾਨਿਤ ਹੋਣ ਵਾਲੇ ਵਿਅੱਕਤੀਆਂ ਨੂੰ ਸਨਮਾਨ-ਚਿੰਨ੍ਹ ਤੇ ਸਿਰੋਪਾਓ ਦੇ ਕੇ ਉਨ੍ਹਾਂ ਦਾ ਮਾਣ-ਸਤਿਕਾਰ ਕੀਤਾ। ਸਨਮਾਨਿਤ ਸ਼ਖ਼ਸੀਅਤਾਂ ਵਿਚ ਕੁਲਦੀਪ ਸਿੰਘ ਗੈਦੂ ਬਾਘਾ ਪੁਰਾਣਾ ਆਲਮਵਾਲਾ, ਰਾਜਿੰਦਰ ਸਿੰਘ ਸੀਰਾ ਹੁਸ਼ਿਆਰਪੁਰ, ਹਰਮੇਲ ਸਿੰਘ ਡਰੋਲੀ ਇੰਜੀਨੀਅਰ ਮੋਗਾ, ਸ਼ਮਸ਼ੇਰ ਸਿੰਘ ਗੈਦੂ ਵਿੰਨੀਪੈੱਗ, ਪਰਮਵੀਰ ਸਿੰਘ ਹੂੰਝਣ ਮੋਗਾ, ਸੁਰਜੀਤ ਸਿੰਘ ਧੀਮਾਨ ਐੱਮ.ਐੱਲ.ਏ. ਅਮਰਗੜ੍ਹ, ਗੁਰਚਰਨ ਸਿੰਘ ਨਾਭਾ ‘ਪ੍ਰੀਤ ਕੰਬਾਈਨ’, ਬਲਵੰਤ ਸਿੰਘ ਝੰਡੇਆਣਾ ਮੋਗਾ, ਸ਼ਮਸ਼ੇਰ ਸਿੰਘ ਖ਼ੁਰਲ ਦਿੱਲੀ, ਹਰਚਰਨ ਸਿੰਘ ਪੂਨੀਆ ਵੈਨਕੂਵਰ (ਕੈਨੇਡਾ), ਅਮਰਜੀਤ ਸਿੰਘ ਸੱਗੂ ਮੋਗਾ ਸ਼ਾਮਲ ਸਨ। ਡਾ. ਸੁਖਦੇਵ ਸਿੰਘ ਝੰਡ ਨੇ ਸਿੱਖਾਂ ਦੀਆਂ 12 ਮਿਸਲਾਂ ਬਾਰੇ ਸੰਖੇਪ ਜਾਣਕਾਰੀ ਹਾਜ਼ਰੀਨ ਨਾਲ ਸਾਂਝੀ ਕਰਦਿਆਂ ਹੋਇਆਂ ਸਿੱਖਾਂ ਦੇ ਵੱਖ-ਵੱਖ ਛੋਟੇ ‘ਦਲਾਂ’ ਤੋਂ ਇਨ੍ਹਾਂ ਮਿਸਲਾਂ ਦੇ ਬਣਨ, ਰਾਜ-ਪ੍ਰਬੰਧ ਅਤੇ ਇਨ੍ਹਾਂ ਦੇ ਆਪਸੀ ਸਬੰਧਾਂ ਬਾਰੇ ਆਪਣੇ ਵਿਚਾਰ ਪੇਸ਼ ਕੀਤੇ।
Home / ਕੈਨੇਡਾ / ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਸਮਾਗ਼ਮ ‘ਚ ਡਾ. ਸੁਖਦੇਵ ਸਿੰਘ ਝੰਡ ਨੇ ਸਿੱਖ ਮਿਸਲਾਂ ਬਾਰੇ ਜਾਣਕਾਰੀ ਸਾਂਝੀ ਕੀਤੀ
Check Also
ਬਹੁ-ਸੱਭਿਆਚਾਰਕ ਦੇਸ਼ ਕੈਨੇਡਾ ‘ਚ ਨਫ਼ਰਤ ਦੀ ਕੋਈ ਜਗ੍ਹਾ ਨਹੀਂ ਹੈ, ਆਓ ਸਾਰੇ ਮਿਲ ਕੇ ਇਸ ਨੂੰ ਦੂਰ ਕਰੀਏ : ਸੋਨੀਆ ਸਿੱਧੂ
ਬਰੈਂਪਟਨ/ਬਿਊਰੋ ਨਿਊਜ਼ : ਅਨੇਕਤਾ ਵਿਚ ਏਕਤਾ ਕੈਨੇਡਾ ਦੀ ਸਭ ਤੋਂ ਵੱਡੀ ਤਾਕਤ ਹੈ। ਇੱਥੇ ਹਰ …