Breaking News
Home / ਕੈਨੇਡਾ / ਕੈਮਲੂਪਸ ਵਿਖੇ ‘ਕਾਮਾਗਾਟਾ-ਮਾਰੂ ਲਾਇਬ੍ਰੇਰੀ’ ਦੀ ਪਹਿਲੀ ਵਰ੍ਹੇਗੰਢ ਬੜੇ ਨਿਵੇਕਲੇ ਢੰਗ ਨਾਲ ਮਨਾਈ

ਕੈਮਲੂਪਸ ਵਿਖੇ ‘ਕਾਮਾਗਾਟਾ-ਮਾਰੂ ਲਾਇਬ੍ਰੇਰੀ’ ਦੀ ਪਹਿਲੀ ਵਰ੍ਹੇਗੰਢ ਬੜੇ ਨਿਵੇਕਲੇ ਢੰਗ ਨਾਲ ਮਨਾਈ

Kamloops Kamagata Maru Library copy copyਕੈਮਲੂਪਸ/ਡਾ. ਸੁਖਦੇਵ ਸਿੰਘ ਝੰਡ
ਕੈਮਲੂਪਸ ਯੂਨੀਵਰਸਿਟੀ ਦੇ ਕੰਪਿਊਟਰ ਸਾਇੰਸ ਵਿਭਾਗ ਵਿੱਚ ਸੇਵਾ ਕਰ ਰਹੇ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਦੇ ਸ਼ੁਭਚਿੰਤਕ ਪ੍ਰੋ. ਸੁਰਿੰਦਰ ਧੰਜਲ ਤੋਂ ਪ੍ਰਾਪਤ ਸੂਚਨਾ ਅਨੁਸਾਰ ਕੈਮਲੂਪਸ ਵਿਖੇ ‘ਕਾਮਾਗਾਟਾ-ਮਾਰੂ ਲਾਇਬ੍ਰੇਰੀ’, ਜੋ ਪਿਛਲੇ ਸਾਲ 26 ਜੁਲਾਈ 2015 ਨੂੰ ‘ਕਾਮਾਗਾਟਾ-ਮਾਰੂ ਜਹਾਜ਼’ ਦੇ ਮੁਸਾਫ਼ਰਾਂ ਦੀ ਯਾਦ ਵਿੱਚ ਸਿੱਖ ਸੋਸਾਇਟੀ ਆਫ਼ ਕੈਮਲੂਪਸ ਵੱਲੋਂ ਕੈਮਲੂਪਸ ਗੁਰੂਘਰ 700 ਕੈਂਬਰਿੱਜ ਕਰੈਸੈਂਟ ਵਿਖੇ ਸਥਾਪਤ ਕੀਤੀ ਗਈ ਸੀ, ਦੇ ਉਦਘਾਟਨ ਦੀ ਪਹਿਲੀ ਵਰ੍ਹੇ-ਗੰਢ ਬੜੇ ਨਿਵੇਕਲੇ ਭਾਵ-ਪੂਰਤ ਤਰੀਕੇ ਨਾਲ ਮਨਾਈ ਗਈ। ਕਾਮਾਗਾਟਾ-ਮਾਰੂ ਜਹਾਜ਼ ਦੇ ਇਹ 376 ਮੁਸਾਫ਼ਰ 23 ਮਈ ਤੋਂ 23 ਜੁਲਾਈ 2014 ਤੱਕ ਪੂਰੇ ਦੋ ਮਹੀਨੇ ਵੈਨਕੂਵਰ ਦੇ ਨੇੜੇ ਸ਼ਾਂਤ ਮਹਾਂ ਸਾਗਰ ਦੇ ਪਾਣੀਆਂ ਵਿੱਚ ਕੈਨੇਡਾ ਦੀ ਉਸ ਵੇਲੇ ਦੀ ਨਸਲਵਾਦੀ ਸਰਕਾਰ ਦੇ ਬੂਹੇ ‘ਤੇ ਹੱਕ, ਸੱਚ ਤੇ ਇਨਸਾਫ਼ ਲਈ ਦਸਤਕ ਦਿੰਦੇ ਰਹੇ ਸਨ। ਇਹ ਲਾਇਬ੍ਰੇਰੀ ਉਸ ਜਹਾਜ਼ ਦੇ ਮੁਸਾਫ਼ਰਾਂ ਦੀਆਂ ਅਭੁੱਲ ਕੁਰਬਾਨੀਆਂ ਅਤੇ ਅਮੁੱਕ ਯਾਦਾਂ ਨੂੰ ਸਮੱਰਪਿਤ ਹੈ ਜੋ ਦੁਨੀਆਂ-ਭਰ ਵਿੱਚ ਵੱਸਦੇ ਭਾਰਤੀਆਂ ਲਈ ਜ਼ੁਲਮ ਅਤੇ ਬੇਇਨਸਾਫ਼ੀ ਵਿਰੁੱਧ ਸੰਘਰਸ਼ ਦਾ ਇੱਕ ਚਿੰਨ੍ਹ ਬਣ ਗਈਆਂ ਹਨ। ਦੋ-ਦਿਨਾਂ ਸਮਾਗ਼ਮ ਦੇ ਪਹਿਲੇ ਦਿਨ 23 ਜੁਲਾਈ 1916 ਨੂੰ ਕਾਮਾਗਾਟਾ-ਮਾਰੂ ਜਹਾਜ਼ ਦੀ ਜਬਰਨ ਵਾਪਸੀ ਦੀ 102ਵੀਂ ਵਰ੍ਹੇ-ਗੰਢ ਸਮੇਂ ਕੈਮਲੂਪਸ ਦੀ ਸਾਧ-ਸੰਗਤ ਵੱਲੋਂ ‘ਕਾਮਾਗਾਟਾ-ਮਾਰੂ ਲਾਇਬ੍ਰੇਰੀ’ ਦੇ ਉਦਘਾਟਨ ਦੀ ਪਹਿਲੀ ਵਰ੍ਹੇ-ਗੰਢ ਬੜੇ ਉਤਸ਼ਾਹ ਨਾਲ ਨਿਵੇਕਲੇ ਢੰਗ ਨਾਲ ਮਨਾਈ ਗਈ। ਇਸ ਮੌਕੇ ਦੋ ਖੋਜ ਪੁਸਤਕਾਂ ਪਾਠਕਾਂ ਦੀ ਝੋਲੀ ਪਾਉਣ ਵਾਲੇ ਪ੍ਰਸਿੱਧ ਸਾਹਿਤਕਾਰ ਸੋਹਣ ਸਿੰਘ ਪੂੰਨੀ  ਸਮਾਗ਼ਮ ਦੇ ਮੁੱਖ-ਮਹਿਮਾਨ ਸਨ। ਸਟੇਜ ਉੱਤੇ ਪੂੰਨੀ ਜੀ ਦੇ ਨਾਲ ਗੁਰੂਘਰ ਦੇ ਮੁੱਖ ਸੇਵਾਦਾਰ ਕੁਲਵਿੰਦਰ ਸਿੰਘ ਕੁਲਾਰ ਅਤੇ ਦੋਵੇਂ ਸਕੱਤਰ ਸਹਿਬਾਨ ਈਸ਼ਰ ਸਿੰਘ ਭੱਟੀ ਅਤੇ ਤਜਿੰਦਰ ਸਿੰਘ ਧਾਮੀ ਹਾਜ਼ਰ ਸਨ। ਇਤਿਹਾਸਕਾਰ ਸੋਹਣ ਸਿੰਘ ਪੂੰਨੀ ਨੇ ਆਪਣੇ ਜੋਸ਼ੀਲੇ ਲੈੱਕਚਰ ਵਿੱਚ ਹਿੰਦੋਸਤਾਨ ਗ਼ਦਰ ਪਾਰਟੀ ਦੇ ਆਰੰਭ ਤੋਂ ਲੈ ਕੇ ‘ਕਾਮਾਗਾਟਾ-ਮਾਰੂ’ ਜਹਾਜ਼, ਸ਼ਹੀਦ ਮੇਵਾ ਸਿੰਘ ਲੋਪੋਕੇ ਅਤੇ ਹੋਰ ਮਰਜੀਵੜੇ ਦੇਸ਼-ਭਗਤਾਂ ਬਾਬਾ ਗੁਰਦਿੱਤ ਸਿੰਘ ਅਤੇ ਬੱਜਬਜ ਘਾਟ ਦੇ ਖ਼ੂਨੀ ਸਾਕੇ ਤੱਕ ਦੇ ਰੌਂਗਟੇ ਖੜ੍ਹੇ ਕਰਨ ਵਾਲੇ ਇਤਿਹਾਸ ਨੂੰ ਏਨੇ ਦਿਲਚਸਪ ਢੰਗ ਨਾਲ ਪੇਸ਼ ਕੀਤਾ ਕਿ ਲੈੱਕਚਰ ਅਤੇ ਸਵਾਲਾਂ-ਜਵਾਬਾਂ ਦਾ ਸਮਾਂ ਜਿਵੇਂ ਅੱਖ ਦੇ ਫ਼ੋਰ ਵਿੱਚ ਹੀ ਬੀਤ ਗਿਆ ਹੋਵੇ। ਇਸ ਮੌਕੇ ਪ੍ਰੋਗਰਾਮ ਦਾ ਆਰੰਭ ਈਸ਼ਰ ਸਿੰਘ ਭੱਟੀ ਨੇ ਕੀਤਾ, ਜਦ ਕਿ ਸੋਹਣ ਸਿੰਘ ਪੂੰਨੀ ਜੀ ਦੀ ਜਾਣ-ਪਛਾਣ ਸੁਰਿੰਦਰ ਧੰਜਲ ਵੱਲੋਂ ਕਰਵਾਈ ਗਈ। ਸਵਾਲਾਂ-ਜੁਆਬਾਂ ਦੇ ਸਮੇਂ ਦੀ ਦੇਖ-ਰੇਖ ਕੁਲਵਿੰਦਰ ਸਿੰਘ ਕੁਲਾਰ ਨੇ ਕੀਤੀ ਅਤੇ ਮੁੱਖ-ਬੁਲਾਰੇ ਅਤੇ ਸੰਗਤਾਂ ਦਾ ਧੰਨਵਾਦ ਤਜਿੰਦਰ ਸਿੰਘ ਧਾਮੀ ਵੱਲੋਂ ਕੀਤਾ ਗਿਆ।
ਸਮਾਗ਼ਮ ਦੇ ਦੂਸਰੇ ਦਿਨ 24 ਜੁਲਾਈ ਨੂੰ ਸੋਹਲ ਪਰਿਵਾਰ ਵੱਲੋਂ ਗੁਰਬਾਣੀ ਦੇ ਸਹਿਜ-ਪਾਠ ਦੀ ਸਮਾਪਤੀ ਤੋਂ ਬਾਦ ਇਤਿਹਾਸਕਾਰ ਸੋਹਣ ਸਿੰਘ ਪੂੰਨੀ ਨੂੰ ਗੁਰੂਘਰ ਦੇ ਮੁੱਖ ਸੇਵਾਦਾਰ ਕੁਲਵਿੰਦਰ ਸਿੰਘ ਕੁਲਾਰ ਵੱਲੋਂ ਯਾਦਗਾਰੀ ਤੋਹਫ਼ਿਆਂ ਅਤੇ ਕੁਝ ਪੁਸਤਕਾਂ ਨਾਲ ਸਨਮਾਨਿਤ ਕੀਤਾ ਗਿਆ ਅਤੇ ਇਸ ਲਾਇਬ੍ਰੇਰੀ ਦੇ ਮੁੱਖ-ਪ੍ਰਬੰਧਕ ਸੁਰਿੰਦਰ ਧੰਜਲ ਨੂੰ ‘ਐਪਸੀਏਸ਼ਨ ਸਰਟੀਫੀਕੇਟ’ ਨਾਲ ਸਨਮਾਨਿਤ ਕੀਤਾ ਗਿਆ। ਇੱਥੇ ਇਹ ਵਰਨਣਯੋਗ ਹੈ ਕਿ ਕੈਮਲੂਪਸ ਲਾਇਬ੍ਰੇਰੀ ਦਾ ਇਹ ਪ੍ਰਾਜੈੱਕਟ ਪਿਛਲੇ ਕਈ ਸਾਲਾਂ ਦੀ ਮਿਹਨਤ ਨਾਲ ਸਿਰੇ ਚੜ੍ਹਿਆ ਹੈ। ਇੱਕ ਪਾਸੇ ਬੈਂਸ, ਰੰਧਾਵਾ ਅਤੇ ਧੰਜਲ ਪਰਿਵਾਰ ਨਿਰੋਲ ਨਿਸ਼ਕਾਮ ਸੇਵਾ ਨਾਲ ਦੇਸ਼-ਵਿਦੇਸ਼ ਤੋਂ ਚੋਣਵੀਆਂ ਪੁਸਤਕਾਂ ਪ੍ਰਾਪਤ ਕਰਨ ਵਿੱਚ ਰੁੱਝੇ ਰਹੇ ਅਤੇ ਦੂਸਰੇ ਪਾਸੇ ਗੁਰੂਘਰ ਦੇ 2012 ਤੋਂ ਹੁਣ ਤੱਕ ਦੇ ਸੇਵਾਦਾਰ ਲੋੜੀਂਦਾ ਸੰਵਿਧਾਨਕ ਤੇ ਪ੍ਰਬੰਧਕੀ ਰਾਹ ਪੱਧਰਾ ਕਰਨ ਵਿੱਚ ਜੁੱਟੇ ਰਹੇ। ਇਸ ਸਮੇਂ ਲਾਇਬ੍ਰੇਰੀ ਦੇ ਪ੍ਰਮੁੱਖ-ਵਿਭਾਗਾਂ ਵਿੱਚ ਸਿੱਖ ਧਰਮ ਦੇ ਪ੍ਰਮੁੱਖ ਗ੍ਰੰਥ ਤੇ ਟੀਕੇ, ਸਿੱਖ-ਇਤਿਹਾਸ ਤੇ ਕਾਮਾਗਾਟਾ-ਮਾਰੂ ਸੈੱਕਸ਼ਨ, ਗ਼ਦਰ ਪਾਰਟੀ ਤੇ ਆਜ਼ਾਦੀ ਸੰਗਰਾਮ ਸੈੱਕਸ਼ਨ, ਬੱਚਿਆਂ ਲਈ ਪੁਸਤਕਾਂ ਦਾ ਸੈੱਕਸ਼ਨ ਅਤੇ ਕੈਨੇਡੀਅਨ ਲੇਖਕਾਂ ਦੀਆਂ ਚੋਣਵੀਆਂ 300 ਤੋਂ ਵਧੀਕ ਪੁਸਤਕਾਂ ਹਨ। ਇੱਥੇ ਇਹ ਵਰਨਣਯੋਗ ਹੈ ਕਿ ਲਾਇਬ੍ਰੇਰੀ ਦੇ ਇਸ ਸੁਪਨੇ ਨੂੰ ਸੰਪੂਰਨ ਕਰਨ ਅਤੇ ਇਸ ਦੇ ਉਦਘਾਟਨ ਦੀ ਪਹਿਲੀ ਵਰ੍ਹੇ-ਗੰਢ ਦੇ ਪ੍ਰੋਗਰਾਮ ਦੀ ਤਿਆਰੀ ਅਤੇ ਇਸ ਨੂੰ ਅਮਲੀ ਜਾਮਾ ਪਹਿਨਾਉਣ ਵਿੱਚ ਕੈਨਲੂਪਸ ਵਿੱਚ ਰਹਿੰਦੇ ਪ੍ਰਸਿੱਧ ਪੰਜਾਬੀ ਲੇਖਕ ਅਤੇ ਕੰਪਿਊਟਰ ਵਿਗਿਆਨੀ ਦਾ ਡਾ. ਸੁਰਿੰਦਰ ਧੰਜਲ ਦਾ ਵਿਸ਼ੇਸ਼ ਯੋਗਦਾਨ ਹੈ।
ਇਸ ਵਿਸ਼ੇਸ਼-ਸਮਾਰੋਹ ਸਮੇਂ ਚੋਣਵੀਆਂ ਪੁਸਤਕਾਂ ਦੀ ਪ੍ਰਦਰਸ਼ਨੀ ਲਗਾਈ ਗਈ ਅਤੇ ਸੈਂਕੜੇ ਪੁਸਤਕਾਂ ਦੀ ‘ਪਾਵਰ-ਪੁਆਇੰਟ ਪ੍ਰੋਜੈਕਸ਼ਨ’ ਵਿਖਾਈ ਗਈ।  ਦੋਵੇਂ ਦਿਨ ਗੁਰੂ ਕਾ ਲੰਗਰ ਅਤੁੱਟ ਵਰਤਦਾ ਰਿਹਾ।
ਇਸ ਦੋ-ਦਿਨਾਂ ਸਮਾਰੋਹ ਲਈ ਗੁਰੂਘਰ ਦੇ ਮੁੱਖ ਸੇਵਾਦਾ ਕੁਲਵਿੰਦਰ ਸਿੰਘ ਕੁਲਾਰ ਅਤੇ ਉਨ੍ਹਾਂ ਦੀ ਅਗਵਾਈ ਵਿੱਚ ਸੇਵਾ ਨੂੰ ਅਰਪਿਤ ਗਿਆਰਾਂ-ਮੈਂਬਰੀ ਕਮੇਟੀ ਅਤੇ ਸਮੂਹ-ਸੇਵਾਦਾਰ ਅਤੇ ਕੈਮਲੂਪਸ ਦਾ ਸਮੁੱਚਾ ਭਾਰਤੀ-ਭਾਈਚਾਰਾ ਹਾਰਦਿਕ ਧੰਨਵਾਦ ਦੇ ਹੱਕਦਾਰ ਹਨ ਜਿਨ੍ਹਾਂ ਨੇ ਕਾਮਾਗਾਟਾ-ਮਾਰੂ ਜਹਾਜ਼ ਨਾਲ ਜੁੜੀਆਂ ਯਾਦਾਂ ਨੂੰ ਪੰਜਾਬੀ ਅਤੇ ਅੰਗਰੇਜ਼ੀ ਦੋਵਾਂ ਭਾਸ਼ਾਵਾਂ ਵਿੱਚ ਨਵੀਂ-ਪੀੜ੍ਹੀ ਤੱਕ ਅਪੜਾਉਣ ਦਾ ਉਪਰਾਲਾ ਕਰਕੇ ਹੱਕ, ਸੱਚ ਤੇ ਇਨਸਾਫ਼ ਅਤੇ ਆਜ਼ਾਦੀ ਦਾ ਪਰਚਮ ਬੁਲੰਦ ਕੀਤਾ ਹੈ।

Check Also

ਸਮੂਹ ਕੈਨੇਡਾ-ਵਾਸੀਆਂ ਦੀਆਂ ਜੇਬਾਂ ‘ ਚ ਡਾਲਰ ਪਾਉਣ ਲਈ ਸਰਕਾਰ ਨੇ ਦਿੱਤੀਆਂ ਟੈਕਸ ਰਿਆਇਤਾਂ : ਸੋਨੀਆ ਸਿੱਧੂ

ਬਰੈਂਪਟਨ : ਪਿਛਲੇ ਕੁਝ ਸਾਲ ਲੋਕਾਂ ਲਈ ਚੁਣੌਤੀਆਂ ਭਰਪੂਰ ਰਹੇ ਹਨ ਅਤੇ ਇੰਜ ਲੱਗਦਾ ਹੈ, …