18.3 C
Toronto
Friday, September 18, 2026
spot_img
Homeਕੈਨੇਡਾਟੀ.ਪੀ.ਏ.ਆਰ. ਕਲੱਬ ਦੇ ਸੱਤ ਮੈਂਬਰਾਂ ਨੇ ਨਿੱਜੀ ਤੌਰ 'ਤੇ 'ਜੌਰਜਿਨਾ ਮੈਰਾਥਨ ਤੇ...

ਟੀ.ਪੀ.ਏ.ਆਰ. ਕਲੱਬ ਦੇ ਸੱਤ ਮੈਂਬਰਾਂ ਨੇ ਨਿੱਜੀ ਤੌਰ ‘ਤੇ ‘ਜੌਰਜਿਨਾ ਮੈਰਾਥਨ ਤੇ ਹਾਫ਼-ਮੈਰਾਥਨ’ ਵਿਚ ਭਾਗ ਲਿਆ

ਬਰੈਂਪਟਨ/ਡਾ. ਝੰਡ : ਲੰਘੇ ਐਤਵਾਰ 13 ਸਤੰਬਰ ਨੂੰ ਟੋਰਾਂਟੋ ਤੋਂ 81 ਕਿਲੋਮੀਟਰ ਦੂਰ ਪੈਂਦੇ ਸ਼ਹਿਰ ਜੌਰਜਿਨਾ ਵਿਖੇ ਸਿਮਕੋ ਲੇਕ ਦੇ ਕਿਨਾਰੇ ਦੇ ਖ਼ੂਬਸੂਰਤ ‘ਡੀ ਲਾ ਸਾਲੇ ਪਾਰਕ’ ਵਿੱਚ ਜੌਰਜਿਨਾ ਮਾਥਨ ਐਂਡ ਹਾਫ਼-ਮੈਰਾਥਨ’ ਦੇ ਆਯੋਜਕਾਂ ਵੱਲੋਂ ਫ਼ੁੱਲ-ਮੈਰਾਥਨ, ਹਾਫ਼-ਮੈਰਾਥਨ ਅਤੇ 10 ਕਿਲੋਮੀਟਰ ਦੌੜਾਂ ਦਾ ਈਵੈਂਟ ਆਯੋਜਿਤ ਕੀਤਾ ਗਿਆ। ਬਰੈਂਪਟਨ ਵਿੱਚ ਪਿਛਲੇ 12-13 ਸਾਲਾਂ ਤੋਂ ਵਿਚਰ ਰਹੀ ਟੀ.ਪੀ.ਏ.ਆਰ. ਕਲੱਬ ਦੇ ਪੰਜ ਮੈਂਬਰ ਜਸਵਿੰਦਰ ਜੱਸੀ ਧਾਲੀਵਾਲ, ਕਰਮਜੀਤ ਖੰਗੂੜਾ, ਅਰੁਨ ਗੁਪਤਾ, ਅਮਰਜੀਤ ਸਿੰਘ, ਧਿਆਨ ਸਿੰਘ ਸੋਹਲ, ਨਿਰਮਲ ਗਿੱਲ ਅਤੇ ਗੁਰਦਰਸ਼ਨ ਪਾਲ ਬੇਦੀ ਇਸ ਵਿੱਚ ਨਿੱਜੀ ਤੌਰ ‘ਤੇ ਸ਼ਾਮਲ ਹੋਏ। ਉਹ ਆਪਣੇ ਵਾਹਨਾਂ ਰਾਹੀਂ ਸਵੇਰੇ ਸੱਤ ਵਜੇ ਦੌੜਾਂ ਦੇ ਆਰੰਭ ਹੋਣ ਵਾਲੇ ਸਥਾਨ ਡੀ ਲਾ ਸਾਲੇ ਪਾਰਕ ਪਹੁੰਚ ਗਏ।
ਮੈਰਾਥਨ ਦੌੜ ਪ੍ਰਬੰਧਕਾਂ ਵੱਲੋਂ ਸਵੇਰੇ ਸੱਤ ਵਜੇ ਸ਼ੁਰੂ ਕਰਵਾਈ ਗਈ। ਟੀ.ਪੀ.ਏ.ਆਰ. ਕਲੱਬ ਦੇ ਇਨ੍ਹਾਂ ਪੰਜ ਮੈਂਬਰਾਂ ਵਿੱਚੋਂ ਜੱਸੀ ਧਾਲੀਵਾਲ, ਕਰਮਜੀਤ ਖੰਗੂੜਾ ਅਤੇ ਅਮਰਜੀਤ ਸਿੰਘ 42 ਕਿਲੋਮੀਟਰ ਲੰਮੀ ਮੈਰਾਥਨ ਦੌੜ ਵਿੱਚ ਸ਼ਾਮਲ ਹੋਏ, ਜਦ ਕਿ ਅਰੁਨ ਗੁਪਤਾ ਨੇ ਹਾਫ਼-ਮੈਰਾਥਨ ਅਤੇ ਨਿਰਮਲ ਗਿੱਲ ਨੇ 10 ਕਿਲੋਮੀਟਰ ਦੌੜ ਵਿੱਚ ਸਫ਼ਲਤਾ-ਪੂਰਵਕ ਸ਼ਮੂਲੀਅਤ ਕੀਤੀ। ਜੱਸੀ ਧਾਲੀਵਾਲ ਨੇ ਫ਼ੁੱਲ ਮੈਰਾਥਨ 3 ਘੰਟੇ, 48 ਮਿੰਟ 14 ਸਕਿੰਟ ਵਿੱਚ ਸੰਪੰਨ ਕੀਤੀ, ਜਦਕਿ ਅਬਰਜੀਤ ਖੰਗੂੜਾ ਨੇ ਇਸਦੇ ਲਈ 3 ਘੰਟੇ, 51 ਮਿੰਟ 9 ਸਕਿੰਟ ਅਤੇ ਅਮਰਜੀਤ ਸਿੰਘ ਨੇ 4 ਘੰਟੇ, 29 ਮਿੰਟ ਤੇ 50 ਸਕਿੰਟ ਦਾ ਸਮਾਂ ਲਿਆ। ਹਾਫ਼-ਮੈਰਾਥਨ ਦੌੜ ਵਿੱਚ ਹਿੱਸਾ ਲੈਂਦਿਆਂ ਅਰੁਨ ਗੁਪਤਾ ਨੇ ਇਹ 2 ਘੰਟੇ, 8 ਮਿੰਟ, 25 ਸਕਿੰਟ ਵਿੱਚ ਪੂਰੀ ਕੀਤੀ ਅਤੇ ਧਿਆਨ ਸਿੰਘ ਸੋਹਲਨੇ ਇਸਦੇ ਲਈ 2 ਘੰਟੇ 54 ਮਿੰਟ 24 ਸਕਿੰਟ ਸਮਾਂ ਲਿਆ। ਨਿਰਮਲ ਗਿੱਲ ਨੇ 10 ਕਿਲੋਮੀਟਰ ਪੈਂਡਾ ਦੌੜ ਕੇ ਤੈਅ ਕਰਨ ਲਈ 53 ਮਿੰਟ 11 ਸਕਿੰਟ ਲਏ ਅਤੇ ਗੁਰਦਰਸ਼ਨਪਾਲ ਬੇਦੀ ਨੇ 5 ਕਿਲੋਮੀਟਰ ਦੌੜ 54 ਮਿੰਟ 35 ਸਕਿੰਟ ਵਿਚ ਸੰਪੰਨ ਕੀਤੀ।
ਲੰਮੀਂ ਦੂਰੀ ਵਾਲੀਆਂ ਦੌੜਾਂ ਵਿੱਚ ਭਾਗ ਲੈਣਾ ਤੇ ਇਨ੍ਹਾਂ ਨੂੰ ਸਫ਼ਲਤਾ ਪੂਰਵਕ ਪੂਰਿਆਂ ਕਰਨਾ ਹੀ ਬੜੀ ਵੱਡੀ ਗੱਲ ਹੈ। ਸਮੇਂ ਦੀ ‘ਵਾਧ-ਘਾਟ’ ਦੀ ਇੱਥੇ ਬਹੁਤੀ ਅਹਿਮੀਅਤ ਨਹੀਂ ਰਹਿ ਜਾਂਦੀ। ਜੱਸੀ ਧਾਲੀਵਾਲ ਇਸ ਪੱਤਰਕਾਰ ਨਾਲ ਗੱਲ ਕਰਦਿਆਂ ਦੱਸ ਰਿਹਾ ਸੀ ਕਿ ਦੌੜਾਂ ਵਾਲੇ ਦਿਨ ਤਾਪਮਾਨ ਅਤੇ ਵਾਤਾਵਰਣ ਵਿੱਚ ਸਿਲ੍ਹ ਦੋਵੇਂ ਹੀ ਕਾਫ਼ੀ ਵਧੇਰੇ ਹੋਣ ਕਾਰਨ ਗਰਮੀ ਬਹੁਤ ਜ਼ਿਆਦਾ ਮਹਿਸੂਸ ਹੋ ਰਹੀ ਸੀ। ਬਹੁਤ ਸਾਰੇ ਦੌੜਾਕ ਘੜੀ-ਮੁੜੀ ”ਵੈਰੀ ਹੌਟ ਟੂਡੇ” ਅਤੇ ”ਟੂ ਹੌਟ ਟੂਡੇ” ਮੂੰਹੋਂ ਉਚਾਰ ਰਹੇ ਸਨ ਅਤੇ ਕਈ ਗੋਰੇ ਦੌੜਾਕ ਤਾਂ ”ਵੀ ਆਰ ਮੈੱਲਟਿੰਗ” ਵੀ ਕਹਿ ਰਹੇ ਸਨ। ਇਸ ਦੌਰਾਨ ਤਿੰਨ-ਚਾਰ ਦੌੜਾਕ ਗਰਮੀ ਕਾਰਨ ਡਿੱਗ ਕੇ ਬੇਹੋਸ਼ ਵੀ ਹੋ ਗਏ ਅਤੇ ਪੈਰਾਮੀਡਿਕ-ਸਟਾਫ਼ ਵੱਲੋਂ ਉਨ੍ਹਾਂ ਨੂੰ ਐਂਬੂਲੈਂਸਾਂ ਵਿੱਚ ਪਾ ਕੇ ਹਸਪਤਾਲ ਲਿਜਾਣਾ ਪਿਆ।
ਸਖ਼ਤ ਗਰਮੀ ਵਾਲੇ ਇਸ ਦਿਨ ਦੌੜਾਕਾਂ ਨੇ ਬੇਹੱਦ ਹੌਸਲੇ, ਦੌੜਾਂ ਲਈ ਵਚਨਬੱਧਤਾ ਤੇ ਪ੍ਰਤੀਬੱਧਤਾ ਅਤੇ ਟੀਮ-ਸਪਿਰਟ ਦਾ ਵਧੀਆ ਮੁਜ਼ਾਹਰਾ ਕੀਤਾ। ਟੀ.ਪੀ.ਏ.ਆਰ. ਕਲੱਬ ਦੇ ਮੈਂਬਰਾਂ ਵੱਲੋਂ ਗੁਰਦਰਸ਼ਨ ਪਾਲ ਬੇਦੀ ਅਤੇ ਜੱਸ ਖੌਸਾ ਦਾ ਉਨ੍ਹਾਂ ਵੱਲੋਂ ਕੀਤੀ ਜਾ ਰਹੀ ਨਿਰੰਤਰ ਹੌਸਲਾ ਅਫ਼ਜ਼ਾਈ ਅਤੇ ਹੱਲਾਸ਼ੇਰੀ ਲਈ ਦਿਲੀ ਧੰਨਵਾਦ ਕੀਤਾ ਗਿਆ। ਇਸਦੇ ਨਾਲ ਹੀ ਕਲੱਬ ਦੇ ਸੀਨੀਅਰ ਮੈਂਬਰ ਮੈਰਾਥਨ ਦੌੜਾਕ ਧਿਆਨ ਸਿੰਘ ਸੋਹਲ ਦਾ ਉਨ੍ਹਾਂ ਵੱਲੋਂ ਵਿਸ਼ੇਸ਼ ਧੰਨਵਾਦ ਕੀਤਾ ਗਿਆ।

RELATED ARTICLES
POPULAR POSTS