ਬਰੈਂਪਟਨ/ਡਾ. ਝੰਡ : ਕੁਦਰਤੀ ਖ਼ੂਬਸੂਰਤੀ ਨਾਲ ਭਰਪੂਰ ‘ਕ੍ਰਿਸਟੀ ਲੇਕ ਕਨਜ਼ਰਵੇਸ਼ਨ ਏਰੀਆ’ ਹੈਮਿਲਟਨ ਵਿੱਚ ਲੰਘੇ ਸ਼ਨੀਵਾਰ 12 ਸਤੰਬਰ ਨੂੰ ਆਯੋਜਿਤ ਕੀਤੀ ਗਈ 5 ਕਿਲੋਮੀਟਰ ‘ਰਨ-ਕਮ-ਵਾਕ’ ਵਿੱਚ ਟੀ.ਪੀ.ਏ.ਆਰ. ਕਲੱਬ ਦੇ 18 ਮੈਂਬਰਾਂ ਨੇ ਬੜੇ ਜੋਸ਼ ਤੇ ਉਤਸ਼ਾਹ ਨਾਲ ਭਾਗ ਲਿਆ। ਦੌੜ ਅਤੇ ਵਾਕ ਦੇ ਇਸ ਈਵੈਂਟ ਵਿੱਚ 1500 ਤੋਂ ਵਧੀਕ ਦੌੜਾਕਾਂ ਤੇ ਪੈਦਲ ਚੱਲਣ ਵਾਲੇ ਸ਼ਾਮਲ ਹੋਏ। ਇਹ ਉਨ੍ਹਾਂ ਵਿੱਚ ਨਵੀਂ ਊਰਜਾ ਤੇ ਤਾਜ਼ਗੀ ਭਰਨ ਵਾਲਾ ਦਿਲਚਸਪ ਈਵੈਂਟ ਸੀ।
ਇਹ ਮਹਿਜ਼ ਇੱਕ ‘ਰਨਿੰਗ ਈਵੈਂਟ’ ਨਹੀਂ ਹੈ, ਬਲਕਿ ਇਸਦੇ ਪਿੱਛੇ ਬੜੀ ਵੱਡੀ ਮਨੁੱਖੀ ਭਾਵਨਾ ਕੰਮ ਕਰ ਰਹੀ ਹੈ। ਇਸ ਵਿੱਚ ਸਪਾਂਸਰਾਂ ਅਤੇ ਰਜਿਸਟਰ ਹੋਣ ਵਾਲੀਆਂ ਟੀਮਾਂ ਤੇ ਨਿੱਜੀ ਤੌਰ ‘ਤੇ ਸ਼ਾਮਲ ਹੋਣ ਵਾਲੇ ਵਿਅੱਕਤੀਆਂ ਵੱਲੋਂ ਪ੍ਰਾਪਤ ਹੋਈ ਵਿੱਤੀ ਰਾਸ਼ੀ ਮੈਕਮਾਸਟਰ ਯੂਨੀਵਰਸਿਟੀ ਦੇ ਜੁਰਾਵਿੰਸਕੀ ਕੈਂਸਰ ਸੋਸਾਇਟੀ ਨੂੰ ਭੇਜੀ ਜਾਂਦੀ ਹੈ ਜਿਸ ਦੇ ਨਾਲ ਕੈਂਸਰ ਨਾਲ ਜੂਝ ਰਹੇ ਰੋਗੀਆਂ ਦਾ ਇਲਾਜ ਕੀਤਾ ਜਾਂਦਾ ਹੈ। ਇਸ ਵਾਰ ਪ੍ਰਬੰਧਕਾਂ ਵੱਲੋਂ 500,026 ਡਾਲਰ ਇਕੱਤਰ ਹੋਣ ਦਾ ਟੀਚਾ ਮਿਥਿਆ ਗਿਆ ਸੀ ਪਰ ਉਨ੍ਹਾਂ ਦੀ ਆਸ ਦੇ ਉਲਟ ਇਸ ਈਵੈਂਟ ‘ਤੇ 545,000 ਡਾਲਰ ਇਕੱਠੇ ਹੋਏ ਜੋ ਉਨ੍ਹਾਂ ਦੇ ਲਈ ਹੌਸਲਾ, ਉਤਸ਼ਾਹ ਅਤੇ ਹੱਲਾਸ਼ੇਰੀ ਵਧਾਉਣ ਵਾਲੀ ਗੱਲ ਹੈ।
ਟੀ.ਪੀ.ਏ.ਆਰ. ਕਲੱਬ ਦੇ 18 ਮੈਂਬਰ ਸਵੇਰੇ 8.00 ਵਜੇ ਆਪਣੀਆਂ ਕਾਰਾਂ ਰਾਹੀਂ ਈਵੈਂਟ ਦੇ ਆਰੰਭ ਹੋਣ ਵਾਲੀ ਜਗ੍ਹਾ ਪਹੁੰਚ ਗਏ ਅਤੇ ਈਵੈਂਟ ਦੇ ਮੇਜ਼ਬਾਨਾਂ ਸੰਨੀ ਜੈਨੈਸਕੋ ਤੇ ਨੈਂਸੀ ਮੈਕਮਿਲਨ ਨੂੰ ਮਿਲੇ, ਜਿਨ੍ਹਾਂ ਵੱਲੋਂ ਬੜੇ ਤਪਾਕ ਨਾਲ ਕਲੱਬ ਮੈਂਬਰਾਂ ਦਾ ਸੁਆਗ਼ਤ ਕੀਤਾ ਗਿਆ।
ਉੱਥੇ ਹੀ ਕਲੱਬ ਮੈਂਬਰਾਂ ਨੂੰ ਮੈਕਮਾਸਟਰ ਯੂਨੀਵਰਸਿਟੀ ਵਿੱਚ ਕੈਂਸਰ ਉੱਪਰ ਖੋਜ ਕਰਹੇ ਡਾ. ਜੈਨਾ ਸਮਿੱਥ-ਟੁਰਚਿਨ ਅਤੇ ਕੈਂਸਰ ਦੀ ਨਾ-ਮੁਰਾਦ ਬੀਮਾਰੀ ਤੋਂ ਰਾਹਤ ਪਾ ਚੁੱਕੇ ਰੋਗੀ ਨਾਲ ਮੁਲਾਕਾਤ ਕਰਨ ਦਾ ਮੌਕਾ ਮਿਲਿਆ। ਉਨ੍ਹਾਂ ਨੂੰ ਮਿਲ਼ ਕੇ ਕਲੱਬ ਮੈਂਬਰਾਂ ਨੂੰ ਇਸ ਈਵੈਂਟ ਵਿੱਚ ਸ਼ਾਮਲ ਹੋਣ ਦੇ ਅਸਲ ਮਕਸਦ ਬਾਰੇ ਵੱਡਮੁੱਲੀ ਜਾਣਕਾਰੀ ਪ੍ਰਾਪਤ ਹੋਈ।
ਦੌੜ ਤੇ ਵਾਕ ਦੇ ਇਸ ਈਵੈਂਟ ਵਿੱਚ ਸ਼ਮੂਲੀਅਤ ਕਰਦਿਆਂ ਉਨ੍ਹਾਂ ਨੇ ਦੌੜ ਦੇ ਰਸਤੇ ਵਿੱਚ ਕੁਦਰਤੀ ਨਜ਼ਾਰਿਆਂ ਦਾ ਪੂਰਾ ਲੁਤਫ਼ ਲਿਆ। ਦੌੜ ਦੀ ਸਮਾਪਤੀ ‘ਤੇ ਮਿਊਜ਼ਿਕ, ਗਾਣਿਆਂ ਅਤੇ ਉੱਥੇ ਸਜੇ ਵੱਖ-ਵੱਖ ਕਮਿਊਨਿਟੀ ਬੂਥਾਂ ਨੂੰ ਵੇਖਣ ਦਾ ਆਪਣਾ ਹੀ ਮਜ਼ਾ ਸੀ। ਇਸ ਈਵੈਂਟ ਵਿੱਚ ਕਲੱਬ ਦੇ ਚੇਅਰਪਰਸਨ ਸੰਧੂਰਾ ਸਿੰਘ ਦੀ ਅਗਵਾਈ ਵਿੱਚ ਕਲੱਬ ਦੇ ਮੈਂਬਰ ਨਰਿੰਦਰ ਪਾਲ ਬੈਂਸ, ਸੁਰਿੰਦਰ ਨਾਗਰਾ, ਮਨਜੀਤ ਨੌਟਾ, ਕਰਮਜੀਤ ਗਿੱਲ, ਨਿਰਮਲ ਗਿੱਲ, ਕੇਸਰ ਬੜੈਚ, ਸਿਮਰਜੀਤ ਭੁੱਲਰ, ਗੈਰੀ ਗਿੱਲ, ਰਾਹੁਲ ਗਰੇਵਾਲ, ਸੁਰਿੰਦਰ ਧਾਲੀਵਾਲ, ਤਰਸੇਮ ਧਾਲੀਵਾਲ, ਤਰਸੇਮ, ਜਸਬੀਰਪਾਲ ਸਿੰਘ, ਪਿੰਕੀ ਬੈਂਸ, ਸੰਨੀ, ਉਨ੍ਹਾਂ ਦੀ ਪਤਨੀ ਤੇ ਬੇਟਾ ਗੈਵਨ ਅੱਟਾ ਸ਼ਾਮਲ ਸਨ।

