ਓਟਵਾ/ਬਿਊਰੋ ਨਿਊਜ਼ : ਕੈਨੇਡਾ ਵਿੱਚ ਬੱਚਿਆਂ ਦੀਆਂ ਦਵਾਈਆਂ ਦੀ ਘਾਟ ਪਾਈ ਜਾ ਰਹੀ ਹੈ ਪਰ ਅਜਿਹੇ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਉਹ ਨਹੀਂ ਜਾਣਦੇ ਕਿ ਫਾਰਮਾਸਿਊਟੀਕਲਜ ਦੇ ਘਰੇਲੂ ਉਤਪਾਦਨ ਵਿੱਚ ਵਾਧਾ ਕੀਤਾ ਜਾਣਾ ਇਸ ਸਮੱਸਿਆ ਦਾ ਸਹੀ ਹੱਲ ਹੋਵੇਗਾ।
ਉਨ੍ਹਾਂ ਆਖਿਆ ਕਿ ਇਨ੍ਹਾਂ ਦਵਾਈਆਂ ਦੇ ਘਰੇਲੂ ਉਤਪਾਦਨ ਦੀ ਥਾਂ ਭਰੋਸੇਯੋਗ ਸਪਲਾਈ ਚੇਨਜ ਤੇ ਸਮਝੌਤਿਆਂ ਰਾਹੀਂ ਵੀ ਦਵਾਈਆਂ ਦੀ ਲੋੜੀਂਦੀ ਮਾਤਰਾ ਹਾਸਲ ਕੀਤੀ ਜਾ ਸਕਦੀ ਹੈ।
ਜਿਕਰਯੋਗ ਹੈ ਕਿ ਕਈ ਮਹੀਨਿਆਂ ਤੋਂ ਕੈਨੇਡਾ ਵਿੱਚ ਬੱਚਿਆਂ ਦੀਆਂ ਦਰਦਨਿਵਾਰਕ ਦਵਾਈਆਂ ਦੀ ਕਿੱਲਤ ਪਾਈ ਜਾ ਰਹੀ ਹੈ। ਦੂਜੇ ਪਾਸੇ ਸਾਹ ਸਬੰਧੀ ਵਾਇਰਸ ਤੇ ਇਨਫਲੂਐਂਜਾ ਦੇ ਮਾਮਲੇ ਵੱਧ ਜਾਣ ਕਾਰਨ ਬੱਚਿਆਂ ਦਾ ਬੁਖਾਰ ਤੇ ਦਰਦ ਠੀਕ ਕਰਨ ਲਈ ਹੱਥ ਪੈਰ ਮਾਰ ਰਹੇ ਮਾਪਿਆਂ ਦੀ ਜਾਨ ਮੁੱਠੀ ਵਿੱਚ ਆਈ ਹੋਈ ਹੈ।
ਦਵਾਈਆਂ ਦੀ ਘਾਟ ਕਾਰਨ ਲੋੜੀਂਦੀਆਂ ਦਵਾਈਆਂ ਦੇ ਉਤਪਾਦਨ ਵਿੱਚ ਵਧੇਰੇ ਨਿਵੇਸ ਕਰਨ ਦੀ ਮੰਗ ਵੀ ਉੱਠ ਰਹੀ ਹੈ। ਪਰ ਟਰੂਡੋ ਦਾ ਕਹਿਣਾ ਹੈ ਕਿ ਟੈਕਸਦਾਤਾਵਾਂ ਦੇ ਡਾਲਰਾਂ ਦੀ ਇਹ ਬਿਹਤਰੀਨ ਵਰਤੋਂ ਨਹੀਂ ਹੋਵੇਗੀ। ਉਨ੍ਹਾਂ ਆਖਿਆ ਕਿ ਉਹ ਬਿਹਤਰੀਨ ਪਹੁੰਚ ਅਪਣਾ ਕੇ ਦਵਾਈਆਂ ਦੀ ਇਸ ਕਮੀ ਨੂੰ ਪੂਰਾ ਕਰਨ ਲਈ ਪੂਰੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਇਹ ਵੀ ਆਖਿਆ ਕਿ ਇਸ ਲਈ ਉਨ੍ਹਾਂ ਨੂੰ ਭਾਵੇਂ ਦੁਨੀਆ ਦੇ ਕਿਸੇ ਵੀ ਕੋਨੇ ਤੋਂ ਦਵਾਈਆਂ ਮੰਗਵਾਉਣੀਆਂ ਪੈਣ ਉਹ ਮੰਗਵਾਉਣਗੇ।
ਜਿਨ੍ਹਾਂ ਦਵਾਈਆਂ ਦੀ ਘਾਟ ਚੱਲ ਰਹੀ ਹੈ ਉਨ੍ਹਾਂ ਦੀ ਪੂਰਤੀ ਲਈ ਕੈਨੇਡੀਅਨ ਸਰਕਾਰ ਇੰਪੋਰਟਸ ਉੱਤੇ ਨਿਰਭਰ ਹੈ। ਹੈਲਥ ਕੈਨੇਡਾ ਵੱਲੋਂ ਵਿਦੇਸ਼ਾਂ ਤੋਂ 1.9 ਮਿਲੀਅਨ ਅਜਿਹੀਆਂ ਦਵਾਈਆਂ ਦੀਆਂ ਸ਼ੀਸ਼ੀਆਂ ਮੰਗਵਾਈਆਂ ਗਈਆਂ ਹਨ ਤੇ ਅਜੇ ਹੋਰ ਆਉਣੀਆਂ ਬਾਕੀ ਹਨ। ਇਹ ਖੁਲਾਸਾ ਸਰਕਾਰੀ ਤਰਜਮਾਨ ਵੱਲੋਂ ਕੀਤਾ ਗਿਆ। ਉਨ੍ਹਾਂ ਇਹ ਵੀ ਆਖਿਆ ਕਿ ਇਨ੍ਹਾਂ ਦਵਾਈਆਂ ਦੀ ਘਾਟ ਨੂੰ ਪੂਰਾ ਕਰਨ ਲਈ ਸਰਕਾਰ ਹਰ ਹੀਲਾ ਵਰਤ ਰਹੀ ਹੈ। ਪਰ ਇਸ ਦੌਰਾਨ ਫਾਰਮਾਸਿਸਟਸ ਵੱਲੋਂ ਇਹ ਚੇਤਾਵਨੀ ਜਾਰੀ ਕੀਤੀ ਗਈ ਹੈ ਕਿ ਇਹ ਇੰਪੋਰਟ ਕਾਫੀ ਨਹੀਂ ਹੋਵੇਗਾ।