ਬਰੈਂਪਟਨ/ਡਾ. ਝੰਡ : ਪੰਜਾਬੀ ਕਮਿਊਨਿਟੀ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਉਸ ਦੇ ਹੋਣਹਾਰ 10 ਮੀਟਰ ਰਾਈਫਲ ਨਿਸ਼ਾਨੇਬਾਜ਼ ਰਾਜਪ੍ਰੀਤ ਸਿੰਘ ਜਿਸ ਨੇ ਕੁੱਝ ਮਹੀਨੇ ਪਹਿਲਾਂ ਇਸ ਗੇਮ ਦੇ ਹੋਏ ਵਰਲਡ ਕੱਪ 2021 (ਜੂਨੀਅਰਜ਼) , ਕੈਨੇਡਾ ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਮੁਕਾਬਲਿਆਂ ਵਿੱਚ ਨਿੱਜੀ ਤੌਰ ‘ ਤੇ ਅਤੇ ਟੀਮ ਵਜੋਂ ਜੇਤੂ ਰਹਿ ਕੇ ਕਈ ਗੋਲਡ ਮੈਡਲ ਪ੍ਰਾਪਤ ਕੀਤੇ ਹਨ, ਨੂੰ ਪਿਛਲੇ ਦਿਨੀਂ ਬਰੈਂਪਟਨ ਦੇ ਸਿਟੀ ਹਾਲ ਵਿੱਚ ਹੋਏ ਇਕ ਸਮਾਗਮ ਵਿੱਚ ਬਰੈਂਪਟਨ ਸਿਟੀ ਕੌਂਸਲ ਵੱਲੋਂ ਸਨਮਾਨਿਤ ਕੀਤਾ ਗਿਆ।
ਮੇਅਰ ਪੈਟਰਿਕ ਬਰਾਊਨ ਦੇ ਬਰੈਂਪਟਨ ਤੋਂ ਬਾਹਰ ਗਏ ਹੋਣ ਕਾਰਨ ਰਾਜਪ੍ਰੀਤ ਸਿੰਘ ਨੂੰ ਸਨਮਾਨਿਤ ਕਰਨ ਦੀ ਇਹ ਰਸਮ ਡਿਪਟੀ ਮੇਅਰ ਹਰਕੀਰਤ ਸਿੰਘ ਅਤੇ ਵਾਰਡ ਨੰਬਰ 9-10 ਦੇ ਰੀਜਨਲ ਕੌਂਸਲਰ ਗੁਰਪ੍ਰੀਤ ਸਿੰਘ ਤੂਰ ਵੱਲੋਂ ਮਿਲ ਕੇ ਨਿਭਾਈ ਗਈ। ਰਾਜਪ੍ਰੀਤ ਦੀਆਂ ਕੈਨੇਡਾ ਵਿਚਲੀਆਂ ਇਨ੍ਹਾਂ ਪ੍ਰਾਪਤੀਆਂ ਅਤੇ ਉਸ ਦੇ ਪਿਛਲੇ ਗੇਮ-ਰਿਕਾਰਡ ਤੋਂ ਪ੍ਰਭਾਵਿਤ ਹੋ ਕੇ ਉਸ ਨੂੰ ਬਰੈਂਪਟਨ ਸਿਟੀ ਕੌਂਸਲ ਵੱਲੋਂ ਸਨਮਾਨਿਤ ਕਰਨ ਦਾ ਇਹ ਫ਼ੈਸਲਾ ਲਿਆ ਗਿਆ। ਇਸ ਮੌਕੇ ਇਕੱਤਰ ਖੇਡ-ਪ੍ਰੇਮੀਆਂ ਨੂੰ ਸੰਬੋਧਨ ਕਰਦਿਆਂ ਡਿਪਟੀ ਮੇਅਰ ਅਤੇ ਰੀਜਨਲ ਕੌਂਸਲਰ ਗੁਰਪ੍ਰੀਤ ਸਿੰਘ ਤੂਰ ਨੇ ਕਿਹਾ ਕਿ ਉਹ ਰਾਜਪ੍ਰੀਤ ਸਿੰਘ ਦੀ ਪੱਕੀ ਇੰਮੀਗ੍ਰੇਸ਼ਨ ਲਈ ਜ਼ੋਰਦਾਰ ਕੋਸ਼ਿਸ਼ ਕਰਨਗੇ ਤਾਂ ਜੋ ਉਹ ਅਗਲੇਰੇ ਸਾਲ 2024 ਵਿੱਚ ਹੋਣ ਵਾਲੀਆਂ ਓਲੰਪਿਕ-ਖੇਡਾਂ ਵਿੱਚ ਕੈਨੇਡਾ ਵੱਲੋਂ ਭਾਗ ਲੈ ਸਕੇ। ਰਾਈਫਲ ਫੈੱਡਰੇਸ਼ਨ ਆਫ ਕੈਨੇਡਾ ਦਾ ਇਸ ਸਬੰਧੀ ਕਹਿਣਾ ਹੈ ਕਿ ਇਸ ਮੁਕਾਬਲੇ ਲਈ ਰਾਜਪ੍ਰੀਤ ਸਿੰਘ ਹੀ ਕੈਨੇਡਾ ਦਾ ਇੱਕੋ-ਇੱਕ ਜੂਨੀਅਰ ਖਿਡਾਰੀ ਹੈ ਜੋ ਓਲੰਪਿਕਸ ਲਈ ਕੁਆਲੀਫਾਈ ਕਰ ਰਿਹਾ ਹੈ। ਉਹ 2024 ਦੀਆਂ ਓਲੰਪਿਕਸ ਵਿੱਚ ਤਾਂ ਹੀ ਭਾਗ ਲੈ ਸਕਦਾ ਹੈ ਜੇਕਰ ਉਸ ਦੀ ਇੰਮੀਗ੍ਰੇਸ਼ਨ ਦੀ ਅੜਿੱਚਣ ਦੂਰ ਹੋ ਜਾਂਦੀ ਹੈ। ਇਸਦੇ ਨਾਲ ਹੀ ਟੋਰਾਂਟੋ ਪੀਅਰਸਨ ਏਅਰਪੋਰਟ ਰੱਨਰਜ਼ ਕਲੱਬ (ਟੀ.ਪੀ.ਏ.ਆਰ. ਕਲੱਬ) ਲਈ ਵੀ ਇਹ ਬੜੇ ਫ਼ਖ਼ਰ ਵਾਲੀ ਗੱਲ ਹੈ ਕਿ ਰਾਜਪ੍ਰੀਤ ਸਿੰਘ ਇਸ ਕਲੱਬ ਦੇ ਸਰਗਰਮ ਮੈਂਬਰ ਹਰਜੀਤ ਸਿੰਘ ਦਾ ਸਕਾ ਭਤੀਜਾ ਹੈ ਜੋ ਵੱਖ-ਵੱਖ ਟੋਰਾਂਟੋ ਅਤੇ ਇਸ ਦੇ ਆਸ-ਪਾਸ ਦੇ ਸ਼ਹਿਰਾਂ ਵਿੱਚ ਹੋਣ ਵਾਲੇ ਮੈਰਾਥਨ ਅਤੇ ਹਾਫ-ਮੈਰਾਥਨ ਮੁਕਾਬਲਿਆਂ ਵਿੱਚ ਹਿੱਸਾ ਲੈ ਕੇ ਕਲੱਬ ਦਾ ਨਾਂ ਰੌਸ਼ਨ ਕਰਦੇ ਰਹਿੰਦੇ ਹਨ। ਰਾਜਪ੍ਰੀਤ ਸਿੰਘ ਦੇ ਸਨਮਾਨਿਤ ਹੋਣ ਤੇ ਕਲੱਬ ਦੇ ਚੇਅਰਪਰਸਨ ਸੰਧੂਰਾ ਸਿੰਘ ਬਰਾੜ ਅਤੇ ਹੋਰ ਮੈਂਬਰਾਂ ਵੱਲੋਂ ਹਰਜੀਤ ਸਿੰਘ ਅਤੇ ਰਾਜਪ੍ਰੀਤ ਸਿੰਘ ਦੋਹਾਂ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।