Breaking News
Home / ਜੀ.ਟੀ.ਏ. ਨਿਊਜ਼ / ਜਬਰਨ ਵਸੂਲੀ ਦੇ ਮਾਮਲੇ ਵਿੱਚ 5 ਪੰਜਾਬੀ ਵਿਅਕਤੀਆਂ ਨੂੰ ਕੀਤਾ ਗਿਆ ਚਾਰਜ

ਜਬਰਨ ਵਸੂਲੀ ਦੇ ਮਾਮਲੇ ਵਿੱਚ 5 ਪੰਜਾਬੀ ਵਿਅਕਤੀਆਂ ਨੂੰ ਕੀਤਾ ਗਿਆ ਚਾਰਜ

ਓਨਟਾਰੀਓ/ਬਿਊਰੋ ਨਿਊਜ਼ : ਜੀਟੀਏ ਭਰ ਵਿੱਚ ਸੰਪਤੀ ਨੂੰ ਨੁਕਸਾਨ ਪਹੁੰਚਾਉਣ, ਧਮਕੀਆਂ ਦੇਣ ਤੇ ਹਥਿਆਰਾਂ ਨਾਲ ਸਬੰਧਤ ਜੁਰਮ ਕਰਨ ਵਾਲਿਆਂ ਲਈ ਪੀਲ ਰੀਜਨ ਦੀ ਐਕਸਟੌਰਸਨ ਇਨਵੈਸਟੀਗੇਟਿਵ ਟਾਸਕ ਫੋਰਸ ਵੱਲੋਂ ਪੰਜ ਵਿਅਕਤੀਆਂ ਨੂੰ ਚਾਰਜ ਕੀਤਾ ਗਿਆ ਹੈ।
ਪੀਲ ਪੁਲਿਸ ਨੇ ਦੱਸਿਆ ਕਿ ਦਸੰਬਰ 2023 ਤੇ ਜਨਵਰੀ 2024 ਨੂੰ ਕੇਲਡਨ ਦੇ ਬਿਜਨਸ ਮਾਲਕ ਨਾਲ ਜੁੜੇ ਮਾਮਲੇ ਦੇ ਸਬੰਧ ਵਿੱਚ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਤੇ ਚਾਰਜ ਕੀਤਾ ਗਿਆ। 24 ਜਨਵਰੀ, 2024 ਨੂੰ ਬਰੈਂਪਟਨ ਦੇ ਇੱਕ ਘਰ ਦੀ ਤਲਾਸੀ ਲੈਣ ਤੋਂ ਬਾਅਦ 23 ਸਾਲਾ ਗਗਨ ਅਜੀਤ ਸਿੰਘ, 23 ਸਾਲਾ ਅਨਮੋਲਦੀਪ ਸਿੰਘ, 25 ਸਾਲਾ ਹਸਮੀਤ ਕੌਰ ਤੇ 21 ਸਾਲ ਲਾਇਮਨਜੋਤ ਕੌਰ ਨੂੰ ਗ੍ਰਿਫਤਾਰ ਕੀਤਾ ਗਿਆ। ਇਨ੍ਹਾਂ ਚਾਰਾਂ ਖਿਲਾਫ ਜਬਰਨ ਵਸੂਲੀ ਕਰਨ, ਧਮਕੀਆਂ ਦੇਣ, ਅਗਜਨੀ ਤੇ ਫਰਾਡ ਕਰਨ ਦੇ ਨਾਲ ਨਾਲ ਹਥਿਆਰ ਰੱਖਣ ਦੇ ਕੁੱਲ 23 ਚਾਰਜਿਜ ਲਾਏ ਗਏ। 25 ਜਨਵਰੀ, 2024 ਨੂੰ ਪੁਲਿਸ ਨੇ 39 ਸਾਲਾਂ ਦੇ ਅਰੁਣਦੀਪ ਥਿੰਦ, ਜਿਸ ਦਾ ਕੋਈ ਪੱਕਾ ਟਿਕਾਣਾ ਨਹੀਂ ਹੈ, ਨੂੰ ਗ੍ਰਿਫਤਾਰ ਕੀਤਾ। ਇੱਕ 32 ਸਾਲਾ ਵਿਅਕਤੀ ਵੱਲੋਂ ਵੱਡੀ ਰਕਮ ਦੀ ਮੰਗ ਕਰਨ ਵਾਲੀ ਫੋਨ ਕਾਲ ਤੇ ਧਮਕੀਆਂ ਮਿਲਣ ਦੀ ਸਿਕਾਇਤ ਤੋਂ ਬਾਅਦ ਇਸ ਸਖਸ ਨੁੰ ਗ੍ਰਿਫਤਾਰ ਕੀਤਾ ਗਿਆ।
ਪੁਲਿਸ ਨੇ ਦੱਸਿਆ ਕਿ ਇਸ ਸਮੇਂ ਉਨ੍ਹਾਂ ਵੱਲੋਂ ਨਵੰਬਰ 2023 ਦੇ ਪੀਲ ਰੀਜਨ ਨਾਲ ਸਬੰਧਤ ਜਬਰਨ ਵਸੂਲੀ ਦੇ 29 ਮਾਮਲਿਆਂ ਵਿੱਚ ਜਾਂਚ ਚੱਲ ਰਹੀ ਹੈ। ਨੌਂ ਮਾਮਲੇ ਤਾਂ ਕਾਰੋਬਾਰਾਂ ਉੱਤੇ ਗੋਲੀਆਂ ਚਲਾਉਣ ਦੇ ਹੀ ਹਨ। ਇਨ੍ਹਾਂ ਮਾਮਲਿਆਂ ਵਿੱਚ ਕੋਈ ਜਖਮੀ ਨਹੀਂ ਹੋਇਆ। ਜਾਂਚਕਾਰਾਂ ਨੇ ਦੱਸਿਆ ਕਿ ਜਿਨ੍ਹਾਂ ਕਾਰੋਬਾਰਾਂ ਨੂੰ ਨਿਸਾਨਾ ਬਣਾਇਆ ਗਿਆ ਉਹ ਸਾਊਥ ਏਸੀਅਨ ਰੈਸਟੋਰੈਂਟਸ, ਬੇਕਰੀਆਂ, ਟਰੱਕਿੰਗ ਤੇ ਟਰਾਂਸਪੋਰਟ ਕੰਪਨੀਆਂ, ਯੂਜਡ ਕਾਰਾਂ ਦੀਆਂ ਡੀਲਰਸਿਪਜ ਤੇ ਜਿਊਲਰੀ ਸਟੋਰ ਹਨ।
ਪੁਲਿਸ ਨੇ ਦੱਸਿਆ ਕਿ ਇਨ੍ਹਾਂ ਘਟਨਾਵਾਂ ਦੇ ਸਿਕਾਰ ਲੋਕਾਂ ਨਾਲ ਸੋਸਲ ਮੀਡੀਆ ਰਾਹੀਂ ਸੰਪਰਕ ਕੀਤਾ ਜਾਂਦਾ ਹੈ ਤੇ ਹਿੰਸਕ ਧਮਕੀਆਂ ਦੇ ਕੇ ਉਨ੍ਹਾਂ ਤੋਂ ਕੈਨੇਡੀਅਨ ਜਾਂ ਭਾਰਤੀ ਕਰੰਸੀ ਵਿੱਚ ਅਦਾਇਗੀ ਦੀ ਮੰਗ ਕੀਤੀ ਜਾਂਦੀ ਹੈ।
ਪੀਲ ਰੀਜਨਲ ਪੁਲਿਸ ਦੇ ਚੀਫ ਨਿਸਾਨ ਦੁਰੱਈਅੱਪਾ ਵੱਲੋਂ ਬਿਜਨਸ ਤੇ ਕਮਿਊਨਿਟੀ ਆਗੂਆਂ ਨੂੰ ਉਸ ਸੂਰਤ ਵਿੱਚ ਅੱਗੇ ਆਉਣ ਲਈ ਆਖਿਆ ਗਿਆ ਹੈ ਜੇ ਉਨ੍ਹਾਂ ਨੂੰ ਅਜਿਹੀਆਂ ਧਮਕੀਆਂ ਮਿਲੀਆਂ ਹਨ। ਉਨ੍ਹਾਂ ਆਖਿਆ ਕਿ ਅਸੀੰ ਸਾਊਥ ਏਸੀਅਨ ਕਮਿਊਨਿਟੀ ਤੇ ਬਿਜਨਸ ਕਮਿਊਨਿਟੀ ਤੋਂ ਇਸ ਤਰ੍ਹਾਂ ਦੀਆਂ ਧਮਕੀਆਂ ਦੇ ਖੌਫ ਬਾਰੇ ਸੁਣਿਆ ਸੀ ਤੇ ਇਹ ਸਾਡੀ ਜਿੰਮੇਵਾਰੀ ਬਣਦੀ ਹੈ ਕਿ ਇਸ ਰੁਝਾਨ ਨੂੰ ਖਤਮ ਕੀਤਾ ਜਾਵੇ। ਇਸ ਕਮਿਊਨਿਟੀ ਨੂੰ ਨਿਸਾਨਾ ਬਣਾਉਣ ਵਾਲਿਆਂ ਨੂੰ ਬਰਦਾਸਤ ਨਹੀਂ ਕੀਤਾ ਜਾਵੇਗਾ।
ਬਰੈਂਪਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਨੇ ਆਖਿਆ ਕਿ ਜਬਰਨ ਵਸੂਲੀ ਸਬੰਧੀ ਮਿਲਣ ਵਾਲੀਆਂ ਧਮਕੀਆ ਨਾਲ ਕਮਿਊਨਿਟੀ ਉੱਤੇ ਮਾੜਾ ਅਸਰ ਪੈ ਰਿਹਾ ਹੈ। ਉਨ੍ਹਾਂ ਆਖਿਆ ਕਿ ਤਾਜਾ ਗ੍ਰਿਫਤਾਰੀਆਂ ਨਾਲ ਅਸੀੰਂ ਇਹ ਸਪਸਟ ਸੁਨੇਹਾ ਦੇ ਦਿੱਤਾ ਹੈ ਕਿ ਇਸ ਤਰ੍ਹਾਂ ਦੀ ਜਬਰਨ ਵਸੂਲੀ ਬਰਦਾਸਤ ਨਹੀਂ ਕੀਤੀ ਜਾਵੇਗੀ। ਪੀਲ ਪੁਲਿਸ ਅਲਬਰਟਾ ਤੇ ਬ੍ਰਿਟਿਸ ਕੋਲੰਬੀਆ ਪੁਲਿਸ ਨਾਲ ਵੀ ਰਾਬਤਾ ਰੱਖ ਕੇ ਚੱਲ ਰਹੀ ਹੈ ਕਿਉਂਕਿ ਅਜਿਹੀਆਂ ਧਮਕੀਆਂ ਦਾ ਰੁਝਾਨ ਉੱਥੇ ਵੀ ਪਾਇਆ ਗਿਆ। ਇਸ ਤੋਂ ਇਲਾਵਾ ਭਾਰਤ ਦੀ ਪੁਲਿਸ ਨਾਲ ਵੀ ਰਾਬਤਾ ਰੱਖਿਆ ਜਾ ਰਿਹਾ ਹੈ।

 

Check Also

ਅਲਬਰਟਾ ਵਿਚ ਕੋਵਿਡ-19 ਦੇ ਕੇਸਾਂ ‘ਚ ਹੋਇਆ ਵਾਧਾ

ਕਰੋਨਾ ਵਾਇਰਸ ਦੇ ਕੇਸਾਂ ਨਾਲ ਜੂਝ ਰਹੇ ਹਸਪਤਾਲ ਐਡਮਿੰਟਨ/ਬਿਊਰੋ ਨਿਊਜ਼ : ਕੋਵਿਡ -19 ਦੇ ਅੰਕੜਿਆਂ …