ਯੂਐਸ ਐਫਡੀਏ ਨੇ ਦਿੱਤੀ ਮਨਜੂਰੀ
ਵਾਸ਼ਿੰਗਟਨ : ਅਮਰੀਕਾ ‘ਚ ਬੱਚਿਆਂ ਨੂੰ ਵੀ ਕਰੋਨਾ ਦੀ ਵੈਕਸੀਨ ਲੱਗਣ ਦਾ ਰਾਹ ਪੱਧਰਾ ਹੋ ਗਿਆ ਹੈ। ਅਮਰੀਕੀ ਖ਼ੁਰਾਕ ਤੇ ਔਸ਼ਧੀ ਪ੍ਰਸ਼ਾਸਨ (ਐਫਡੀਏ) ਨੇ ਫਾਈਜ਼ਰ-ਬਾਇਓਐੱਨਟੈੱਕ ਦੀ ਕੋਵਿਡ-19 ਵੈਕਸੀਨ ਨੂੰ 12 ਤੋਂ 15 ਸਾਲ ਦੇ ਬੱਚਿਆਂ ‘ਚ ਐਮਰਜੈਂਸੀ ਇਸਤੇਮਾਲ ਦੀ ਮਨਜ਼ੂਰੀ ਦੇ ਦਿੱਤੀ ਹੈ। ਜ਼ਿਕਰਯੋਗ ਹੈ ਕਿ ਭਾਰਤ ਵਿਚ ਕਰੋਨਾ ਵਾਇਰਸ ਇਨਫੈਕਸ਼ਨ ਦੀ ਤੀਸਰੀ ਲਹਿਰ ਨਾਲ ਨਜਿੱਠਣ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਮਾਹਿਰਾਂ ਦੀ ਮੰਨੀਏ ਤਾਂ ਭਾਰਤ ‘ਚ ਕਰੋਨਾ ਦੀ ਤੀਸਰੀ ਲਹਿਰ ਦੌਰਾਨ ਬੱਚੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਣਗੇ। ਅਜਿਹੇ ਵਿਚ ਐੱਫਡੀਏ ਵੱਲੋਂ ਉਠਾਇਆ ਗਿਆ ਕਦਮ ਕਾਫੀ ਅਹਿਮ ਹੈ। ਅਮਰੀਕਾ ਨੇ ਕਰੋਨਾ ਵਾਇਰਸ ਖਿਲਾਫ ਜਾਰੀ ਜੰਗ ਵਿਚ ਇਸ ਨੂੰ ਇਕ ਮਹੱਤਵਪੂਰਨ ਫ਼ੈਸਲਾ ਦੱਸਦੇ ਹੋਏ ਵੈਕਸੀਨ ਦੇ ਇਸਤੇਮਾਲ ਨੂੰ ਮਨਜ਼ੂਰੀ ਦਿੱਤੀ। ਐੱਫਡੀਏ ਦੇ ਤਾਇਨਾਤ ਕਮਿਸ਼ਨਰ ਡਾਕਟਰ ਜੈਨੇਟ ਵੁੱਡਕਾਕ ਨੇ ਕਿਹਾ ਕਿ ਵੈਕਸੀਨ ਦੇ ਇਸਤੇਮਾਲ ਸਬੰਧੀ ਲਿਆ ਗਿਆ ਇਹ ਫ਼ੈਸਲਾ ਸਾਨੂੰ ਆਮ ਸਥਿਤੀ ‘ਚ ਵਾਪਸੀ ਨੇੜੇ ਲਿਆਵੇਗਾ। ਮਾਤਾ-ਪਿਤਾ ਤੇ ਮਾਪੇ ਇਸ ਗੱਲ ਲਈ ਆਸਵੰਦ ਹੋ ਸਕਦੇ ਹਨ ਕਿ ਏਜੰਸੀ ਨੇ ਸਾਰੇ ਉਪਲਬਧ ਡਾਟਾ ਦੀ ਡੂੰਘੀ ਸਮੀਖਿਆ ਕੀਤੀ ਹੈ।
ਫਾਈਜ਼ਰ-ਬਾਇਓਐੱਨਟੈੱਕ ਦੀ ਕੋਵਿਡ-19 ਵੈਕਸੀਨ ਦਾ ਇਸਤੇਮਾਲ ਇਸ ਵੇਲੇ ਭਾਰਤ ਸਮੇਤ ਕਈ ਦੇਸ਼ਾਂ ਵਿਚ ਬਾਲਗਾਂ ‘ਤੇ ਹੋ ਰਿਹਾ ਹੈ। ਉੱਥੇ ਹੀ ਅਮਰੀਕਾ ‘ਚ ਇਸ ਨੂੰ 16 ਸਾਲ ਜਾਂ ਉਸ ਤੋਂ ਜ਼ਿਆਦਾ ਉਮਰ ਦੇ ਲੋਕਾਂ ਲਈ ਲਈ ਪਹਿਲਾਂ ਹੀ ਮਨਜ਼ੂਰ ਕੀਤਾ ਜਾ ਚੁੱਕਾ ਹੈ। ਇਹ ਪਾਇਆ ਗਿਆ ਹੈ ਕਿ ਇਹ ਵੈਕਸੀਨ ਛੋਟੇ ਬੱਚਿਆਂ ਲਈ ਵੀ ਠੀਕ ਹੈ। ਅਸਲ ਵਿਚ, ਬਜ਼ੁਰਗਾਂ ਤੇ ਬਾਲਗਾਂ ਨੂੰ ਕਰੋਨਾ ਵੈਕਸੀਨ ਦੇਣ ਤੋਂ ਬਾਅਦ ਹੁਣ ਸਾਰੇ ਬੱਚਿਆਂ ਲਈ ਚਿੰਤਤ ਹਨ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਕਰੋਨਾ ਵਾਇਰਸ ਹੁਣ ਬੱਚਿਆਂ ਨੂੰ ਵੀ ਆਪਣੀ ਗ੍ਰਿਫਤ ਵਿਚ ਲੈ ਸਕਦਾ ਹੈ। ਅਜਿਹੇ ਵਿਚ ਫਾਈਜ਼ਰ ਨੇ ਮਾਰਚ ਵਿਚ ਅੰਕੜੇ ਜਾਰੀ ਕਰ ਕੇ ਦੱਸਿਆ ਸੀ ਕਿ 12-15 ਸਾਲ ਦੇ 2,260 ਵਾਲੰਟੀਅਰਜ਼ ਨੂੰ ਵੈਕਸੀਨ ਦਿੱਤੀ ਗਈ। ਟੈਸਟ ਦੇ ਡਾਟਾ ਵਿਚ ਪਾਇਆ ਗਿਆ ਕਿ ਪੂਰੇ ਵੈਕਸੀਨੇਸ਼ਨ ਤੋਂ ਬਾਅਦ ਇਨ੍ਹਾਂ ਬੱਚਿਆਂ ਵਿਚ ਕਰੋਨਾ ਇਨਫੈਕਸ਼ਨ ਦਾ ਕੋਈ ਕੇਸ ਨਹੀਂ ਮਿਲਿਆ।