-13.4 C
Toronto
Friday, January 23, 2026
spot_img
Homeਭਾਰਤਗੁਰੂਗ੍ਰਾਮ ਦੇ ਰਿਆਨ ਕਤਲ ਕੇਸ 'ਚ 11ਵੀਂ ਦਾ ਵਿਦਿਆਰਥੀ ਗ੍ਰਿਫਤਾਰ

ਗੁਰੂਗ੍ਰਾਮ ਦੇ ਰਿਆਨ ਕਤਲ ਕੇਸ ‘ਚ 11ਵੀਂ ਦਾ ਵਿਦਿਆਰਥੀ ਗ੍ਰਿਫਤਾਰ

ਸੀ ਬੀ ਆਈ ਦਾ ਦਾਅਵਾ – ਆਰੋਪੀ ਨੇ ਆਪਣੇ ਪਿਤਾ ਸਾਹਮਣੇ ਗੁਨਾਹ ਕਬੂਲਿਆ
ਨਵੀਂ ਦਿੱਲੀ : ਗੁਰੂਗ੍ਰਾਮ ਦੇ ਰਿਆਨ ਇੰਟਰਨੈਸ਼ਨਲ ਸਕੂਲ ਵਿਚ ਸੱਤ ਸਾਲਾ ਵਿਦਿਆਰਥੀ ਦੇ ਕਤਲ ਸਬੰਧੀ ਸੀਬੀਆਈ ਨੇ 11ਵੀਂ ਜਮਾਤ ਦੇ ਵਿਦਿਆਰਥੀ ਨੂੰ ਕਾਬੂ ਕੀਤਾ ਹੈ। ਸੀ ਬੀ ਆਈ ਨੇ ਅਦਾਲਤ ‘ਚ ਦੱਸਿਆ ਕਿ ਆਰੋਪੀ ਨੇ ਆਪਣੇ ਪਿਤਾ ਦੇ ਸਾਹਮਣੇ ਗੁਨਾਹ ਕਬੂਲ ਕਰ ਲਿਆ ਹੈ। ਆਰੋਪੀ ਕਥਿਤ ਤੌਰ ‘ਤੇ ਮਾਪੇ-ਅਧਿਆਪਕ ਮੀਟਿੰਗ ਅਤੇ ਪ੍ਰੀਖਿਆ ਨੂੰ ਮੁਲਤਵੀ ਕਰਾਉਣਾ ਚਾਹੁੰਦਾ ਸੀ। ਸੀਬੀਆਈ ਦੇ ਤਰਜਮਾਨ ਨੇ ਦੱਸਿਆ ਕਿ ਸਕੂਲ ਵਿਚ ਆਪਣੇ ਜੂਨੀਅਰ ਵਿਦਿਆਰਥੀ ਦੇ ਕਥਿਤ ਕਤਲ ਲਈ ਹਾਈ ਸਕੂਲ ਵਿਦਿਆਰਥੀ (16 ਸਾਲ) ਨੂੰ ਕਾਬੂ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ 8 ਸਤੰਬਰ ਦੀ ਸਵੇਰ ਨੂੰ ਦੂਜੀ ਜਮਾਤ ਦੇ ਵਿਦਿਆਰਥੀ ਪ੍ਰਦੁਯਮਨ ਦੀ ਲਾਸ਼ ਮਿਲੀ ਸੀ। ਉਸ ਦੀ ਗਰਦਨ ‘ਤੇ ਤੇਜ਼ਧਾਰ ਹਥਿਆਰ ਦੇ ਫੱਟ ਸਨ।
ਸੀਬੀਆਈ ਨੂੰ ਬੱਸ ਕੰਡਕਟਰ ਅਸ਼ੋਕ ਕੁਮਾਰ ਖ਼ਿਲਾਫ਼ ਕੋਈ ਸਬੂਤ ਨਹੀਂ ਮਿਲਿਆ ਹੈ ਜਦੋਂਕਿ ਇਸ ਕਤਲ ਵਿਚ ਗੁਰੂਗ੍ਰਾਮ ਪੁਲਿਸ ਨੇ ਇਕੱਲੇ ਅਸ਼ੋਕ ਕੁਮਾਰ ਨੂੰ ਹੀ ਮੁਲਜ਼ਮ ਬਣਾਇਆ ਸੀ। ਸੀਬੀਆਈ ਜਾਂਚ ਪੁਲਿਸ ਲਈ ਵੱਡੀ ਨਮੋਸ਼ੀ ਬਣ ਗਈ ਹੈ। ਸੀਬੀਆਈ ਦੇ ਤਰਜਮਾਨ ਅਭਿਸ਼ੇਕ ਦਿਆਲ ਨੇ ਦੱਸਿਆ ਕਿ ਕਤਲ ਲਈ ਵਰਤਿਆ ਗਿਆ ਚਾਕੂ ਪਖਾਨੇ ਵਿੱਚੋਂ ਮਿਲ ਗਿਆ ਸੀ, ਜਿਥੇ ਕਥਿਤ ਤੌਰ ‘ਤੇ ਇਹ ਕਤਲ ਹੋਇਆ ਸੀ। ਕੇਂਦਰੀ ਜਾਂਚ ਏਜੰਸੀ ਮੁਤਾਬਕ 11ਵੀਂ ਜਮਾਤ ਦਾ ਇਹ ਵਿਦਿਆਰਥੀ ਪੜ੍ਹਾਈ ਵਿਚ ਕਮਜ਼ੋਰ ਸੀ। ਉਸ ਨੇ ਕਥਿਤ ਤੌਰ ‘ਤੇ ਪ੍ਰਦੁਮਯਨ ਦਾ ਗਲਾ ਵੱਢਿਆ ਸੀ ਤਾਂ ਜੋ ਸਕੂਲ ਛੁੱਟੀ ਐਲਾਨ ਦੇਵੇ ਅਤੇ ਉਸ ਦਿਨ ਹੋਣ ਵਾਲੀ ਮਾਪੇ-ਅਧਿਆਪਕ ਮੀਟਿੰਗ (ਪੀਟੀਐਮ) ਤੇ ਪ੍ਰੀਖਿਆ ਰੱਦ ਹੋ ਜਾਵੇ। ਇਕ ਅਧਿਕਾਰੀ ਨੇ ਕਿਹਾ ਕਿ ਸਕੂਲ ਸਟਾਫ, ਅਧਿਆਪਕਾਂ ਤੇ ਵਿਦਿਆਰਥੀਆਂ ਤੋਂ ਪੁੱਛ ਪੜਤਾਲ, ਵਾਰਦਾਤ ਵਾਲੀ ਜਗ੍ਹਾ ਦੇ ਜਾਇਜ਼ੇ, ਫੋਰੈਂਸਿਕ ਜਾਂਚ ਅਤੇ ਸੀਸੀਟੀਵੀ ਫੁਟੇਜ ਖੰਗਾਲਣ ਬਾਅਦ ਸੀਬੀਆਈ ਇਸ ਕਤਲ ਦੀਆਂ ਕੜੀਆਂ ਜੋੜਨ ਵਿਚ ਕਾਮਯਾਬ ਹੋਈ ਹੈ।

 

RELATED ARTICLES
POPULAR POSTS