ਓਟਵਾ/ਬਿਊਰੋ ਨਿਊਜ਼ : ਕੈਨੇਡਾ ਦੀਆਂ ਚੋਣਾਂ ਵਿੱਚ ਚੀਨ ਵੱਲੋਂ ਦਖਲਅੰਦਾਜ਼ੀ ਕਰਨ ਦੇ ਦੋਸਾਂ ਦੇ ਚੱਲਦਿਆਂ ਲਿਬਰਲ ਐਮਪੀ ਹੈਨ ਡੌਂਗ ਨੇ ਲਿਬਰਲ ਕਾਕਸ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਇਹ ਵੀ ਆਖਿਆ ਕਿ ਉਹ ਇੰਡੀਪੈਂਡੈਂਟ ਵਜੋਂ ਹਾਊਸ ਵਿੱਚ ਬੈਠਣਗੇ। ਹਾਊਸ ਆਫ ਕਾਮਨਜ਼ ਵਿੱਚ ਆਪਣਾ ਪੱਖ ਰੱਖਦਿਆਂ ਡੌਂਗ ਨੇ ਆਖਿਆ ਕਿ ਕੁੱਝ ਮੀਡੀਆ ਆਊਟਲੈਟਸ ਵੱਲੋਂ ਅਪੁਸਟ ਰਿਪੋਰਟਾਂ ਤੇ ਗੁੰਮਨਾਮ ਸੂਤਰਾਂ ਦੇ ਹਵਾਲੇ ਨਾਲ ਉਨ੍ਹਾਂ ਖਿਲਾਫ ਜਿਹੜੀਆਂ ਅਫਵਾਹਾਂ ਫੈਲਾਈਆਂ ਗਈਆਂ ਹਨ ਉਸ ਨਾਲ ਉਨ੍ਹਾਂ ਦੀ ਸਾਖ ਨੂੰ ਕਾਫੀ ਢਾਹ ਲੱਗੀ ਹੈ ਤੇ ਕੈਨੇਡਾ ਪ੍ਰਤੀ ਉਨ੍ਹਾਂ ਦੀ ਵਫਾਦਾਰੀ ਉੱਤੇ ਵੀ ਸਵਾਲ ਉੱਠੇ ਹਨ। ਜ਼ਿਕਰਯੋਗ ਹੈ ਕਿ ਗੁਮਨਾਮ ਸਕਿਊਰਿਟੀ ਸੂਤਰਾਂ ਦੇ ਹਵਾਲੇ ਨਾਲ ਛਪੀ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਡੌਂਗ ਨੇ ਮਾਈਕਲ ਸਪੇਵਰ ਤੇ ਮਾਈਕਲ ਕੋਵਰਿਗ ਬਾਰੇ ਫਰਵਰੀ 2021 ਵਿੱਚ ਟੋਰਾਂਟੋ ਸਥਿਤ ਚੀਨੀ ਡਿਪਲੋਮੈਟ ਨਾਲ ਗੱਲ ਕੀਤੀ ਸੀ। ਉਸ ਸਮੇਂ ਇਹ ਦੋਵੇਂ ਕੈਨੇਡੀਅਨ ਦੋ ਸਾਲ ਤੋਂ ਵੀ ਵੱਧ ਸਮੇਂ ਤੋਂ ਚੀਨ ਵਿੱਚ ਨਜਰਬੰਦ ਸਨ। ਇਨ੍ਹਾਂ ਨੂੰ ਕਥਿਤ ਤੌਰ ਉੱਤੇ ਦਸੰਬਰ 2018 ਵਿੱਚ ਵੈਨਕੂਵਰ ਤੋਂ ਗ੍ਰਿਫਤਾਰ ਕੀਤੀ ਗਈ ਚੀਨ ਦੀ ਨਾਮੀ ਕੰਪਨੀ ਹੁਆਵੇ ਦੀ ਐਗਜੈਕਟਿਵ ਮੈਂਗ ਵਾਨਜੋਊ ਦੇ ਸਬੰਧ ਵਿੱਚ ਬਦਲਾਲਊ ਕਾਰਵਾਈ ਤਹਿਤ ਚੀਨ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ। ਡੌਂਗ ਨੇ ਹਾਊਸ ਆਫ ਕਾਮਨਜ ਨੂੰ ਦੱਸਿਆ ਕਿ ਇਹ ਰਿਪੋਰਟਾਂ ਝੂਠੀਆਂ ਹਨ ਤੇ ਉਹ ਇਹ ਸਪਸਟ ਕਰਨਾ ਚਾਹੁੰਦੇ ਹਨ ਕਿ ਉਨ੍ਹਾਂ ਵੱਲੋਂ ਕਿਸੇ ਵੀ ਕੈਨੇਡੀਅਨ ਦੇ ਮੂਲ ਮਨੁੱਖੀ ਅਧਿਕਾਰਾਂ ਦੀ ਉਲੰਘਣਾਂ ਦਾ ਸਮਰਥਨ ਜਾਂ ਪੈਰਵੀ ਨਹੀਂ ਕੀਤੀ ਗਈ।
ਲਿਬਰਲ ਐਮਪੀ ਹੈਨ ਡੌਂਗ ਨੇ ਕਾਕਸ ਤੋਂ ਦਿੱਤਾ ਅਸਤੀਫਾ
RELATED ARTICLES

