Breaking News
Home / ਜੀ.ਟੀ.ਏ. ਨਿਊਜ਼ / ਬੈਂਕ ਆਫ ਕੈਨੇਡਾ ਨੇ ਵਿਆਜ਼ ਦਰਾਂ ‘ਚ 25 ਅੰਕਾਂ ਦਾ ਕੀਤਾ ਵਾਧਾ

ਬੈਂਕ ਆਫ ਕੈਨੇਡਾ ਨੇ ਵਿਆਜ਼ ਦਰਾਂ ‘ਚ 25 ਅੰਕਾਂ ਦਾ ਕੀਤਾ ਵਾਧਾ

ਓਟਵਾ/ਬਿਊਰੋ ਨਿਊਜ਼ : ਲੰਘੇ ਦਿਨੀਂ ਬੈਂਕ ਆਫ ਕੈਨੇਡਾ ਵੱਲੋਂ ਇਕ ਵਾਰ ਫਿਰ ਤੋਂ ਆਪਣੀਆਂ ਵਿਆਜ਼ ਦਰਾਂ ਵਿੱਚ 25 ਅੰਕਾਂ ਦੇ ਵਾਧੇ ਦਾ ਐਲਾਨ ਕੀਤਾ ਗਿਆ। ਇਸ ਨਾਲ ਵਿਆਜ਼ ਦਰ ਹੁਣ 4.75 ਫੀਸਦੀ ਤੱਕ ਪਹੁੰਚ ਗਈ ਹੈ। ਜਨਵਰੀ ਵਿੱਚ ਇਨ੍ਹਾਂ ਦਰਾਂ ਵਿੱਚ ਵਾਧੇ ਉੱਤੇ ਰੋਕ ਲਾਏ ਜਾਣ ਤੋਂ ਬਾਅਦ ਬੈਂਕ ਵੱਲੋਂ ਇਹ ਪਹਿਲਾ ਵਾਧਾ ਕੀਤਾ ਗਿਆ ਹੈ। ਅਪ੍ਰੈਲ 2001 ਤੋਂ ਲੈ ਕੇ ਹੁਣ ਤੱਕ ਸੈਂਟਰਲ ਬੈਂਕ ਦੀਆਂ ਵਿਆਜ਼ ਦਰਾਂ ਵਿੱਚ ਐਨਾ ਵਾਧਾ ਕਦੇ ਨਹੀਂ ਸੀ ਹੋਇਆ।
ਕੈਨੇਡਾ ਦੇ ਆਰਥਿਕ ਵਿਕਾਸ ਸਮੇਤ ਕਈ ਹੋਰ ਕਾਰਨ ਹਨ ਜਿਨ੍ਹਾਂ ਕਰਕੇ ਬੈਂਕ ਵੱਲੋਂ ਵਿਆਜ਼ ਦਰਾਂ ਵਿੱਚ ਵਾਧਾ ਕੀਤਾ ਗਿਆ ਹੈ। ਇਸ ਸਾਲ ਪਹਿਲੀ ਤਿਮਾਹੀ ਵਿੱਚ ਕੁੱਲ ਘਰੇਲੂ ਉਤਪਾਦ 3.1 ਫੀਸਦੀ ਤੱਕ ਅੱਪੜ ਗਿਆ। ਬੈਂਕ ਨੇ ਆਖਿਆ ਕਿ ਕੰਜ਼ਿਊਮਰਜ਼ ਵੱਲੋਂ ਕੀਤੇ ਜਾ ਰਹੇ ਖਰਚੇ ਕਾਰਨ ਅਰਥਚਾਰੇ ਵਿੱਚ ਡਿਮਾਂਡ ਵਿੱਚ ਮੁੜ ਉਛਾਲ ਆਇਆ ਹੈ। ਹਾਊਸਿੰਗ ਮਾਰਕਿਟ ਵਿੱਚ ਸਰਗਰਮੀ ਮੁੜ ਵਧੀ ਹੈ ਤੇ ਕੈਨੇਡੀਅਨ ਲੇਬਰ ਮਾਰਕਿਟ ਅਜੇ ਵੀ ਟਾਈਟ ਚੱਲ ਰਹੀ ਹੈ।
ਅਪ੍ਰੈਲ ਦੇ ਮਹੀਨੇ 10 ਮਹੀਨਿਆਂ ਵਿੱਚ ਪਹਿਲੀ ਵਾਰੀ ਮਹਿੰਗਾਈ 4.4 ਫੀਸਦੀ ਤੱਕ ਅੱਪੜ ਗਈ। ਬੈਂਕ ਨੂੰ ਅਜੇ ਵੀ ਆਸ ਹੈ ਕਿ ਗਰਮੀਆਂ ਵਿੱਚ ਮਹਿੰਗਾਈ 3 ਫੀ ਸਦੀ ਤੱਕ ਘੱਟ ਸਕਦੀ ਹੈ। ਪਰ ਇਹ ਚਿੰਤਾ ਵੀ ਬਣੀ ਹੋਈ ਹੈ ਕਿ ਕਿਤੇ ਮਹਿੰਗਾਈ 2 ਫੀ ਸਦੀ ਦੇ ਟੀਚੇ ਤੋਂ ਉੱਤੇ ਹੀ ਨਾ ਅੜ ਜਾਵੇ।
ਇਸ ਦੌਰਾਨ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਆਖਿਆ ਕਿ ਕੈਨੇਡਾ ਨੇ ਅਰਥਭਰਪੂਰ ਢੰਗ ਨਾਲ ਤਰੱਕੀ ਕੀਤੀ ਹੈ, ਪਿਛਲੇ ਸਾਲ ਮਹਿੰਗਾਈ 8.1 ਫੀਸਦੀ ਨਾਲੋਂ ਇਸ ਸਾਲ ਅਪ੍ਰੈਲ ਵਿੱਚ 4.4 ਫੀਸਦੀ ਤੱਕ ਅੱਪੜ ਗਈ। ਓਟਵਾ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਫਰੀਲੈਂਡ ਨੇ ਆਖਿਆ ਕਿ ਅਸੀਂ ਇਸ ਔਖੇ ਵੇਲੇ ਦੇ ਖ਼ਤਮ ਹੋਣ ਦੇ ਕਾਫੀ ਨੇੜੇ ਹਾਂ ਤੇ ਫਿਰ ਅਸੀਂ ਮੱਠੀ ਪਰ ਸਥਿਰ ਮਹਿੰਗਾਈ ਤੇ ਮਜ਼ਬੂਤ ਵਿਕਾਸ ਵੱਲ ਮੁੜਾਂਗੇ। ਵਿਰੋਧੀ ਧਿਰ ਵੱਲੋਂ ਵਿੱਤੀ ਖਰਚਿਆਂ ਦੇ ਮਾਮਲੇ ਵਿੱਚ ਫੈਡਰਲ ਸਰਕਾਰ ਦੀ ਜੰਮ ਕੇ ਨਿਖੇਧੀ ਕੀਤੀ ਗਈ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …