21.8 C
Toronto
Sunday, October 5, 2025
spot_img
Homeਜੀ.ਟੀ.ਏ. ਨਿਊਜ਼ਰਫਿਊਜੀਆਂ ਦੀ ਹਾਊਸਿੰਗ ਲਈ ਫੈਡਰਲ ਸਰਕਾਰ ਵੱਲੋਂ ਕੋਈ ਮਦਦ ਨਹੀਂ ਕੀਤੀ ਜਾ...

ਰਫਿਊਜੀਆਂ ਦੀ ਹਾਊਸਿੰਗ ਲਈ ਫੈਡਰਲ ਸਰਕਾਰ ਵੱਲੋਂ ਕੋਈ ਮਦਦ ਨਹੀਂ ਕੀਤੀ ਜਾ ਰਹੀ : ਚਾਓ

ਟੋਰਾਂਟੋ/ਬਿਊਰੋ ਨਿਊਜ਼ : ਟੋਰਾਂਟੋ ਦੀ ਨਵੀਂ ਮੇਅਰ ਓਲੀਵੀਆ ਚਾਓ ਨੇ ਬੁੱਧਵਾਰ ਨੂੰ ਫੈਡਰਲ ਸਰਕਾਰ ਉੱਤੇ ਵਰ੍ਹਦਿਆਂ ਆਖਿਆ ਕਿ ਜਿੰਨੇ ਵੀ ਰਫਿਊਜੀਆਂ ਨੂੰ ਸਰਕਾਰ ਦੇਸ਼ ਵਿੱਚ ਲੈ ਕੇ ਆ ਰਹੀ ਹੈ ਉਨ੍ਹਾਂ ਦੀ ਹਾਊਸਿੰਗ ਲਈ ਉਸ ਵੱਲੋਂ ਭੋਰਾ ਵੀ ਜ਼ਿੰਮੇਵਾਰੀ ਨਹੀਂ ਨਿਭਾਈ ਜਾ ਰਹੀ। ਪਰ ਉਨ੍ਹਾਂ ਇਹ ਆਸ ਵੀ ਪ੍ਰਗਟਾਈ ਕਿ ਹਾਲਾਤ ਵਿੱਚ ਸੁਧਾਰ ਲਿਆਉਣ ਲਈ ਉਹ ਫੈਡਰਲ ਸਰਕਾਰ ਨਾਲ ਰਲ ਕੇ ਕੋਈ ਹੱਲ ਕੱਢ ਲਵੇਗੀ।
ਸਕਾਰਬਰੋ ਵਿੱਚ ਕਮਿਊਨਿਟੀ ਆਗੂਆਂ ਤੇ ਪ੍ਰਾਈਵੇਟ ਸੈਕਟਰ ਦੇ ਆਗੂਆਂ ਨਾਲ ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚਾਓ ਨੇ ਆਖਿਆ ਕਿ ਰਫਿਊਜੀਆਂ ਦੀ ਹਾਊਸਿੰਗ ਲਈ ਫੈਡਰਲ ਸਰਕਾਰ ਵੱਲੋਂ ਇਸ ਵੇਲੇ ਧੇਲੇ ਦੀ ਮਦਦ ਨਹੀਂ ਕੀਤੀ ਜਾ ਰਹੀ। ਉਨ੍ਹਾਂ ਆਖਿਆ ਕਿ ਸਿਟੀ ਦੇ ਖਚਾਖਚ ਭਰੇ ਸ਼ੈਲਟਰ ਸਿਸਟਮ ਵਿੱਚ ਹਰ ਤੀਜਾ ਕਲਾਇੰਟ ਰਫਿਊਜੀ ਹੈ ਤੇ ਏਰੀਏ ਵਿੱਚ ਮੌਜੂਦ ਰਫਿਊਜੀ ਫੈਡਰਲ ਸਰਕਾਰ ਦੀ ਜ਼ਿੰਮੇਵਾਰੀ ਹਨ। ਉਨ੍ਹਾ ਆਖਿਆ ਕਿ ਮਜਬੂਰੀ ਵਿੱਚ ਲੋਕਾਂ ਨੂੰ ਸਾਈਡਵਾਕਸ ਉੱਤੇ ਕੈਂਪ ਲਾ ਕੇ ਦਿਨ ਟਪਾਉਣੇ ਪੈ ਰਹੇ ਹਨ, ਉੱਥੇ ਨੇੜੇ ਹੀ ਉਨ੍ਹਾਂ ਦੇ ਸਮਾਨ ਦੇ ਢੇਰ ਵੀ ਲੱਗੇ ਰਹਿੰਦੇ ਹਨ ਤੇ ਆਲੇ ਦੁਆਲੇ ਕੰਬਲ ਆਦਿ ਪਏ ਆਮ ਵੇਖੇ ਜਾ ਸਕਦੇ ਹਨ।
ਹਾਲਾਂਕਿ ਚਾਓ ਨੇ ਮੇਅਰ ਦੇ ਅਹੁਦੇ ਦੀ ਸੰਹੁ 12 ਜੁਲਾਈ ਨੂੰ ਚੁੱਕਣੀ ਹੈ ਪਰ ਉਨ੍ਹਾਂ ਵੱਲੋਂ ਆਪਣਾ ਕੰਮਕਾਜ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਸਬੰਧ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਹੋਈ ਗੱਲਬਾਤ ਬਾਰੇ ਉਨ੍ਹਾਂ ਆਖਿਆ ਕਿ ਇਸ ਤੋਂ ਬਾਅਦ ਉਹ ਆਸਵੰਦ ਹਨ ਕਿ ਇਸ ਪਾਸੇ ਜਲਦ ਹੀ ਸਕਾਰਾਤਮਕ ਢੰਗ ਨਾਲ ਅੱਗੇ ਵਧਿਆ ਜਾਵੇਗਾ। ਉਨ੍ਹਾਂ ਆਉਣ ਵਾਲੇ ਦਿਨਾਂ ਵਿੱਚ ਰਫਿਊਜੀਜ਼ ਦੇ ਗਰੁੱਪਜ਼ ਨਾਲ ਮੁਲਾਕਾਤ ਕਰਨ ਦਾ ਸੰਕੇਤ ਵੀ ਦਿੱਤਾ। ਉਨ੍ਹਾਂ ਆਖਿਆ ਕਿ ਉਹ ਉਨ੍ਹਾਂ ਦੀਆਂ ਲੋੜਾਂ ਬਾਰੇ ਵੀ ਜਾਣਕਾਰੀ ਹਾਸਲ ਕਰਨਾ ਚਾਹੁੰਦੀ ਹੈ।

 

RELATED ARTICLES
POPULAR POSTS