ਨਵੀਆਂ ਗੱਡੀਆਂ ਖਰੀਦਣ ਲਈ ਭੇਜੀ ਤਜਵੀਜ਼ ਰੱਦ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਵਿੱਤ ਵਿਭਾਗ ਨੇ ਰੱਜੇ-ਪੁੱਜੇ ਸਿਆਸਤਦਾਨਾਂ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਸੇਵਾ ਮੁਕਤ ਪੁਲਿਸ ਅਧਿਕਾਰੀਆਂ ਅਤੇ ਧਰਮ ਦੇ ‘ਠੇਕੇਦਾਰਾਂ’ ਨੂੰ ਸਰਕਾਰੀ ਖ਼ਰਚੇ ‘ਤੇ ਦਿੱਤੀਆਂ ਸੁਰੱਖਿਆ ਸਹੂਲਤਾਂ ਅਤੇ ਨਵੀਆਂ ਬੁਲਿਟ ਪਰੂਫ਼ ਕਾਰਾਂ ਦੇਣ ਦੇ ਮੁੱਦੇ ‘ਤੇ ਸਖ਼ਤ ਇਤਰਾਜ਼ ਜਤਾਇਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪੁਲਿਸ ਵੱਲੋਂ ਬਾਦਲਾਂ ਅਤੇ ਹੋਰਨਾਂ ਲਈ ਨਵੀਆਂ ਗੱਡੀਆਂ ਜਾਂ ਐਸਕਾਰਟ ਜਿਪਸੀਆਂ ਦੀ ਖ਼ਰੀਦ ਲਈ ਭੇਜੀ ਤਜਵੀਜ਼ ਨੂੰ ਵਿੱਤ ਵਿਭਾਗ ਨੇ ਰੱਦ ਕਰ ਦਿੱਤਾ ਹੈ। ਵਿੱਤ ਵਿਭਾਗ ਨੇ ਇਸ ਫੈਸਲੇ ਲਈ ਸਰਕਾਰ ਦੀ ਸੰਕਟ ਵਿਚ ਘਿਰੀ ਮਾਲੀ ਹਾਲਤ ਦਾ ਹਵਾਲਾ ਦਿੱਤਾ ਹੈ।
ਯਾਦ ਰਹੇ ਕਿ ਏਡੀਜੀਪੀ (ਸੁਰੱਖਿਆ) ਨੇ ਸਿਆਸਤਦਾਨਾਂ, ਧਾਰਮਿਕ ਆਗੂਆਂ ਅਤੇ ਸਾਬਕਾ ਪੁਲਿਸ ਅਫ਼ਸਰਾਂ ਨੂੰ ਦਿੱਤੀਆਂ 187 ਗੱਡੀਆਂ ਵਿੱਚੋਂ 118 ਦੇ ਕੰਡਮ ਹੋਣ ਦੀ ਕਗਾਰ ‘ਤੇ ਪਹੁੰਚਣ ਦਾ ਹਵਾਲਾ ਦਿੰਦਿਆਂ ਵਿਭਾਗ ਤੋਂ 36 ਜਿਪਸੀਆਂ ਅਤੇ 2 ਫਾਰਚੂਨਰ ਫੌਰੀ ਖਰੀਦਣ ਦੀ ਪ੍ਰਵਾਨਗੀ ਮੰਗੀ ਸੀ। ਇੱਕ ਗੱਡੀ ਭਾਜਪਾ ਦੇ ਸੂਬਾ ਪ੍ਰਧਾਨ ਸ਼ਵੇਤ ਮਲਿਕ ਨੂੰ ਦਿੱਤੀ ਜਾਣੀ ਸੀ ਤੇ ਬਾਦਲਾਂ ਨੂੰ ਦਿੱਤੀਆਂ ਮੌਂਟੈਰੋ ਵੀ ਕੰਡਮ ਕਰਾਰ ਦੇਣ ਦੀਆਂ ਸ਼ਰਤਾਂ ਪੂਰੀਆਂ ਕਰਨ ਦੀ ਤਸਦੀਕ ਕੀਤੀ ਗਈ ਸੀ। ਉਧਰ ਵਿੱਤ ਵਿਭਾਗ ਦੀ ਇਹ ਵੀ ਦਲੀਲ ਹੈ ਕਿ ਜਿਨ੍ਹਾਂ ਵਿਅਕਤੀਆਂ ਨੂੰ ਸੁਰੱਖਿਆ ਦਿੱਤੀ ਹੋਈ ਹੈ, ਉਹ ਵਿਅਕਤੀ ਵਿੱਤੀ ਪੱਖ ਤੋਂ ਸੁਰੱਖਿਆ ਲਈ ਪੈਸੇ ਦੀ ਪ੍ਰਤੀ ਪੂਰਤੀ ਕਰਨ ਦੇ ਸਮਰੱਥ ਹਨ। ਇਸ ਲਈ ਜੇਕਰ ਅਜਿਹੇ ਵਿਅਕਤੀਆਂ ਨੂੰ ਸੁਰੱਖਿਆ ਦੀ ਜ਼ਰੂਰਤ ਹੈ ਤਾਂ ਪੱਲਿਓ ਪੈਸੇ ਖ਼ਰਚ ਕਰਕੇ ਹਾਸਲ ਕਰਨ। ਵਿੱਤ ਵਿਭਾਗ ਦੀ ਇਸ ਦਲੀਲ ਵਿੱਚ ਵੀ ਦਮ ਹੈ ਕਿ ਪੁਲਿਸ ਵੱਲੋਂ ਜਿਨ੍ਹਾਂ ਵਿਅਕਤੀਆਂ ਨੂੰ ਸਰਕਾਰੀ ਖ਼ਜ਼ਾਨੇ ਵਿੱਚੋਂ ਸੁਰੱਖਿਆ, ਸਰਕਾਰੀ ਵਾਹਨ ਅਤੇ ਬੇਹਿਸਾਬਾ ਤੇਲ ਫੂਕਣ ਦੀ ਖੁੱਲ੍ਹ ਦਿੱਤੀ ਹੋਈ ਹੈ, ਅਜਿਹੇ ਵਿਅਕਤੀਆਂ ਵਿੱਚੋਂ ਬਹੁਤਿਆਂ ਨੇ ਜਨਤਕ ਜਾਂ ਸਰਕਾਰੀ ਅਹੁਦਾ ਨਹੀਂ ਲਿਆ ਹੋਇਆ ਤੇ ਮ੍ਰਿਤਕ ਅਫ਼ਸਰਾਂ ਦੇ ਪਰਿਵਾਰਾਂ ਤੱਕ ਨੂੰ ਸੁਰੱਖਿਆ ਦਿੱਤੀ ਹੋਈ ਹੈ। ਵਿੱਤ ਵਿਭਾਗ ਦਾ ਕਹਿਣਾ ਹੈ ਕਿ ਕਿਸੇ ਅਜਿਹੇ ਵਿਅਕਤੀ, ਜਿਸ ਕੋਲ ਜਨਤਕ ਜਾਂ ਸਰਕਾਰੀ ਅਹੁਦਾ ਨਹੀਂ ਹੈ, ਨੂੰ ਸਰਕਾਰੀ ਗੱਡੀ ਅਤੇ ਸੁਰੱਖਿਆ ਵਾਹਨ ਨਹੀਂ ਦਿੱਤਾ ਜਾਣਾ ਚਾਹੀਦਾ। ਜੇਕਰ ਕਿਸੇ ਵਿਅਕਤੀ ਵਿਸ਼ੇਸ਼ ਲਈ ਇਹ ਸਹੂਲਤ ਦੇਣੀ ਵੀ ਹੈ ਤਾਂ ਉਚ ਪੱਧਰੀ ਕਮੇਟੀ ਵੱਲੋਂ ਹੀ ਵਿਚਾਰ ਕੀਤਾ ਜਾਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਸਾਬਕਾ ਪੁਲਿਸ ਮੁਖੀ ਕੇ.ਪੀ.ਐਸ. ਗਿੱਲ ਅਤੇ ਹੋਰਨਾਂ ਪੁਲਿਸ ਅਫ਼ਸਰਾਂ ਦੇ ਪਰਿਵਾਰਾਂ ਨੂੰ ਵੀ ਕਾਰਾਂ ਦਿੱਤੀਆਂ ਹੋਈਆਂ ਹਨ। ਡੀਜੀਪੀ ਦੇ ਅਹੁਦੇ ‘ਤੇ ਸੇਵਾ ਮੁਕਤ ਹੋਣ ਵਾਲੇ ਹਰੇਕ ਪੁਲਿਸ ਅਧਿਕਾਰੀ ਨੂੰ ਪੱਕੇ ਤੌਰ ‘ਤੇ ਗੱਡੀ ਰੱਖਣ ਦੀ ਵਿਵਸਥਾ ਕੀਤੀ ਹੋਈ ਹੈ। ਸੇਵਾ ਮੁਕਤ ਆਈਏਐਸ ਅਫ਼ਸਰਾਂ ਦੇ ਮਾਮਲੇ ਵਿੱਚ ਅਜਿਹੇ ਮਾਪਦੰਡ ਦਿਖਾਈ ਨਹੀਂ ਦਿੰਦੈ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਕੈਪਟਨ ਸਰਕਾਰ ਨੇ 9 ਕਾਰਾਂ ਸਫ਼ਰ ਕਰਨ ਲਈ ਦਿੱਤੀਆਂ ਹੋਈਆਂ ਹਨ। ਇਨ੍ਹਾਂ ਵਿੱਚ ਲੈਂਡ ਕਰੂਜ਼ਰ, ਮੌਨਟੈਰੋ, ਟਾਟਾ ਸਫ਼ਾਰੀ (ਜੈਮਰ ਲਈ), ਤਿੰਨ ਜਿਪਸੀਆਂ, ਦੋ ਬੋਲੈਰੋ ਅਤੇ ਇੱਕ ਇਨੋਵਾ ਸ਼ਾਮਲ ਹੈ। ਸੁਖਬੀਰ ਸਿੰਘ ਬਾਦਲ ਨੂੰ 7 ਕਾਰਾਂ। ਛੋਟੇ ਬਾਦਲ ਨੂੰ ਵੀ ਪਿਤਾ ਵਾਂਗ ਹੀ ਲੈਂਡ ਕਰੂਜ਼ਰ, ਮੌਨਟੈਰੋ, ਤਿੰਨ ਜਿਪਸੀਆਂ, ਇੱਕ ਇਨੋਵਾ, ਇੱਕ ਟਾਟਾ ਸਫ਼ਾਰੀ ਆਦਿ ਸ਼ਾਮਲ ਹਨ। ਬਿਕਰਮ ਸਿੰਘ ਮਜੀਠੀਆ ਨੂੰ ਵੀ 4 ਕਾਰਾਂ ਦਿੱਤੀਆਂ ਗਈਆਂ ਹਨ, ਜਿਨ੍ਹਾਂ ਵਿੱਚ ਮਹਿੰਦਰਾ ਕੰਪਨੀ ਦੀਆਂ ਤਿੰਨ ਸਕਾਰਪੀਓ ਅਤੇ ਇੱਕ ਜਿਪਸੀ ਸ਼ਾਮਲ ਹੈ।
ਬਾਦਲ ਪਰਿਵਾਰ ਸਰਕਾਰੀ ਖ਼ਜ਼ਾਨੇ ‘ਤੇ ਪਾਉਂਦਾ ਹੈ ਸਾਲਾਨਾ ਦੋ ਕਰੋੜ ਰੁਪਏ ਦਾ ਬੋਝ
ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਸਿਰਫ਼ ਬਾਦਲ ਪਰਿਵਾਰ ਦੇ ਚਾਰ ਜੀਆਂ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ ਅਤੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਦਿੱਤੀ ਸੁਰੱਖਿਆ ਕਾਰਾਂ ਦਾ ਹੀ ਵਿੱਤੀ ਭਾਰ ਮੰਨਿਆ ਜਾਵੇ ਤਾਂ ਸਾਲਾਨਾ ਦੋ ਕਰੋੜ ਰੁਪਏ ਦੇ ਕਰੀਬ ਤੇਲ ਤੇ ਡਰਾਈਵਰਾਂ ਦਾ ਖ਼ਰਚ ਬਣਦਾ ਹੈ। ਹਾਲਾਂਕਿ ਪੁਲਿਸ ਅਧਿਕਾਰੀਆਂ ਦਾ ਤਰਕ ਹੈ ਕਿ ਬਾਦਲ ਪਰਿਵਾਰ ਨੂੰ ਮਿਲੀ ‘ਜ਼ੈੱਡ ਪਲੱਸ’ ਸੁਰੱਖਿਆ ਦੇ ਚਲਦਿਆਂ ਉਨ੍ਹਾਂ ਨੂੰ ਮਹਿੰਗੀਆਂ ਕਾਰਾਂ ਅਤੇ ਬੇਹਿਸਾਬਾ ਤੇਲ ਖ਼ਰਚ ਕਰਨ ਦੀ ਸਹੂਲਤ ਦੇਣਾ ਸਰਕਾਰੀ ਦੀ ਨੈਤਿਕ ਜ਼ਿੰਮੇਵਾਰੀ ਹੈ।
Check Also
ਸ੍ਰੀ ਅਕਾਲ ਤਖਤ ਸਾਹਿਬ ’ਤੇ ਦੋ ਦਸੰਬਰ ਨੂੰ ਹੋਣ ਵਾਲੀ ਇਕੱਤਰਤਾ ਤੋਂ ਪਹਿਲਾਂ ਬੋਲੇ ਐਡਵੋਕੇਟ ਧਾਮੀ
ਕਿਹਾ : ਫੈਸਲੇ ਤੋਂ ਪਹਿਲਾਂ ਸਿੰਘ ਸਾਹਿਬਾਨਾਂ ਨੂੰ ਨਾ ਦਿੱਤੀਆਂ ਜਾਣ ਨਸੀਹਤਾਂ ਅੰਮਿ੍ਰਤਸਰ/ਬਿਊਰੋ ਨਿਊਜ਼ : …