Breaking News
Home / ਹਫ਼ਤਾਵਾਰੀ ਫੇਰੀ / ਯੂਪੀ ਦੀ ਯੋਗੀ ਸਰਕਾਰ ਹਜ਼ਾਰਾਂ ਸਿੱਖਾਂ ਨੂੰ ਉਜਾੜਨ ਦੇ ਰਾਹ ਤੁਰੀ

ਯੂਪੀ ਦੀ ਯੋਗੀ ਸਰਕਾਰ ਹਜ਼ਾਰਾਂ ਸਿੱਖਾਂ ਨੂੰ ਉਜਾੜਨ ਦੇ ਰਾਹ ਤੁਰੀ

Image Courtesy :punjabguardian

ਤਿੰਨ ਪੀੜ੍ਹੀਆਂ ਤੋਂ ਵਸੇ ਪਰਿਵਾਰਾਂ ਦੀਆਂ ਫਸਲਾਂ ਤਬਾਹ
ਜਲੰਧਰ/ਬਿਊਰੋ ਨਿਊਜ਼ : ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਕੋਰੋਨਾ ਆਫ਼ਤ ਦੇ ਘੋਰ ਸੰਕਟ ਵਿਚ ਤਿੰਨ ਪੀੜ੍ਹੀਆਂ ਤੋਂ ਜ਼ਮੀਨਾਂ ਆਬਾਦ ਕਰਕੇ ਬੈਠੇ ਹਜ਼ਾਰਾਂ ਸਿੱਖ ਕਿਸਾਨਾਂ ਨੂੰ ਉਜਾੜਨ ਦੇ ਰਾਹ ਪਈ ਹੋਈ ਹੈ। ਪਿਛਲੇ ਦਿਨੀਂ ਸਿੱਖ ਵਸੋਂ ਵਾਲੇ ਰਾਜ ਦੇ ਤਰਾਈ ਖੇਤਰ ਦੇ ਜ਼ਿਲ੍ਹਾ ਰਾਮਪੁਰ ਦੇ 15 ਪਿੰਡਾਂ, ਜ਼ਿਲ੍ਹਾ ਬਿਜ਼ਨੌਰ ਦੀ ਨਗੀਨਾ ਤਹਿਸੀਲ ਵਿਚ ਪੈਂਦੇ ਪਿੰਡ ਚੰਪਤਪੁਰ ਅਤੇ ਜ਼ਿਲ੍ਹਾ ਲਖੀਮਪੁਰ ਖੀਰੀ ਦੀ ਤਹਿਸੀਲ ਨਿਗਾਸਨ ਦੇ ਪਿੰਡ ਰਣਨਗਰ ਵਿਚਲੇ ਕਿਸਾਨਾਂ ਨੂੰ ਪੁਲਿਸ ਦੇ ਜ਼ੋਰ ਪ੍ਰਸ਼ਾਸਨ ਨੇ ਉਜਾੜਨਾ ਸ਼ੁਰੂ ਕੀਤਾ ਹੈ। ਇਸ ਖੇਤਰ ਦੇ ਸਾਰੇ ਹੀ ਸਿੱਖ ਪਰਿਵਾਰ 1947 ਵੀ ਵੰਡ ਸਮੇਂ ਪਾਕਿਸਤਾਨ ਤੋਂ ਉਠ ਕੇ ਸਿੱਧੇ ਇੱਥੇ ਆ ਕੇ ਵਸੇ ਸਨ। ਇਸ ਖੇਤਰ ਦੇ ਰੋਹੀ ਬੀਆਬਾਨਾਂ ਤੇ ਜੰਗਲ ਬੇਲਿਆਂ ਵਿਚ ਅਤਿਅੰਤ ਔਖਿਆਈ ਝੱਲਦਿਆਂ ਇਨ੍ਹਾਂ ਲੋਕਾਂ ਨੇ ਇੱਥੇ ਕਈ ਦਹਾਕਿਆਂ ਦੀ ਮਿਹਨਤ ਬਾਅਦ ਜ਼ਮੀਨਾਂ ਆਬਾਦ ਕੀਤੀਆਂ ਹਨ। ਲੋਕ ਦੱਸਦੇ ਹਨ ਕਿ ਜ਼ਮੀਨਾਂ ਆਬਾਦ ਕਰਕੇ ਵਸਦਿਆਂ ਉਨ੍ਹਾਂ ਦੀ ਤੀਜੀ ਪੀੜ੍ਹੀ ਚੱਲ ਰਹੀ ਹੈ। 1980 ਵਿਚ ਹੋਈ ਚੱਕਬੰਦੀ ਸਮੇਂ 20 ਸਾਲਾਂ ਦੇ ਕਾਬਜ਼ ਹੋਣ ਕਾਰਨ ਇੱਥੇ ਵਸੇ ਕਿਸਾਨਾਂ ਨੂੰ ਹੱਕ ਮਾਲਕੀ ਵੀ ਮਿਲ ਗਏ ਸਨ ਪਰ ਉੱਤਰ ਪ੍ਰਦੇਸ਼ ਸਰਕਾਰ ਨੇ ਘੁੱਗ ਵਸਦੇ ਸਿੱਖ ਪਰਿਵਾਰਾਂ ਉੱਪਰ ਇਸ ਆਫ਼ਤ ਵੇਲੇ ਉਜਾੜੇ ਦੀ ਤਲਵਾਰ ਧਰ ਦਿੱਤੀ ਹੈ। ਸਿੱਖ ਸੰਗਠਨ ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਦੇ ਮੁਖੀ ਜਸਬੀਰ ਸਿੰਘ ਵਿਰਕ ਨੇ ਫ਼ੋਨ ਉੱਪਰ ਦੱਸਿਆ ਕਿ ਚੰਪਤਪੁਰ ਪਿੰਡ ਵਿਚ ਪਹਿਲਾਂ 3 ਜੂਨ ਨੂੰ ਜੇ.ਸੀ.ਬੀ. ਮਸ਼ੀਨਾਂ ਲੈ ਕੇ ਪੁਲਿਸ ਪੁੱਜੀ। ਚੰਪਤਪੁਰ ਵਿਚ 300 ਦੇ ਘਰਾਂ ਦੀ ਸਾਰੀ ਵਸੋਂ ਸਿੱਖ ਪਰਿਵਾਰਾਂ ਦੀ ਹੈ। ਕਿਸਾਨਾਂ ਵਲੋਂ ਵਿਰੋਧ ਕਾਰਨ ਉਸ ਦਿਨ ਉਹ ਕੁਝ ਨਹੀਂ ਕਰ ਸਕੇ। ਮੁੜ ਫਿਰ ਭਾਰੀ ਪੁਲਿਸ ਨਾਲ ਆਏ ਤੇ ਗੰਨੇ ਦੀ ਕਈ ਏਕੜ ਖੜ੍ਹੀ ਫ਼ਸਲ ਤਬਾਰ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਖੇਤਰ ਵਿਚ, ਹੋਰ ਸਾਰੇ ਹੀ ਪਿੰਡਾਂ ਵਿਚ ਵੀ ਪੰਚਾਇਤੀ ਜ਼ਮੀਨਾਂ ਉੱਪਰ ਕਬਜ਼ੇ ਹਨ ਪਰ ਸਰਕਾਰ ਨੇ ਨਿਸ਼ਾਨਾ ਸਿੱਖ ਵਸੋਂ ਵਾਲੇ ਪਿੰਡ ਨੂੰ ਹੀ ਬਣਾਇਆ ਹੈ। ਯੂ.ਪੀ. ਸਰਕਾਰ ਸਿੱਖ ਕਿਸਾਨਾਂ ਨੂੰ ਉਜਾੜ ਕੇ ਇੱਥੇ ਸੂਬਾਈ ਆਰਮਡ ਪੁਲਿਸ ਦਾ ਸੈਂਟਰ ਬਣਾਉਣਾ ਚਾਹੁੰਦੀ ਹੈ। ਉਨ੍ਹਾਂ ਦੱਸਿਆ ਕਿ ਰਣਨਗਰ ਪਿੰਡ ਵਿਚ ਵੀ ਪਿਛਲੇ ਕਰੀਬ 70 ਸਾਲ ਤੋਂ 300 ਦੇ ਕਰੀਬ ਸਿੱਖ ਪਰਿਵਾਰ ਰਹਿ ਰਹੇ ਹਨ ਤੇ ਸਖ਼ਤ ਮਿਹਨਤ ਨਾਲ ਉਨ੍ਹਾਂ ਜ਼ਮੀਨਾਂ ਆਬਾਦ ਕੀਤੀਆਂ ਹਨ। ਇੱਥੇ ਵੀ ਭਾਰੀ ਪੁਲਿਸ ਫੋਰਸ ਜੇ.ਸੀ.ਬੀ. ਮਸ਼ੀਨਾਂ ਨਾਲ ਪੁੱਜੀ ਤਾਂ ਕਿਸਾਨ ਜਦ ਮਸ਼ੀਨਾਂ ਮੂਹਰੇ ਲਿੱਟ ਗਏ ਤਾਂ ਉਨ੍ਹਾਂ ਨੂੰ ਵਾਪਸ ਜਾਣਾ ਪਿਆ ਪਰ ਪੁਲਿਸ ਨੇ ਪਿੰਡ ਦੇ 35 ਵਸਨੀਕਾਂ ਤੇ 250 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਦਿੱਤੇ ਹਨ। ਵਿਰਕ ਨੇ ਦੱਸਿਆ ਕਿ ਇਸ ਖੇਤਰ ਵਿਚ ਗੁਰੂ ਨਾਨਕ ਸਾਗਰ ਡੈਮ ਲਈ ਸਿੱਖਾਂ ਦੀ 3 ਹਜ਼ਾਰ ਏਕੜ ਹਾਸਲ ਕੀਤੀ ਜ਼ਮੀਨ ਦਾ ਅੱਜ ਤੱਕ ਵੀ ਨਾ ਕੋਈ ਮੁਆਵਜ਼ਾ ਦਿੱਤਾ ਹੈ ਤੇ ਨਾ ਹੀ ਬਦਲੇ ਵਿਚ ਕੋਈ ਜ਼ਮੀਨ ਹੀ ਅਲਾਟ ਕੀਤੀ ਗਈ ਹੈ। ਜ਼ਿਲ੍ਹਾ ਰਾਮਪੁਰ ਦੇ 15 ਤੋਂ ਵਧੇਰੇ ਪਿੰਡਾਂ ਦੇ 30 ਹਜ਼ਾਰ ਕਿਸਾਨਾਂ ਉੱਪਰ ਵੀ ਉਜਾੜੇ ਦੀ ਤਲਵਾਰ ਲਟਕ ਰਹੀ ਹੈ। ਇਨ੍ਹਾਂ ਪਿੰਡਾਂ ਵਿਚ 1980 ‘ਚ ਹੋਈ ਚੱਕਬੰਦੀ ਮੌਕੇ ਕਿਸਾਨਾਂ ਨੂੰ ਹੱਕ ਮਾਲਕੀ ਵੀ ਦਿੱਤੇ ਗਏ ਸਨ ਤੇ ਬਹੁਤ ਸਾਰਿਆਂ ਦੇ ਕੇਸ ਹਾਈਕੋਰਟ ਵਿਚ ਚੱਲ ਰਹੇ ਹਨ ਪਰ ਯੋਗੀ ਸਰਕਾਰ ਨੇ ਨਾ ਕਿਸੇ ਕਿਸਾਨ ਨੂੰ ਕੋਈ ਨੋਟਿਸ ਜਾਰੀ ਕੀਤਾ ਹੈ ਤੇ ਨਾ ਕਿਸੇ ਦੀ ਸੁਣਵਾਈ ਹੀ ਹੋ ਰਹੀ ਹੈ, ਸਗੋਂ ਪੁਲਿਸ ਤੇ ਜੇ.ਸੀ.ਬੀ. ਮਸ਼ੀਨਾਂ ਭੇਜ ਕੇ ਫ਼ਸਲਾਂ ਉਜਾੜਨ ਤੇ ਘਰ ਢਾਹੁਣ ਦੀ ਜ਼ਿੱਦ ਕੀਤੀ ਜਾ ਰਹੀ ਹੈ। ਸਿੱਖ ਸੰਗਠਨ ਦੇ ਆਗੂ ਨੇ ਦੋਸ਼ ਲਗਾਇਆ ਕਿ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਮਿਲ ਕੇ ਸਿੱਖ ਵਫ਼ਦ ਨੇ ਇਹ ਵੀ ਮੰਗ ਕੀਤੀ ਕਿ 70 ਸਾਲ ਤੋਂ ਬਾਅਦ ਕਿਸਾਨਾਂ ਨੂੰ ਕੋਰੋਨਾ ਆਫ਼ਤ ਮੌਕੇ ਘਰਾਂ ਤੋਂ ਨਾ ਉਜਾੜਿਆ ਜਾਵੇ ਤੇ ਘੱਟੋ-ਘੱਟ ਤਿੰਨ ਮਹੀਨੇ ਦਾ ਸਮਾਂ ਦੇ ਦਿੱਤਾ ਜਾਵੇ ਪਰ ਇਹ ਅਪੀਲ ਵੀ ਪ੍ਰਵਾਨ ਨਹੀਂ ਕੀਤੀ। ਜਸਵੀਰ ਸਿੰਘ ਵਿਰਕ ਨੇ ਸਮੂਹ ਸਿੱਖ ਭਾਈਚਾਰੇ ਤੇ ਸੰਗਠਨਾਂ ਨੂੰ ਅਪੀਲ ਕੀਤੀ ਹੈ ਕਿ ਯੋਗੀ ਸਰਕਾਰ ਦੀ ਧੱਕੇਸ਼ਾਹੀ ਦਾ ਸ਼ਿਕਾਰ ਹੋ ਰਹੇ ਸਿੱਖ ਪਰਿਵਾਰਾਂ ਦੀ ਹਮਾਇਤ ਵਿਚ ਆਵਾਜ਼ ਉਠਾਈ ਜਾਵੇ।
ਪੰਜਾਬੀ ਕਿਸਾਨਾਂ ਦੇ ਉਜਾੜੇ ਦਾ ਆਮ ਆਦਮੀ ਪਾਰਟੀ ਵੱਲੋਂ ਵਿਰੋਧ
ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਉੱਤਰ ਪ੍ਰਦੇਸ਼ ਦੀ ਭਾਜਪਾ ਸਰਕਾਰ ਵੱਲੋਂ ਤਰਾਈ ਖੇਤਰ ਵਿਚ 70 ਸਾਲਾਂ ਤੋਂ ਵਸੇ ਹਜ਼ਾਰਾਂ ਪੰਜਾਬੀ ਕਿਸਾਨ ਪਰਿਵਾਰਾਂ ਨੂੰ ਧੱਕੇ ਨਾਲ ਉਜਾੜੇ ਜਾਣ ਦਾ ਵਿਰੋਧ ਕਰਦਿਆਂ ਪੰਜਾਬ ਨਾਲ ਸਬੰਧਿਤ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਸੋਮ ਪ੍ਰਕਾਸ਼ ਅਤੇ ਹਰਦੀਪ ਸਿੰਘ ਪੁਰੀ ਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਕਿਸਾਨਾਂ ਨਾਲ ਖੜ੍ਹੇ ਹੋਣ ਦੀ ਗੱਲ ਆਖੀ ਹੈ। ‘ਆਪ’ ਆਗੂਆਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਇਹ ਮਸਲਾ ਕੇਂਦਰ ਅਤੇ ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਕੋਲ ਉਠਾਉਣ ਦੀ ਮੰਗ ਕੀਤੀ।

Check Also

ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ 10 ਅਕਤੂਬਰ ਨੂੰ ਬੰਦ ਹੋਣਗੇ

ਮਈ ਮਹੀਨੇ ‘ਚ ਆਰੰਭ ਹੋਈ ਸੀ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਅੰਮ੍ਰਿਤਸਰ/ਬਿਊਰੋ ਨਿਊਜ਼ : …