ਆਰੋਪ – ਪੰਜਾਬ ’ਚ ਪੁਲਿਸ ਦੇ ਨੱਕ ਥੱਲੇ ਵਧ ਰਿਹਾ ਨਸ਼ੇ ਦਾ ਕਾਰੋਬਾਰ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਚ ਅੱਜ ਕੱਲ੍ਹ ਚਾਰੇ ਪਾਸੇ ਕੇਂਦਰ ਅਤੇ ਸੂਬਾ ਸਰਕਾਰ ਖਿਲਾਫ ਧਰਨਾ ਪ੍ਰਦਰਸ਼ਨ ਹੋ ਰਹੇ ਹਨ। ਇਕ ਪਾਸੇ ਵਿਵਾਦਤ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਨੇ ਅੰਦੋਲਨ ਵਿੱਢਿਆ ਹੋਇਆ ਅਤੇ ਦੂਜੇ ਪਾਸੇ ਪੰਜਾਬ ’ਚ ਸਾਰੀਆਂ ਰਾਜਨੀਤਕ ਪਾਰਟੀਆਂ ਨੇ ਕੈਪਟਨ ਅਮਰਿੰਦਰ ਸਰਕਾਰ ਖਿਲਾਫ ਮੋਰਚਾ ਖੋਲ੍ਹਿਆ ਹੋਇਆ ਹੈ। ਸ਼ੋ੍ਰਮਣੀ ਅਕਾਲੀ ਦਲ, ਆਮ ਆਦਮੀ ਪਾਰਟੀ ਅਤੇ ਭਾਜਪਾ ਵਲੋਂ ਕੈਪਟਨ ਅਮਰਿੰਦਰ ਸਰਕਾਰ ਖਿਲਾਫ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇਸ ਦੇ ਚੱਲਦਿਆਂ ਨਸ਼ਿਆਂ ਦੀ ਵਿਕਰੀ ਦੇ ਮਾਮਲੇ ’ਚ ਭਾਰਤੀ ਜਨਤਾ ਯੁਵਾ ਮੋਰਚਾ ਨੇ ਵੀ ਚੰਡੀਗੜ੍ਹ ਵਿਚ ਕੈਪਟਨ ਅਮਰਿੰਦਰ ਸਰਕਾਰ ਖਿਲਾਫ ਜੰਮ ਕੇ ਰੋਸ ਪ੍ਰਦਰਸ਼ਨ ਅਤੇ ਨਾਅਰੇਬਾਜ਼ੀ ਕੀਤੀ। ਭਾਜਪਾ ਯੁਵਾ ਮੋਰਚੇ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਦੇ ਬਾਹਰ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਸੀ। ਇਸ ਤੋਂ ਪਹਿਲਾਂ ਪ੍ਰਦਰਸ਼ਨ ਲਈ ਪੰਜਾਬ ਤੋਂ ਭਾਜਪਾ ਵਰਕਰ ਸੈਕਟਰ-17 ਦੀ ਪਰੇਡ ਗਰਾਊਂਡ ’ਚ ਪਹੁੰਚੇ। ਇਥੋਂ ਪ੍ਰਦਰਸ਼ਨਕਾਰੀ ਕੈਪਟਨ ਦੀ ਰਿਹਾਇਸ਼ ਵੱਲ ਕੂਚ ਕਰ ਰਹੇ ਸਨ, ਪਰ ਪੁਲਿਸ ਨੇ ਵਾਟਰ ਕੈਨਨ ਦੀ ਵਰਤੋਂ ਕਰਦੇ ਹੋਏ ਉਨ੍ਹਾਂ ਨੂੰ ਉੱਥੇ ਹੀ ਰੋਕ ਦਿੱਤਾ। ਂਿੲਸ ਮੌਕੇ ਪੁਲਿਸ ਤੇ ਭਾਜਪਾ ਵਰਕਰਾਂ ’ਚ ਝੜੱਪ ਵੀ ਹੋਈ। ਇਸ ਪ੍ਰਦਰਸ਼ਨ ਦੀ ਅਗਵਾਈ ਭਾਰਤੀ ਜਨਤਾ ਯੁਵਾ ਮੋਰਚਾ ਦੇ ਸੂਬਾ ਪ੍ਰਧਾਨ ਭਾਨੂ ਪ੍ਰਤਾਪ ਰਾਣਾ ਕਰ ਰਹੇ ਸਨ। ਭਾਰਤੀ ਜਨਤਾ ਯੁਵਾ ਮੋਰਚੇ ਦੇ ਪੰਜਾਬ ਤੋਂ ਪ੍ਰਧਾਨ ਭਾਨੂ ਪ੍ਰਤਾਪ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸੂੁਬੇ ਨੂੰ ਨਸ਼ਾ ਮੁਕਤ ਕਰਨ ਦਾ ਵਾਅਦਾ ਕੀਤਾ ਸੀ, ਜਿਸ ਨੂੰ ਅਜੇ ਤੱਕ ਪੂਰਾ ਨਹੀਂ ਕੀਤਾ ਗਿਆ। ਉਨ੍ਹਾਂ ਦਾ ਕਹਿਣਾ ਸੀ ਕਿ ਪੰਜਾਬ ’ਚ ਪੁਲਿਸ ਦੇ ਨੱਕ ਥੱਲੇ ਨਸ਼ੇ ਦਾ ਕਾਰੋਬਾਰ ਵੱਧ-ਫੁੱਲ ਰਿਹਾ ਹੈ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਉੱਤੇ ਨੱਥ ਪਾਉਣ ’ਚ ਪੂਰੀ ਤਰ੍ਹਾਂ ਨਾਕਾਮ ਸਾਬਿਤ ਹੋਏ ਹਨ।