ਕੈਦੀਆਂ ਦੀ ਡਰੱਗ ਸਕਰੀਨਿੰਗ ਮੁਹਿੰਮ ਸ਼ੁਰੂ
ਚੰਡੀਗੜ੍ਹ/ਬਿੳੂਰੋ ਨਿੳੂਜ਼
ਪੰਜਾਬ ’ਚ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਨੇ ਸੂਬੇ ਦੀਆਂ ਜੇਲ੍ਹਾਂ ਨੂੰ ਨਸ਼ਾ ਮੁਕਤ ਬਣਾਉਣ ਲਈ ਜੇਲ੍ਹ ਸੁਧਾਰਾਂ ਦੀ ਦਿਸ਼ਾ ਵਿਚ ਦੇਸ਼ ਵਿਚ ਆਪਣੀ ਕਿਸਮ ਦਾ ਪਹਿਲਾ ਕਦਮ ਚੁੱਕਿਆ ਹੈ। ਇਸ ਤਹਿਤ ਕੈਦੀਆਂ ਵਿਚ ਨਸ਼ੇ ਦੀ ਵਰਤੋਂ ਦਾ ਪਤਾ ਲਗਾਉਣ ਲਈ ‘ਡਰੱਗ ਸਕਰੀਨਿੰਗ ਮੁਹਿੰਮ’ ਸ਼ੁਰੂ ਕੀਤੀ ਗਈ ਹੈ। ਰੂਪਨਗਰ ਦੀ ਜ਼ਿਲ੍ਹਾ ਜੇਲ੍ਹ ਨੂੰ ਪਾਇਲਟ ਪ੍ਰੋਜੈਕਟ ਤਹਿਤ ਚੁਣਿਆ ਗਿਆ ਹੈ ਅਤੇ ਇੱਥੇ ਸਾਰੇ 950 ਕੈਦੀਆਂ ਦੀ ਜਾਂਚ ਕੀਤੀ ਗਈ। ਸਕਰੀਨਿੰਗ ਦੌਰਾਨ ਡੀਜੀਪੀ (ਜੇਲ੍ਹਾਂ) ਹਰਪ੍ਰੀਤ ਸਿੰਘ ਸਿੱਧੂ, ਆਈਜੀ (ਜੇਲ੍ਹ) ਰੂਪ ਕੁਮਾਰ, ਡੀਆਈਜੀ (ਜੇਲ੍ਹ) ਸੁਰਿੰਦਰ ਸਿੰਘ ਅਤੇ ਜੇਲ੍ਹ ਸੁਪਰਡੈਂਟ ਕੁਲਵੰਤ ਸਿੰਘ ਵੀ ਹਾਜ਼ਰ ਸਨ। ਇਸ ਮੌਕੇ ਸੂਬੇ ਦੀਆਂ ਹੋਰ ਜੇਲ੍ਹਾਂ ਦੇ ਕੁਝ ਅਧਿਕਾਰੀ ਵੀ ਹਾਜ਼ਰ ਸਨ ਅਤੇ ਉਨ੍ਹਾਂ ਨੇ ਆਪਣੀਆਂ ਜੇਲ੍ਹਾਂ ਵਿਚ ਇਸ ਮੁਹਿੰਮ ਨੂੰ ਸ਼ੁਰੂ ਕਰਨ ਦਾ ਤਜਰਬਾ ਹਾਸਲ ਕੀਤਾ। ਇਸ ਸਬੰਧੀ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਦਾ ਕਹਿਣਾ ਸੀ ਕਿ ਸੂਬੇ ਵਿਚ ਵਿਆਪਕ ਡਰੱਗ ਸਕਰੀਨਿੰਗ ਪ੍ਰੋਜੈਕਟ ਦਾ ਉਦੇਸ਼ ਜੇਲ੍ਹਾਂ ਨੂੰ ਨਸ਼ਾ ਮੁਕਤ ਬਣਾਉਣ ਦੇ ਨਾਲ-ਨਾਲ ਨਸ਼ਾ ਛੱਡਣ ਵਾਲੇ ਕੈਦੀਆਂ ਦੀ ਮਦਦ ਕਰਨਾ ਹੈ। ਬੈਂਸ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਕਿਸੇ ਜੇਲ੍ਹ ਦੇ ਸਾਰੇ ਕੈਦੀਆਂ ਦੀ ਇੱਕੋ ਦਿਨ ਸਕ੍ਰੀਨਿੰਗ ਕੀਤੀ ਗਈ ਹੈ। ਇਹ ਮੁਹਿੰਮ ਸੂਬੇ ਦੀਆਂ ਸਾਰੀਆਂ ਜੇਲ੍ਹਾਂ ਵਿਚ ਚਲਾਈ ਜਾਵੇਗੀ। ਬੈਂਸ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜੇਲ੍ਹਾਂ ਦੇ ਸੁਧਾਰ ਲਈ ਇਹ ਤਾਜ਼ਾ ਉਪਰਾਲਾ ਹੈ।