Breaking News
Home / ਭਾਰਤ / ਸ਼ਸ਼ੀ ਥਰੂਰ ਨੇ ਸੁਨੰਦਾ ਨੂੰ ਖੁਦਕੁਸ਼ੀ ਲਈ ਕੀਤਾ ਮਜਬੂਰ : ਪੁਲਿਸ

ਸ਼ਸ਼ੀ ਥਰੂਰ ਨੇ ਸੁਨੰਦਾ ਨੂੰ ਖੁਦਕੁਸ਼ੀ ਲਈ ਕੀਤਾ ਮਜਬੂਰ : ਪੁਲਿਸ

ਥਰੂਰ ਵਿਰੁੱਧ ਦਾਇਰ ਕੀਤੀ ਚਾਰਜਸ਼ੀਟ, ਅਗਲੀ ਸੁਣਵਾਈ 24 ਮਈ ਨੂੰ
ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਪੁਲਿਸ ਨੇ ਕਾਂਗਰਸ ਆਗੂ ਸ਼ਸ਼ੀ ਥਰੂਰ ਨੂੰ ਆਪਣੀ ਪਤਨੀ ਸੁਨੰਦਾ ਪੁਸ਼ਕਰ ਨੂੰ ਖ਼ੁਦਕੁਸ਼ੀ ਲਈ ਮਜਬੂਰ ਕਰਨ ਦਾ ਮੁਲਜ਼ਮ ਦੱਸਦਿਆਂ ਇੱਥੇ ਅਦਾਲਤ ਵਿੱਚ ਉਸ ਖਿਲਾਫ਼ ਦੋਸ਼ ਪੱਤਰ ਦਾਖ਼ਲ ਕੀਤਾ ਹੈ। ਤਿੰਨ ਹਜ਼ਾਰ ਪੰਨਿਆਂ ਦੇ ਦੋਸ਼ ਪੱਤਰ ਵਿੱਚ ਕਿਹਾ ਗਿਆ ਹੈ ਕਿ ਥਰੂਰ ਆਪਣੀ ਪਤਨੀ ਉੱਤੇ ਜ਼ੁਲਮ ਵੀ ਕਰਦਾ ਸੀ।
ਦਿੱਲੀ ਪੁਲਿਸ ਦਾ ਕਹਿਣਾ ਹੈ ਕਿ ਥਰੂਰ ਮੈਡੀਕੋ-ਲੀਗਲ ਅਤੇ ਫੋਰੈਂਸਿਕ ਸਬੂਤਾਂ ਦੇ ਆਧਾਰ ‘ਤੇ ਮੁਲਜ਼ਮ ਪਾਇਆ ਗਿਆ ਹੈ। ਪੁਲਿਸ ਨੇ ਥਰੂਰ ਨੂੰ ਮੁਲਜ਼ਮ ਵੱਜੋਂ ਤਲਬ ਕੀਤੇ ਜਾਣ ਲਈ ਅਦਾਲਤ ਨੂੰ ਬੇਨਤੀ ਕੀਤੀ ਹੈ। ਇਸ ਕੇਸ ਵਿਚ ਉਨ੍ਹਾਂ ਦੇ ਨੌਕਰ ਨਾਰਾਇਣ ਸਿੰਘ ਨੂੰ ਮੁੱਖ ਗਵਾਹ ਬਣਾਇਆ ਗਿਆ ਹੈ। ਮੈਟਰੋਪਾਲਿਟਨ ਮੈਜਿਸਟਰੇਟ ਧਰਮੇਂਦਰ ਸਿੰਘ ਵੱਲੋਂ 24 ਮਈ ਨੂੰ ਇਹ ਮਾਮਲਾ ਵਿਚਾਰਿਆ ਜਾਵੇਗਾ। ਜ਼ਿਕਰਯੋਗ ਹੈ ਕਿ 17 ਜਨਵਰੀ 2014 ਦੀ ਰਾਤ ਨੂੰ ਸੁਨੰਦਾ ਪੁਸ਼ਕਰ ਇੱਕ ਲਗਜ਼ਰੀ ਹੋਟਲ ਵਿੱਚ ਮ੍ਰਿਤ ਮਿਲੀ ਸੀ। ਥਰੂਰ ਨੂੰ ਆਈਪੀਸੀ ਦੀ ਧਾਰਾ 498 ਏ (ਪਤੀ ਜਾਂ ਕਿਸੇ ਹੋਰ ਰਿਸ਼ਤੇਦਾਰ ਵੱਲੋਂ ਔਰਤ ‘ਤੇ ਜ਼ੁਲਮ ਢਾਹੁਣਾ) ਅਤੇ 306 (ਖ਼ੁਦਕੁਸ਼ੀ ਲਈ ਉਕਸਾਉਣਾ) ਤਹਿਤ ਮੁਲਜ਼ਮ ਦੱਸਿਆ ਗਿਆ ਹੈ। ਧਾਰਾ 498 ਏ ਤਹਿਤ ਤਿੰਨ ਸਾਲ ਤਕ ਅਤੇ ਧਾਰਾ 306 ਤਹਿਤ 10 ਸਾਲ ਤਕ ਦੀ ਸਜ਼ਾ ਹੋ ਸਕਦੀ ਹੈ। ਉਧਰ ਕਾਂਗਰਸ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਚਾਰਜਸ਼ੀਟ ਨੂੰ ਤਰਕ ਵਿਹੂਣੀ ਕਰਾਰ ਦਿੱਤਾ ਅਤੇ ਕਿਹਾ ਕਿ ਉਹ ਕੇਸ ਦਾ ਸਾਹਮਣਾ ਕਰਨ ਲਈ ਤਿਆਰ ਹੈ। ਉਨ੍ਹਾਂ ਦਿੱਲੀ ਪੁਲਿਸ ਦੇ ਇਰਾਦਿਆਂ ‘ਤੇ ਸ਼ੱਕ ਜ਼ਾਹਰ ਕਰਦਿਆਂ ਕਿਹਾ ਕਿ ਪਿਛਲੇ ਸਾਲ 17 ਅਕਤੂਬਰ ਨੂੰ ਲਾਅ ਅਫ਼ਸਰ ਨੇ ਦਿੱਲੀ ਹਾਈ ਕੋਰਟ ਵਿਚ ਬਿਆਨ ਦਿੱਤਾ ਸੀ ਕਿ ਉਨ੍ਹਾਂ ਨੂੰ ਕਿਸੇ ਖਿਲਾਫ਼ ਕੁਝ ਵੀ ਸਬੂਤ ਨਹੀਂ ਮਿਲੇ ਹਨ ਅਤੇ ਹੁਣ ਛੇ ਮਹੀਨਿਆਂ ਬਾਅਦ ਉਹ ਦੋਸ਼ ਲਗਾ ਰਹੇ ਹਨ ਕਿ ਉਨ੍ਹਾਂ (ਸ਼ਸ਼ੀ) ਸੁਨੰਦਾ ਨੂੰ ਖ਼ੁਦਕੁਸ਼ੀ ਲਈ ਮਜਬੂਰ ਕੀਤਾ। ਇਸ ਦੌਰਾਨ ਕਾਂਗਰਸ ਤਰਜਮਾਨ ਰਣਦੀਪ ਸਿੰਘ ਸੁਰਜੇਵਾਲਾ ਨੇ ਕਿਹਾ ਕਿ ਥਰੂਰ ਖਿਲਾਫ਼ ਚਾਰਜਸ਼ੀਟ ਉਨ੍ਹਾਂ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੈ। ਉਨ੍ਹਾਂ ਦੋਸ਼ ਲਾਇਆ ਕਿ ਮੋਦੀ ਸਰਕਾਰ ਦਿੱਲੀ ਪੁਲਿਸ ਦੀ ਵਰਤੋਂ ਕਰਕੇ ਥਰੂਰ ਦੇ ਅਕਸ ਨੂੰ ਵਿਗਾੜ ਰਹੀ ਹੈ। ਉਨ੍ਹਾਂ ਦੋਸ਼ਾਂ ਨੂੰ ਖਾਰਜ ਕਰਦਿਆਂ ਕਿਹਾ ਕਿ ਇਹ ਭਾਜਪਾ ਦੇ ਹੈੱਡਕੁਆਰਟਰ ਤੋਂ ਮੜ੍ਹੇ ਗਏ ਹਨ। ਇਸ ਮਾਮਲੇ ‘ਤੇ ਕੇਰਲਾ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਮੇਸ਼ ਚੇਨੀਥਲਾ ਨੇ ਕਿਹਾ ਕਿ ਕਾਂਗਰਸ ਆਗੂਆਂ ਨੂੰ ਦਬਾਉਣ ਅਤੇ ਬੇਇੱਜ਼ਤ ਕਰਨ ਲਈ ਭਾਜਪਾ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

Check Also

ਭਾਰਤ ਦੇ 11 ਸੂਬਿਆਂ ’ਚ ਲੋਕ ਸਭਾ ਦੇ ਤੀਜੇ ਪੜਾਅ ਦੀਆਂ ਵੋਟਾਂ ਭਲਕੇ ਮੰਗਲਵਾਰ ਨੂੰ

93 ਸੀਟਾਂ ’ਤੇ ਪੈਣਗੀਆਂ ਵੋਟਾਂ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਵਿਚ ਲੋਕ ਸਭਾ ਚੋਣਾਂ ਦੇ ਤੀਜੇ …