1.6 C
Toronto
Thursday, November 27, 2025
spot_img
Homeਭਾਰਤਮੇਘਾਲਿਆ 'ਚ ਵੀ ਲਾਗੂ ਹੋਇਆ ਅਨੰਦ ਮੈਰਿਜ ਐਕਟ

ਮੇਘਾਲਿਆ ‘ਚ ਵੀ ਲਾਗੂ ਹੋਇਆ ਅਨੰਦ ਮੈਰਿਜ ਐਕਟ

ਅੰਮ੍ਰਿਤਸਰ : ਪੰਜਾਬ ਤੋਂ ਬਾਅਦ ਹੁਣ ਮੇਘਾਲਿਆ ਸਰਕਾਰ ਵੱਲੋਂ ਵੀ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਸੂਬੇ ਵਿੱਚ ਰਹਿੰਦੇ ਸਿੱਖਾਂ ਦੇ ਵਿਆਹਾਂ ਦੀ ਤਸਦੀਕ ਅਨੰਦ ਮੈਰਿਜ ਐਕਟ ਤਹਿਤ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਸਬੰਧ ਵਿੱਚ ਮੇਘਾਲਿਆ ਸਰਕਾਰ ਦੇ ਕਰ ਤੇ ਆਬਕਾਰੀ, ਰਜਿਸਟਰੇਸ਼ਨ ਆਦਿ ਵਿਭਾਗਾਂ ਦੇ ਅਧੀਨ ਸਕੱਤਰ ਨੇ ਦਿੱਲੀ ਤੋਂ ਅਕਾਲੀ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਨੂੰ ਜਾਣਕਾਰੀ ਭੇਜੀ ਹੈ। ਅਧੀਨ ਸਕੱਤਰ ਬੀ. ਸੀਮਲੀਹ ਵੱਲੋਂ 30 ਅਗਸਤ ਨੂੰ ਭੇਜੇ ਇਸ ਪੱਤਰ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਮੇਘਾਲਿਆ ਸਰਕਾਰ ਵੱਲੋਂ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ ਅਤੇ ਹੁਣ ਉਥੇ ਸਿੱਖਾਂ ਦੇ ਵਿਆਹ ਅਨੰਦ ਮੈਰਿਜ ਐਕਟ ਹੇਠ ਦਰਜ ਕੀਤੇ ਜਾਣਗੇ। ਇਸ ਸਬੰਧੀ ਕੁਝ ਸਮਾਂ ਪਹਿਲਾਂ ਦਿੱਲੀ ਕਮੇਟੀ ਦੇ ਜਨਰਲ ਸਕੱਤਰ ਅਤੇ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਤੇ ਹੋਰ ਆਗੂਆਂ ਵੱਲੋਂ ਮੇਘਾਲਿਆ ਦੇ ਮੁੱਖ ਮੰਤਰੀ ਮੁਕੁਲ ਸੰਗਮਾ ਨਾਲ ਮੁਲਾਕਾਤ ਕੀਤੀ ਗਈ ਸੀ। ਉਹ ਇਸ ਸਬੰਧ ਵਿੱਚ ਲੰਘੇ ਦਿਨੀਂ ਸ਼ਿਲਾਂਗ ਵੀ ਹੋ ਕੇ ਆਏ ਹਨ। ਸ਼ਿਲਾਂਗ ਦੇ ਸਿਟੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਤੇ ਸਿੱਖ ਆਗੂ ਗੁਰਜੀਤ ਸਿੰਘ ਨੇ ਦੱਸਿਆ ਕਿ ਸ਼ਿਲਾਂਗ ਵਿਚ ਸਿੱਖਾਂ ਦੀ ਆਬਾਦੀ ਲਗਭਗ 10 ਹਜ਼ਾਰ ਹੈ ਅਤੇ ਵਧੇਰੇ ਸਿੱਖ ਟਰਾਂਸਪੋਰਟ ਕਾਰੋਬਾਰੀ ਹਨ। ਸ਼ਿਲਾਂਗ ਵਿੱਚ ਤਿੰਨ ਪ੍ਰਮੁੱਖ ਗੁਰਦੁਆਰੇ ਹਨ, ਜਿਨ੍ਹਾਂ ਵਿੱਚੋਂ ਸਿਟੀ ਗੁਰਦੁਆਰੇ ਨਾਲ ਮਿਡਲ ਸਕੂਲ ਵੀ ਚੱਲ ਰਿਹਾ ਹੈ। ਮੇਘਾਲਿਆ ਵਿੱਚ ਅਨੰਦ ਮੈਰਿਜ ਐਕਟ ਲਾਗੂ ਹੋਣ ‘ਤੇ ਸਿੱਖ ਪ੍ਰਤੀਨਿਧੀ ਬੋਰਡ ਪੂਰਬੀ ਜ਼ੋਨ ਧੁਬੜੀ ਸਾਹਿਬ ਦੇ ਜਨਰਲ ਸਕੱਤਰ ਕੁਲਵੰਤ ਸਿੰਘ ਨੇ ਇਸ ਦੀ ਸ਼ਲਾਘਾ ਕੀਤੀ ਹੈ। ਸਿਰਸਾ ਨੇ ਦੱਸਿਆ ਕਿ ਮੇਘਾਲਿਆ ਵਿੱਚ ਅਨੰਦ ਮੈਰਿਜ ਐਕਟ ਲਾਗੂ ਹੋਣ ਤੋਂ ਬਾਅਦ ਹੁਣ ਤੱਕ ਇਹ ਐਕਟ ਚਾਰ ਸੂਬਿਆਂ ਵਿੱਚ ਲਾਗੂ ਹੋ ਚੁੱਕਾ ਹੈ। ਪੰਜਾਬ ਵਿੱਚ 20 ਦਸੰਬਰ 2016 ਨੂੰ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ। ਹਰਿਆਣਾ ਅਤੇ ਝਾਰਖੰਡ ਸੂਬੇ ਵਿੱਚ ਵੀ ਇਹ ਐਕਟ ਲਾਗੂ ਹੋ ਚੁੱਕਾ ਹੈ। ਇਸ ਸਬੰਧ ਵਿੱਚ ਬਿਹਾਰ ਸਰਕਾਰ ਅਤੇ ਆਸਾਮ ਸਰਕਾਰ ਨਾਲ ਇਸ ਐਕਟ ਨੂੰ ਲਾਗੂ ਕਰਨ ਬਾਰੇ ਗੱਲਬਾਤ ਜਾਰੀ ਹੈ ਅਤੇ ਦਿੱਲੀ ਵਿੱਚ ਵੀ ਇਹ ਐਕਟ ਲਾਗੂ ਹੋਣ ਵਾਲਾ ਹੈ।

RELATED ARTICLES
POPULAR POSTS