Breaking News
Home / ਭਾਰਤ / ਕਿਸਾਨਾਂ ਨੇ ‘ਮਨ ਕੀ ਬਾਤ’ ਦਾ ਥਾਲੀਆਂ ਖੜਕਾ ਕੇ ਕੀਤਾ ਵਿਰੋਧ

ਕਿਸਾਨਾਂ ਨੇ ‘ਮਨ ਕੀ ਬਾਤ’ ਦਾ ਥਾਲੀਆਂ ਖੜਕਾ ਕੇ ਕੀਤਾ ਵਿਰੋਧ

ਥਾਲੀਆਂ, ਪੀਪੇ ਤੇ ਡਰੰਮਾਂ ਦੇ ਢੱਕਣ ਵਜਾ ਕੇ ਕਾਲੇ ਖੇਤੀ ਕਾਨੂੰਨਾਂ ਦਾ ਕੀਤਾ ਗਿਆ ਡਟਵਾਂ ਵਿਰੋਧ
ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਦੇ ਮੁੱਖ ਰਾਜ ਮਾਰਗਾਂ ‘ਤੇ ਕਿਸਾਨਾਂ ਵੱਲੋਂ ਤਿੰਨਾਂ ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਦਿੱਤੇ ਜਾ ਰਹੇ ਧਰਨੇ ਦੌਰਾਨ ਹਜ਼ਾਰਾਂ ਕਿਸਾਨਾਂ, ਨੌਜਵਾਨਾਂ ਤੇ ਮਜ਼ਦੂਰਾਂ ਨੇ ਐਤਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਕਾਸ਼ਵਾਣੀ ਤੋਂ ਪ੍ਰਸਾਰਿਤ ਹੁੰਦੇ ਮਹੀਨਾਵਾਰ ਪ੍ਰੋਗਰਾਮ ‘ਮਨ ਕੀ ਬਾਤ’ ਦਾ ਥਾਲੀਆਂ ਖੜਕਾ ਕੇ ਵਿਰੋਧ ਕੀਤਾ। ਦੇਸ਼ ਦੇ ਹੋਰਨਾਂ ਹਿੱਸਿਆਂ ਵਿੱਚ ਵੀ ਉਕਤ ਪ੍ਰੋਗਰਾਮ ਦਾ ਥਾਲੀਆਂ, ਪੀਪੇ, ਡਰੰਮ ਦੇ ਵੱਡੇ ਢੱਕਣ ਖੜਕਾ ਕੇ ਤਿੰਨਾਂ ਖੇਤੀ ਕਾਨੂੰਨਾਂ ਦਾ ਵਿਰੋਧ ਕੀਤਾ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਸਿੰਘੂ, ਟਿਕਰੀ, ਗਾਜ਼ੀਪੁਰ ਤੇ ਪਲਵਲ ਦੇ ਧਰਨਿਆਂ ‘ਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਕੀਤੇ ਐਲਾਨ ਮੁਤਾਬਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਰਮਪਿਤ ਧਾਰਮਿਕ ਸਮਾਗਮ ਕਰਵਾਏ ਗਏ। ਇਸ ਮੌਕੇ ਦੋ ਮਿੰਟ ਦਾ ਮੌਨ ਧਾਰ ਕੇ ਨਿੱਕੀਆਂ ਜਿੰਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਪ੍ਰਧਾਨ ਮੰਤਰੀ ਦਾ ‘ਮਨ ਕੀ ਬਾਤ’ ਪ੍ਰੋਗਰਾਮ ਜਿਵੇਂ ਹੀ ਸ਼ੁਰੂ ਹੋਇਆ ਤਾਂ ਸਿੰਘੂ ‘ਚ ਕਿਸਾਨਾਂ ਨੇ ਥਾਲੀਆਂ ਖੜਕਾ ਕੇ ਉਸੇ ਤਰਜ਼ ‘ਤੇ ਖੇਤੀ ਬਿੱਲਾਂ ਦਾ ਵਿਰੋਧ ਕੀਤਾ ਜਿਵੇਂ ਪ੍ਰਧਾਨ ਮੰਤਰੀ ਨੇ ਦੇਸ਼ ਵਾਸੀਆਂ ਨੂੰ ਕਰੋਨਾ ਯੋਧਿਆਂ ਲਈ ਥਾਲੀਆਂ ਖੜਕਾਉਣ ਦਾ ਸੱਦਾ ਦਿੱਤਾ ਸੀ। ਆਲ ਇੰਡੀਆ ਸੰਘਰਸ਼ ਤਾਲਮੇਲ ਕਮੇਟੀ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਦੇ ਪ੍ਰੋਗਰਾਮ ਦੀ ਨਿੰਦਾ ਕੀਤੀ ਗਈ ਹੈ। ਕਿਸਾਨ ਆਗੂ ਸਤਨਾਮ ਸਿੰਘ ਸਾਹਨੀ ਨੇ ਮੀਡੀਆ ਨੂੰ ਦੱਸਿਆ ਕਿ ਮੋਰਚੇ ਵੱਲੋਂ ਦਿੱਤੇ ਸੱਦੇ ਮੁਤਾਬਕ ਹਰ ਧਰਨੇ ਉੱਪਰ ਥਾਲੀਆਂ ਖੜਕਾਈਆਂ ਗਈਆਂ ਹਨ। ਟਿਕਰੀ ਤੇ ਗਾਜ਼ੀਪੁਰ, ਪਲਵਲ, ਸ਼ਾਹਜਹਾਂਪੁਰ ਧਰਨਿਆਂ ‘ਤੇ ਰੋਸ ਵਜੋਂ ਥਾਲੀਆਂ ਖੜਕਾਈਆਂ ਗਈਆਂ। ਸਾਹਨੀ ਨੇ ਕਿਹਾ ਕਿ ਕੇਂਦਰ ਸਰਕਾਰ ਇਕ ਲੱਖ ਕਰੋੜ ਰੁਪਏ ਪਿੰਡਾਂ ਵਿੱਚ ਕਾਰਪੋਰੇਟ ਤੇ ਵਿਦੇਸ਼ੀ ਕੰਪਨੀਆਂ ਦੇ ਨਿਵੇਸ਼ ਉੱਪਰ ਖਰਚ ਕਰਨ ਜਾ ਰਹੀ ਹੈ। ਇਹ ਖ਼ੁਦ ਹੀ ਬਰਬਾਦੀ ਦਾ ਰਾਹ ਹੈ ਨਾ ਕਿ ‘ਆਤਮਨਿਰਭਰਤਾ’ ਦਾ। ਡਾ. ਦਰਸ਼ਨਪਾਲ ਨੇ ਦੱਸਿਆ ਕਿ ਰਣਨੀਤਕ ਨਜ਼ਰੀਏ ਤੋਂ ਕਿਸਾਨ ਆਗੂ ਚਰਚਾ ਲਈ ਇਕੱਠੇ ਹੋਏ ਤੇ ਧਰਨਿਆਂ ਉੱਪਰ ਸ਼ਹੀਦੀਆਂ ਨੂੰ ਸਮਰਪਿਤ ਸਮਾਗਮ ਹੋਏ। ਧਰਨਿਆਂ ਵਿੱਚ ਖਾਸਾ ਇਕੱਠ ਦੇਖਿਆ ਗਿਆ ਤੇ ਰਾਗੀਆਂ, ਢਾਡੀਆਂ ਤੇ ਕਥਾਵਾਚਕਾਂ ਵੱਲੋਂ ਸਿੱਖ ਇਤਿਹਾਸ ਦੇ ਸ਼ਹੀਦੀ ਹਫ਼ਤੇ ਦੇ ਵੱਖ-ਵੱਖ ਪ੍ਰਸੰਗ ਪੇਸ਼ ਕੀਤੇ ਗਏ। ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਆਗੂਆਂ ਨੇ ਵੀ ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਨੂੰ ਨਮਨ ਕੀਤਾ।
ਪੰਜਾਬ ਤੇ ਹਰਿਆਣਾ ਵਿੱਚ ‘ਮਨ ਕੀ ਬਾਤ’ ਖ਼ਿਲਾਫ਼ ਖੜਕੇ ਭਾਂਡੇ
ਚੰਡੀਗੜ੍ਹ : ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਸੰਘਰਸ਼ ਦੌਰਾਨ ਕਿਸਾਨਾਂ ਨੇ ਆਪਣੀ ਗੱਲ ਕੇਂਦਰ ਤੱਕ ਪਹੁੰਚਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰੋਗਰਾਮ ‘ਮਨ ਕੀ ਬਾਤ’ ਦਾ ਵਿਰੋਧ ਕਰਦਿਆਂ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਭਾਂਡੇ ਖੜਕਾਏ। ਇਸ ਮੌਕੇ ਕਿਸਾਨ-ਮਜ਼ਦੂਰ ਜਥੇਬੰਦੀਆਂ ਨੇ ਵੱਖ-ਵੱਖ ਪਿੰਡਾਂ ਅਤੇ ਸ਼ਹਿਰਾਂ ਵਿੱਚ ਭਾਂਡੇ ਖੜਕਾਉਂਦਿਆਂ ਰੋਸ ਮਾਰਚ ਕੱਢ ਕੇ ਕੇਂਦਰ ਖਿਲਾਫ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ। ਦਿੱਲੀ ਬਾਰਡਰ ‘ਤੇ ਬੈਠੀਆਂ ਕਿਸਾਨ ਯੂਨੀਅਨਾਂ ਦੇ ਸੱਦੇ ‘ਤੇ ਪੰਜਾਬ ਵਿੱਚ ਕਿਸਾਨ ਜਥੇਬੰਦੀਆਂ ਨੇ 200 ਦੇ ਕਰੀਬ ਥਾਵਾਂ ‘ਤੇ ਭਾਂਡੇ ਖੜਕਾ ਕੇ ਰੋਸ ਪ੍ਰਦਰਸ਼ਨ ਕੀਤੇ ਗਏ। ਇਸ ਤੋਂ ਇਲਾਵਾ ਭਾਰਤੀ ਕਿਸਾਨ ਯੂਨੀਅਨਾਂ ਵੱਲੋਂ ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਦੇ ਘਰਾਂ ਦਾ ਅਤੇ ਕਾਰਪੋਰੇਟ ਘਰਾਣਿਆਂ ਦਾ ਘਿਰਾਓ ਜਾਰੀ ਰੱਖਿਆ। ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਨੇ ਦੱਸਿਆ ਕਿ ਕਾਲੇ ਖੇਤੀ ਕਾਨੂੰਨਾਂ ਵਿਰੁੱਧ ਪੰਜ ਮਹੀਨੇ ਪਹਿਲਾਂ ਪੰਜਾਬ ਤੋਂ ਸ਼ੁਰੂ ਹੋਇਆ ਕਿਸਾਨ ਅੰਦੋਲਨ ਹਰਿਆਣਾ, ਰਾਜਸਥਾਨ ਤੇ ਯੂਪੀ ਤੋਂ ਹੁੰਦਾ ਹੋਇਆ ਪੂਰੇ ਭਾਰਤ ਦੇ ਲੋਕਾਂ ਦਾ ਅੰਦੋਲਨ ਬਣ ਚੁੱਕਿਆ ਹੈ, ਜਿਸ ਵਿੱਚ ਹਿੱਸਾ ਲੈਣ ਲਈ ਮਹਾਰਾਸ਼ਟਰ, ਮੱਧ ਪ੍ਰਦੇਸ਼, ਕੇਰਲ, ਤਾਮਿਲਨਾਡੂ ਅਤੇ ਪੱਛਮੀ ਬੰਗਾਲ ਆਦਿ ਰਾਜਾਂ ਤੋਂ ਕਿਸਾਨ ਦਿੱਲੀ ਵੱਲ ਕੂਚ ਕਰ ਰਹੇ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਤਿੰਨੇ ਖੇਤੀ ਕਾਨੂੰਨਾਂ ਨੂੰ ਰੱਦ ਕਰੇ, ਨਹੀਂ ਤਾਂ ਕਿਸਾਨ ਦਿੱਲੀ ਵੱਲ ਕੂਚ ਕਰਦੇ ਰਹਿਣਗੇ। ਜਲੰਧਰ ਤੇ ਤਰਨਤਾਰਨ ਵਿੱਚ ਵੱਜੇ ਨਗਾਰੇ : ਪੋਹ ਦੇ ਮਹੀਨੇ ਕੜਾਕੇ ਦੀ ਠੰਢ ਵਿੱਚ ਖੇਤੀ ਕਾਨੂੰਨਾਂ ਵਿਰੁੱਧ ਸੰਘਰਸ਼ ਮਘਾਈ ਬੈਠੇ ਕਿਸਾਨਾਂ ਦੀਆਂ ਮੰਗਾਂ ਨੂੰ ਅਣਗੌਲਿਆਂ ਕਰਨ ‘ਤੇ ਪ੍ਰਧਾਨ ਮੰਤਰੀ ਦੀ ‘ਮਨ ਕੀ ਬਾਤ’ ਖਿਲਾਫ ਵਿਰੋਧ ਜਤਾਉਣ ਲਈ ਜਲੰਧਰ ਤੇ ਤਰਨਤਾਰਨ ਵਿਚ ਸਿੱਖ ਜਥੇਬੰਦੀਆਂ ਨੇ ਨਗਾਰੇ ਵਜਾਏ। ਇਸ ਦੌਰਾਨ ਜਿਵੇਂ ਹੀ ਪ੍ਰਧਾਨ ਮੰਤਰੀ ਮੋਦੀ ਨੇ ‘ਮਨ ਕੀ ਬਾਤ’ ਸ਼ੁਰੂ ਕੀਤੀ ਤਾਂ ਸਿੱਖ ਜਥੇਬੰਦੀਆਂ ਨੇ ਨਗਾਰੇ ਵਜਾਉਣੇ ਸ਼ੁਰੂ ਕਰ ਦਿੱਤੇ।

Check Also

ਆਮ ਆਦਮੀ ਪਾਰਟੀ ਨੇ ‘ਕੇਜਰੀਵਾਲ ਨੂੰ ਅਸ਼ੀਰਵਾਦ’ ਮੁਹਿੰਮ ਦੀ ਕੀਤੀ ਸ਼ੁਰੂਆਤ

ਅਸ਼ੀਰਵਾਦ ਦੇਣ ਲਈ ਸੁਨੀਤਾ ਕੇਜਰੀਵਾਲ ਨੇ ਵਟਸਐਪ ਨੰਬਰ ਕੀਤਾ ਜਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ : ਆਮ …