Breaking News
Home / ਭਾਰਤ / ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਰੋਨਾ ਨੂੰ ਲੈ ਕੇ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਕੀਤੀ ਵੀਡੀਓ ਕਾਨਫਰੰਸ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਰੋਨਾ ਨੂੰ ਲੈ ਕੇ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਕੀਤੀ ਵੀਡੀਓ ਕਾਨਫਰੰਸ

ਕਿਹਾ : ਦੇਸ਼ ’ਚ ਕਰੋਨਾ ਵਾਇਰਸ ਦਾ ਖਤਰਾ ਹਾਲੇ ਵੀ ਬਰਕਰਾਰ
ਭਗਵੰਤ ਮਾਨ ਬੋਲੇ, ਪੰਜਾਬ ’ਚ ਹਾਲਾਤ ਕਾਬੂ ਹੇਠ
ਨਵੀਂ ਦਿੱਲੀ/ਬਿਊਰੋ ਨਿਊਜ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦੇਸ਼ ’ਚ ਕਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਨੂੰ ਧਿਆਨ ਵਿਚ ਰੱਖਦੇ ਹੋਏ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਵੀਡੀਓ ਕਾਨਫਰੰਸ ਰਾਹੀਂ ਮੀਟਿੰਗ ਕੀਤੀ ਗਈ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਸਪੱਸ਼ਟ ਕੀਤਾ ਕਿ ਦੇਸ਼ ਵਿਚ ਕਰੋਨਾ ਵਾਇਰਸ ਦਾ ਖਤਰਾ ਹਾਲੇ ਵੀ ਬਰਕਰਾਰ ਹੈ, ਜਿਸ ਕਰਕੇ ਸਾਨੂੰ ਸਾਰਿਆਂ ਨੂੰ ਸੁਚੇਤ ਰਹਿਣ ਦੀ ਲੋੜ ਹੈ। ਪ੍ਰਧਾਨ ਮੰਤਰੀ ਨੇ ਮੀਟਿੰਗ ਦੌਰਾਨ ਕਰੋਨਾ ਰੋਕੂ ਵੈਕਸੀਨੇਸ਼ਨ ਅਤੇ ਸਾਵਧਾਨੀਆਂ ’ਤੇ ਵੀ ਚਰਚਾ ਕੀਤੀ। ਕਰੋਨਾ ਵਾਇਰਸ ਦੀ ਚੌਥੀ ਲਹਿਰ ਦੀ ਅਸ਼ੰਕਾ ਦੇ ਚਲਦਿਆਂ ਪ੍ਰਧਾਨ ਮੰਤਰੀ ਦੀ ਮੁੱਖ ਮੰਤਰੀਆਂ ਨਾਲ ਕੀਤੀ ਗਈ ਇਹ ਪਹਿਲੀ ਵੀਡੀਓ ਕਾਨਫਰੰਸ ਸੀ। ਉਨ੍ਹਾਂ ਕਿਹਾ ਕਿ ਭਾਰਤੀਆਂ ਲਈ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ 96 ਫੀਸਦੀ ਅਬਾਦੀ ਨੂੰ ਪਹਿਲੀ ਡੋਜ਼ ਲੱਗ ਚੁੱਕੀ ਹੈ ਜਦਕਿ 15 ਸਾਲ ਤੋਂ ਉਪਰ 85 ਪ੍ਰਤੀਸ਼ਤ ਅਬਾਦੀ ਨੂੰ ਦੂਜੀ ਡੋਜ਼ ਵੀ ਲਗ ਚੁੱਕੀ ਹੈ। ਇਸੇ ਦੌਰਾਨ ਪ੍ਰਧਾਨ ਮੰਤਰੀ ਨੇ ਦੇਸ਼ ’ਚ ਵਧੀਆਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ’ਤੇ ਵੀ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਤੁਸੀਂ ਜਾਣਦੇ ਹੋ ਕਿ ਭਾਰਤ ਸਰਕਾਰ ਕੋਲ ਜੋ ਵੀ ਰੈਵੇਨਿਊ ਆਉਂਦਾ ਹੈ ਉਸਦਾ 42 ਫੀਸਦੀ ਰਾਜਾਂ ਨੂੰ ਹੀ ਚਲਾ ਜਾਂਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਂ ਸਾਰੇ ਰਾਜਾਂ ਨੂੰ ਅਪੀਲ ਕਰਦਾ ਹਾਂ ਕਿ ਰਾਜ ਵੀ ਕੇਂਦਰ ਸਰਕਾਰ ਦਾ ਸਹਿਯੋਗ ਕਰਨ। ਪ੍ਰਧਾਨ ਮੰਤਰੀ ਨਾਲ ਹੋਈ ਮੀਟਿੰਗ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਵਿਚ ਹਾਲਾਤ ਕੰਟਰੋਲ ਹੇਠ ਹਨ ਅਤੇ ਅੱਗੇ ਤੋਂ ਵੀ ਹਾਲਾਤਾਂ ਨੂੰ ਕਾਬੂ ’ਚ ਰੱਖਣ ਲਈ ਜ਼ਰੂਰਤ ਅਨੁਸਾਰ ਹਰ ਕਦਮ ਚੁੱਕਿਆ ਜਾਵੇਗਾ।

 

Check Also

ਤਹੱਵੁਰ ਰਾਣਾ ਨੂੰ ਐਨ.ਆਈ.ਏ. ਨੇ 18 ਦਿਨਾਂ ਦੇ ਰਿਮਾਂਡ ’ਤੇ ਲਿਆ

ਲੰਘੇ ਕੱਲ੍ਹ ਹੀ ਤਹੱਵੁਰ ਰਾਣਾ ਨੂੰ ਅਮਰੀਕਾ ਤੋਂ ਲਿਆਂਦਾ ਗਿਆ ਸੀ ਭਾਰਤ ਨਵੀਂ ਦਿੱਲੀ/ਬਿਊਰੋ ਨਿਊਜ਼ …