ਨਜ਼ਰਸਾਨੀ ਵਾਲੀ ਪਟੀਸ਼ਨ ‘ਤੇ ਨਾ ਸੁਣਾਇਆ ਕੋਈ ਫੈਸਲਾ
ਨਵੀਂ ਦਿੱਲੀ/ਬਿਊਰੋ ਨਿਊਜ਼ : ਸੁਪਰੀਮ ਕੋਰਟ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨਜ਼ਰਸਾਨੀ ਵਾਲੀ ਪਟੀਸ਼ਨ ‘ਤੇ ਕੋਈ ਫੈਸਲਾ ਨਾ ਸੁਣਾਉਂਦਿਆਂ, ਇਸ ‘ਤੇ 8 ਮਈ ਦੀ ਤਾਰੀਖ਼ ਪਾ ਕੇ ਕਮੇਟੀ ਨੂੰ ਵੱਡਾ ਝਟਕਾ ਦਿੱਤਾ ਹੈ।
ਚੀਫ਼ ਜਸਟਿਸ ਦੀਪਕ ਮਿਸ਼ਰਾ ਨੇ ਆਦੇਸ਼ ਦਿੱਤਾ ਹੈ ਕਿ ‘ਨਾਨਕ ਸ਼ਾਹ ਫ਼ਕੀਰ’ ਫ਼ਿਲਮ ਦੀ ਸਕਰੀਨਿੰਗ ਸਬੰਧੀ ਪਹਿਲਾਂ ਦਿੱਤੇ ਗਏ ਹੁਕਮਾਂ ਨੂੰ ਲਾਗੂ ਰੱਖਿਆ ਜਾਵੇ। ਸੀਨੀਅਰ ਵਕੀਲ ਆਰਐਸ ਸੂਰੀ ਨੇ ਅਦਾਲਤ ਨੂੰ ਦੱਸਿਆ ਕਿ ਫ਼ਿਲਮ ਨੂੰ ਪੰਜਾਬ ਤੋਂ ਇਲਾਵਾ ਬਾਕੀ ਪੂਰੇ ਦੇਸ਼ ਵਿੱਚ ਰਿਲੀਜ਼ ਕੀਤਾ ਗਿਆ ਹੈ।
ਜਸਟਿਸ ਦੀਪਕ ਮਿਸ਼ਰਾ, ਜਸਟਿਸ ਏ.ਐਮ.ਖਾਨਵਿਲਕਰ ਤੇ ਡੀ.ਵਾਈ. ਚੰਦਰਚੂਹੜ ਨੇ ਕਿਹਾ ਕਿ ਮੂਲ ਵਿਵਾਦ ਇਹ ਹੋਣਾ ਚਾਹੀਦਾ ਹੈ ਕਿ ਕੀ ਫ਼ਿਲਮ ਵਿੱਚ ਗੁਰੂ ਨਾਨਕ ਦੇਵ ਜੀ ਦੇ ਜੀਵਨ ਨੂੰ ਸਹੀ ਤਰੀਕੇ ਨਾਲ ਦਿਖਾਇਆ ਗਿਆ ਹੈ ਜਾਂ ਨਹੀਂ। ਸੁਪਰੀਮ ਕੋਰਟ ਨੇ 10 ਅਪ੍ਰੈਲ ਨੂੰ ਐਸਜੀਪੀਸੀ ਦੀ ਨਾਨਕ ਸ਼ਾਹ ਫ਼ਕੀਰ ਫ਼ਿਲਮ ‘ਤੇ ਰੋਕ ਲਾਉਣ ਲਈ ਨਿਖੇਧੀ ਕਰਦਿਆਂ 13 ਅਪ੍ਰੈਲ ਨੂੰ ਪੂਰੇ ਦੇਸ਼ ਵਿੱਚ ਫ਼ਿਲਮ ਨੂੰ ਰਿਲੀਜ਼ ਕਰਨ ਲਈ ਰਾਹ ਪੱਧਰਾ ਕਰ ਦਿੱਤਾ ਸੀ।
ਪੰਜਾਬ ‘ਚ ਨਹੀਂ ਰਿਲੀਜ਼ ਕੀਤੀ ਗਈ ਵਿਵਾਦਤ ਫਿਲਮ ‘ਨਾਨਕ ਸ਼ਾਹ ਫਕੀਰ’
ਫਿਲਮ ਦੇ ਵਿਰੋਧ ‘ਚ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਸਟਾਫ ਨੇ ਵੀ ਕਾਲੀਆਂ ਦਸਤਾਰਾਂ ਸਜਾਈਆਂ
ਚੰਡੀਗੜ੍ਹ : ਸੁਪਰੀਮ ਕੋਰਟ ਦੀ ਮਨਜ਼ੂਰੀ ਦੇ ਬਾਵਜੂਦ ਪੰਜਾਬ ਵਿਚ ‘ਨਾਨਕ ਸ਼ਾਹ ਫਕੀਰ’ ਫਿਲਮ ਰਿਲੀਜ਼ ਨਹੀਂ ਕੀਤੀ ਗਈ। ਵੱਖ-ਵੱਖ ਥਾਵਾਂ ‘ਤੇ ਸਿੱਖ ਸੰਗਠਨਾਂ ਨੇ ਫਿਲਮ ਦੇ ਨਿਰਮਾਤਾ ਹਰਿੰਦਰ ਸਿੰਘ ਸਿੱਕਾ ਦਾ ਪੁਤਲਾ ਫੂਕਿਆ ਅਤੇ ਪ੍ਰਦਰਸ਼ਨ ਕੀਤੇ ਤੇ ਅੱਗੇ ਤੋਂ ਅਜਿਹੀਆਂ ਫਿਲਮਾਂ ਬਣਾਉਣ ਵਾਲਿਆਂ ਨੂੰ ਚਿਤਾਵਨੀ ਵੀ ਦਿੱਤੀ। ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਸਮੇਤ ਗੁਆਂਢੀ ਸੂਬਿਆਂ ਵਿੱਚ ਵੀ ਫ਼ਿਲਮ ਨਹੀਂ ਦਿਖਾਈ ਗਈ। ਇਸੇ ਦੌਰਾਨ ਫਿਲਮ ਰਿਲੀਜ਼ ਦੇ ਵਿਰੋਧ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਆਪਣੇ ਸਮੂਹ ਅਦਾਰੇ ਬੰਦ ਰੱਖੇ ਗਏ। ਇਥੋਂ ਤੱਕ ਕਿ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਦੇਸ਼ ਵਿਦੇਸ਼ ਤੋਂ ਪੁੱਜਦੀਆਂ ਸੰਗਤਾਂ ਨੂੰ ਇਸ ਪਾਵਨ ਅਸਥਾਨ ਦੇ ਇਤਿਹਾਸ ਤੇ ਸਿੱਖ ਧਰਮ ਸਬੰਧੀ ਜਾਣਕਾਰੀ ਦੇਣ ਲਈ ਸਥਾਪਿਤ ਕੀਤਾ ਗਿਆ ਸੂਚਨਾ ਕੇਂਦਰ ਵੀ ਬੰਦ ਰੱਖਿਆ ਗਿਆ। ਸ਼੍ਰੋਮਣੀ ਕਮੇਟੀ ਅਤੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਸਟਾਫ ਵਲੋਂ ਵੀ ਅੱਜ ਰੋਸ ਵਜੋਂ ਕਾਲੀਆਂ ਦਸਤਾਰਾਂ ਸਜਾਈਆਂ ਗਈਆਂ। ਜ਼ਿਕਰਯੋਗ ਹੈ ਕਿ ਸਿੰਘ ਸਾਹਿਬਾਨ ਨੇ ਪਹਿਲਾਂ ਹੀ ਫਿਲਮ ਦੇ ਨਿਰਮਾਤਾ ਹਰਿੰਦਰ ਸਿੱਕਾ ਨੂੰ ਪੰਥ ਵਿਚੋਂ ਛੇਕ ਦਿੱਤਾ ਸੀ।
ਯੂਨਾਈਟਿਡ ਸਿੱਖ ਮੂਵਮੈਂਟ ਦੇ ਆਗੂਆਂ ਨੇ ਫਿਲਮ ‘ਨਾਨਕ ਸ਼ਾਹ ਫਕੀਰ’ ਦੇ ਨਿਰਮਾਤਾ ਹਰਿੰਦਰ ਸਿੱਕਾ ਦੀ ਪੰਥ ‘ਚ ਵਾਪਸੀ ਦੀ ਕੀਤੀ ਮੰਗ
ਕਿਹਾ, ਫਿਲਮ ਦਾ 30 ਫੀਸਦੀ ਹਿੱਸਾ ਬਾਦਲਾਂ ਕੋਲ ਜਾਣਾ ਸੀ
ਚੰਡੀਗੜ੍ਹ : ਯੂਨਾਈਟਿਡ ਸਿੱਖ ਮੂਵਮੈਂਟ ਦੇ ਆਗੂਆਂ ਨੇ ‘ਨਾਨਕ ਸ਼ਾਹ ਫਕੀਰ’ ਫਿਲਮ ਦੇ ਨਿਰਮਤਾ ਹਰਿੰਦਰ ਸਿੰਘ ਸਿੱਕਾ ਦੀ ਪੰਥ ਵਾਪਸੀ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਨੇ ਇਸ ਫਿਲਮ ਨੂੰ ਪਹਿਲਾਂ ਹਰੀ ਝੰਡੀ ਦਿੱਤੀ ਸੀ, ਉਨ੍ਹਾਂ ਤੋਂ ਫਿਲਮ ਦੇ ਨਿਰਮਾਣ ‘ਤੇ ਆਇਆ ਖ਼ਰਚਾ ਫਿਲਮ ਦੇ ਨਿਰਮਾਤਾ ਨੂੰ ਦਿਵਾਉਣਾ ਚਾਹੀਦਾ ਹੈ। ਗਲਬਾਤ ਕਰਦਿਆਂ ਯੂਨਾਈਟਿਡ ਸਿੱਖ ਮੂਵਮੈਂਟ ਦੇ ਸਕੱਤਰ ਜਨਰਲ ਕੈਪਟਨ ਚੰਨਣ ਸਿੰਘ, ਸੀਨੀਅਰ ਆਗੂ ਡਾ. ਭਗਵਾਨ ਸਿੰਘ, ਗੁਰਨਾਮ ਸਿੰਘ ਸਿੱਧੂ ਅਤੇ ਹਰਪ੍ਰੀਤ ਸਿੰਘ ਨੇ ਕਿਹਾ ਕਿ ਜਦੋਂ ਸਿੱਖ ਪੰਥ ਦਾ ਇਹ ਪੱਕਾ ਫੈਸਲਾ ਹੈ ਕਿ ਸਿੱਖ ਗੁਰੂਆਂ ਦੇ ਫਿਲਮਾਂ ਅਤੇ ਨਾਟਕਾਂ ਵਿਚ ਕਿਰਦਾਰ ਨਹੀਂ ਨਿਭਾਏ ਜਾ ਸਕਦੇ ਤਾਂ ਅਕਾਲ ਤਖ਼ਤ ਸਹਿਬ ਦੇ ਜਥੇਦਾਰ ਨੇ 27 ਜਨਵਰੀ 2015 ਨੂੰ ਫਿਲਮ ਨਾਨਕ ਸ਼ਾਹ ਫਕੀਰ ਦੇ ਨਿਰਮਾਤਾ ਨੂੰ ਪ੍ਰਸੰਸਾ ਪੱਤਰ ਕਿਉਂ ਦਿੱਤਾ ਸੀ। ਇਨ੍ਹਾਂ ਆਗੂਆਂ ਨੇ ਕਿਹਾ ਕਿ ਫਿਲਮ ਦੀ ਕਮਾਈ ਦਾ 30 ਫੀਸਦੀ ਹਿੱਸਾ ਬਾਦਲ ਪਰਿਵਾਰ ਨੂੰ ਜਾਣਾ ਸੀ। ਇਨ੍ਹਾਂ ਆਗੂਆਂ ਨੇ ਸਮੂਹ ਸਿੱਖ ਜਥੇਬੰਦੀਆਂ ਅਤੇ ਸੰਗਤਾਂ ਨੂੰ ਅਪੀਲ ਕੀਤੀ ਕਿ 29 ਅਪ੍ਰੈਲ ਨੂੰ ਅਕਾਲ ਤਖ਼ਤ ਸਹਿਬ ਵਿਖੇ ਪਹੁੰਚਣ।
Check Also
ਸੁਪਰੀਮ ਕੋਰਟ ਨੇ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਦਿੱਤੀ ਨਸੀਹਤ
ਕਿਹਾ : ਹਾਈਵੇਅ ਨਾ ਰੋਕੇ ਅਤੇ ਲੋਕਾਂ ਦੀਆਂ ਸਹੂਲਤਾਂ ਦਾ ਰੱਖੋ ਧਿਆਨ ਨਵੀਂ ਦਿੱਲੀ/ਬਿਊਰੋ ਨਿਊਜ਼ …