Breaking News
Home / ਪੰਜਾਬ / ਲਾਲ-ਨੀਲੀ ਝਾਲਰ ਵਾਲੀ ਪੱਗ ਤੋਂ ਪੁਲਿਸ ਨੂੰ ਨਹੀਂ ਮਿਲ ਰਹੀ ਮੁਕਤੀ

ਲਾਲ-ਨੀਲੀ ਝਾਲਰ ਵਾਲੀ ਪੱਗ ਤੋਂ ਪੁਲਿਸ ਨੂੰ ਨਹੀਂ ਮਿਲ ਰਹੀ ਮੁਕਤੀ

ਅੰਮ੍ਰਿਤਸਰ : ਦੇਸ਼ ਦੀ ਵੰਡ ਦੇ 73 ਵਰ੍ਹੇ ਬੀਤ ਜਾਣ ਦੇ ਬਾਅਦ ਵੀ ਅੰਗਰੇਜ਼ ਸਰਕਾਰ ਵਲੋਂ ਪੁਲਿਸ ਲਈ ਲਾਜ਼ਮੀ ਕੀਤੀ ਗਈ ਲਾਲ-ਨੀਲੀ ਝਾਲਰ ਵਾਲੀ ‘ਪੁਲਸੀਆ ਪੱਗ’ ਤੋਂ ਪੰਜਾਬ ਪੁਲਿਸ ਦੇ ਕਰਮਚਾਰੀਆਂ ਨੂੰ ਨਿਜਾਤ ਨਹੀਂ ਮਿਲ ਸਕੀ ਹੈ। ਪੁਲਿਸ ਕਰਮਚਾਰੀਆਂ ਅਨੁਸਾਰ ਦੂਜੇ ਸੂਬਿਆਂ ‘ਚ ਪੁਲਿਸ ਫੋਰਸ ਦੀ ਝਾਲਰ ਵਾਲੀ ਪਗੜੀ ‘ਚ ਬਦਲਾਅ ਕਰਦਿਆਂ ਉਨ੍ਹਾਂ ਨੂੰ ਸਾਧਾਰਨ ਪਗੜੀ ਪਹਿਨਣ ਲਈ ਕਿਹਾ ਗਿਆ ਹੈ। ਉਨ੍ਹਾਂ ਦੱਸਿਆ ਕਿ ਲਾਲ-ਨੀਲੀ ਝਾਲਰ ਵਾਲੀ ‘ਪੁਲਸੀਆ ਪੱਗ’ ਦੀ ਮਜ਼ਬੂਤੀ ਬਣਾਈ ਰੱਖਣ ਲਈ ਉਨ੍ਹਾਂ ਵਲੋਂ ਇਸ ਦੇ ਪਹਿਲੇ ਅਤੇ ਆਖ਼ਰੀ ਪੇਚ ‘ਚ ਅਖ਼ਬਾਰੀ ਕਾਗ਼ਜ਼, ਗੱਤਾ ਜਾਂ ਐਕਸ-ਰੇ ਫ਼ਿਲਮ ਦੀ ਕਟਿੰਗ ਫਿਟ ਕੀਤੀ ਜਾਂਦੀ ਹੈ ਤਾਂ ਕਿ ਪੱਗ ਛੇਤੀ ਨਾ ਢਹੇ। ਇਸ ਪੱਗ ਨੂੰ ਬੰਨ੍ਹਣਾ ਔਖਾ ਹੋਣ ਕਰਕੇ ਸਿਪਾਹੀ ਇਸ ਨੂੰ ਕਈ-ਕਈ ਹਫ਼ਤਿਆਂ ਤੇ ਮਹੀਨਿਆਂ ਤੱਕ ਜਿਉਂ ਦੇ ਤਿਉਂ ਬਿਨਾ ਧੋਤੇ ਸਿਰਾਂ ‘ਤੇ ਰੱਖਦੇ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਪੱਗ ਦੀ ਪੂਣੀ ਕਰਨ ਤੋਂ ਬਾਅਦ ਸਿਪਾਹੀ ਪੱਗ ਨੂੰ ਆਪਣੇ ਸਿਰ ‘ਤੇ ਰੱਖਣ ਤੋਂ ਪਹਿਲਾਂ ਇਸ ਨੂੰ ਦੂਜੇ ਵਿਅਕਤੀ ਦੇ ਸਿਰ ‘ਤੇ ਬੰਨ੍ਹਦੇ ਹਨ ਅਤੇ ਪੂਰੀ ਤਰ੍ਹਾਂ ਨਾਲ ਪੱਗ ਬੰਨ੍ਹਣ ਦੇ ਲਾਇਕ ਹੋ ਜਾਣ ਤੋਂ ਬਾਅਦ ਉਹ ਇਸ ਨੂੰ ਟੋਪੀ ਵਾਂਗ ਸਿਰ ‘ਤੇ ਰੱਖ ਲੈਂਦੇ ਹਨ। ਗੁਰਸਿੱਖ ਪੁਲਿਸ ਕਰਮਚਾਰੀਆਂ ਅਨੁਸਾਰ ਧਾਰਮਿਕ ਪੱਖੋਂ ਵੀ ਇਸ ਪੱਗ ਨੂੰ ਕਿਸੇ ਟੋਪੀ ਵਾਂਗੂ ਸਿਰ ‘ਤੇ ਧਾਰਣ ਕਰਨਾ ਰਹਿਤਨਾਮਿਆਂ ਅਨੁਸਾਰ ਉਚਿੱਤ ਨਹੀਂ ਹੈ, ਪਰ ਸਰਕਾਰੀ ਆਦੇਸ਼ਾਂ ਦੇ ਚੱਲਦਿਆਂ ਉਨ੍ਹਾਂ ਨੂੰ ਨਾ ਚਾਹੁੰਦਿਆਂ ਹੋਇਆਂ ਵੀ ਰਹਿਤਨਾਮਿਆਂ ‘ਚ ਦਰਜ ਮਰਿਆਦਾ ਦਾ ਉਲੰਘਣ ਕਰਨਾ ਪੈ ਰਿਹਾ ਹੈ।ઠ
ਭਾਈ ਲਾਗੋਵਾਲ ਨੇ ਮੁੱਖ ਮੰਤਰੀ ਨੂੰ ਲਿਖਿਆ ਪੱਤਰ
ਲਾਗੋਵਾਲ : ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੀ ਪੱਗੜੀ ‘ਤੇ ਅੰਗਰੇਜ਼ਾਂ ਦੇ ਸਮੇਂ ਤੋਂ ਲੱਗੀ ਆ ਰਹੀ ਝਾਲਰ ਨੂੰ ਹਟਾ ਕੇ ਹੁਣ ਜਵਾਨਾਂ ਦੇ ਸਿਰ ‘ਤੇ ਸੁੰਦਰ ਦਸਤਾਰ ਸਜਾਉਣ ਦੀ ਕਵਾਇਦ ਆਰੰਭ ਹੋ ਗਈ ਹੈ। ਇਸ ਸਬੰਧੀ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲਾਗੋਵਾਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖ ਕੇ ਅੰਗਰੇਜ਼ਾਂ ਦੇ ਸਮੇਂ ਤੋਂ ਚੱਲੀ ਆ ਰਹੀ ਝਾਲਰ ਵਾਲੀ ਪੱਗੜੀ ਨੂੰ ਬਦਲ ਕੇ ਰੋਜ਼ਾਨਾ ਬੰਨ੍ਹੀ ਜਾਣ ਵਾਲੀ ਸੁੰਦਰ ਦਸਤਾਰ ਸਜਾਉਣ ਲਈ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਅਨੁਸਾਰ ਸਬੰਧਿਤ ਵਿਭਾਗ ਨੂੰ ਦਿਸ਼ਾ ਨਿਰਦੇਸ਼ ਜਾਰੀ ਕਰਨ ਦੀ ਮੰਗ ਕੀਤੀ ਹੈ। ਇਸ ਮਸਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹੁਣ ਦੀ ਪ੍ਰਚਲਿਤ ਰਿਵਾਇਤ ਅਨੁਸਾਰ ਦਸਤਾਰ ਸਜਾਉਣ ਲਈ ਭਾਈ ਲੌਂਗੋਵਾਲ ਦੇ ਸੁਝਾਅ ਨੂੰ ਪੰਜਾਬ ਪੁਲਿਸ ਦੇ ਡਾਇਰੈਕਟਰ ਜਰਨਲ ਨੂੰ ਵਿਚਾਰ ਕਰ ਕੇ ਲੋੜੀਂਦੀ ਕਾਰਵਾਈ ਕਰਨ ਦੇ ਹੁਕਮ ਜਾਰੀ ਕੀਤੇ ਹਨ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡੀਜੀਪੀ ਨੂੰ ਲਿਖੀ ਚਿੱਠੀ
ਚੰਡੀਗੜ੍ਹ : ਕੈਪਟਨ ਅਮਰਿੰਦਰ ਸਿੰਘ ਨੇ ਸ਼੍ਰ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਮੰਗ ‘ਤੇ ਪੰਜਾਬ ਪੁਲਿਸ ਦੇ ਡੀ.ਜੀ.ਪੀ ਨੂੰ ਪੰਜਾਬ ਪੁਲਿਸ ਦੀ ਵਰਦੀ ‘ਚ ਸ਼ਾਮਲ ਝਾਲਰ ਵਾਲੀ ਪੱਗ ਸਬੰਧੀ ਲੋੜੀਂਦੀ ਕਾਰਵਾਈ ਕਰਨ ਲਈ ਚਿੱਠੀ ਲਿਖੀ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਗੋਵਾਲ ਨੇ ਮੁੱਖ ਮੰਤਰੀ ਨੂੰ ਅਪ੍ਰੈਲ ਮਹੀਨੇ ਚਿੱਠੀ ਲਿਖੀ ਸੀ ਕਿ ਪੰਜਾਬ ਪੁਲਿਸ ਦੀ ਪੱਗ ‘ਤੇ ਅੰਗਰੇਜ਼ਾਂ ਦੇ ਸਮੇਂ ਤੋਂ ਲੱਗੀ ਝਾਲਰ ਉਵੇਂ ਹੀ ਚੱਲੀ ਆ ਰਹੀ ਹੈ। ਉਨ੍ਹਾਂ ਲਿਖਿਆ ਸੀ ਕਿ ਝਾਲਰ ਵਾਲੀ ਪੱਗ ਦੀ ਥਾਂ ਆਮ ਸੁੰਦਰ ਪੱਗ ਸਜਾਉਣ ਦੇ ਹੁਕਮ ਪੰਜਾਬ ਪੁਲਿਸ ਨੂੰ ਜਾਰੀ ਕੀਤੇ ਜਾਣ।

Check Also

ਕਾਂਗਰਸੀ MP ਜਸਬੀਰ ਸਿੰਘ ਡਿੰਪਾ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਟਿਕਟ ਦੀ ਦਾਅਵੇਦਾਰੀ ਛੱਡੀ

ਕਿਹਾ : ਟਿਕਟ ਮਿਲੇ ਜਾਂ ਨਾ ਮਿਲੇ ਕਾਂਗਰਸ ਪਾਰਟੀ ਵਿਚ ਹੀ ਰਹਾਂਗਾ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ …