Breaking News
Home / ਪੰਜਾਬ / ਅਧਿਆਪਕਾਂ ਤੋਂ ਸਿਰਫ਼ ਪੜ੍ਹਾਈ ਦਾ ਕੰਮ ਲਿਆ ਜਾਵੇਗਾ : ਭਗਵੰਤ ਮਾਨ

ਅਧਿਆਪਕਾਂ ਤੋਂ ਸਿਰਫ਼ ਪੜ੍ਹਾਈ ਦਾ ਕੰਮ ਲਿਆ ਜਾਵੇਗਾ : ਭਗਵੰਤ ਮਾਨ

ਰਾਜ ਪੱਧਰੀ ਅਧਿਆਪਕ ਦਿਵਸ ਸਮਾਗਮ ‘ਚ 80 ਅਧਿਆਪਕਾਂ ਦਾ ਕੀਤਾ ਸਨਮਾਨ
ਮੋਗਾ/ਬਿਊਰੋ ਨਿਊਜ਼ : ਮੁੱਖ ਮੰਤਰੀ ਭਗਵੰਤ ਮਾਨ ਨੇ ਅਧਿਆਪਕ ਦਿਵਸ ਮੌਕੇ ਮੋਗਾ ‘ਚ ਰੱਖੇ ਸੂਬਾ ਪੱਧਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੂਬੇ ਵਿੱਚ ਅਧਿਆਪਕਾਂ ਤੋਂ ਪੜ੍ਹਾਈ ਤੋਂ ਇਲਾਵਾ ਕੋਈ ਹੋਰ ਕੰਮ ਨਹੀਂ ਲਿਆ ਜਾਵੇਗਾ। ਸਮਾਗਮ ਦੌਰਾਨ ਮੁੱਖ ਮੰਤਰੀ ਨੇ ਸਿੱਖਿਆ ਦੇ ਖੇਤਰ ‘ਚ ਅਹਿਮ ਯੋਗਦਾਨ ਪਾਉਣ ਵਾਲੇ 80 ਅਧਿਆਪਕਾਂ ਨੂੰ ਸਨਮਾਨਿਤ ਵੀ ਕੀਤਾ। ਮੁੱਖ ਮੰਤਰੀ ਨੇ ਦੀਪ ਜਗਾਉਣ ਤੋਂ ਬਾਅਦ ਭਾਰਤ ਰਤਨ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਨੂੰ ਸ਼ਰਧਾ ਦੇ ਫੁੱਲ ਵੀ ਭੇਟ ਕੀਤੇ।
ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਨੂੰ ਰੰਗਲਾ ਪੰਜਾਬ ਤੇ ਸਿੱਖਿਆ ਵਿਚ ਨੰਬਰ ਇੱਕ ਸੂਬਾ ਬਣਾਉਣ ਦਾ ਐਲਾਨ ਕਰਦਿਆਂ ਕਿਹਾ ਕਿ ਅਧਿਆਪਕਾਂ ਤੋਂ ਪੜ੍ਹਾਈ ਤੋਂ ਇਲਾਵਾ ਹੋਰ ਕੋਈ ਵਾਧੂ ਡਿਊਟੀ ਨਹੀਂ ਲਈ ਜਾਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਪ੍ਰਸ਼ਾਸਨਿਕ ਸਿਵਲ ਪ੍ਰੀਖਿਆਵਾਂ ਦੀ ਤਿਆਰੀ ਲਈ ਸੂਬੇ ਵਿੱਚ ਖੋਲ੍ਹੇ ਜਾ ਰਹੇ ਆਧੁਨਿਕ ਸਹੂਲਤਾਂ ਵਾਲੇ 8 ਕੋਚਿੰਗ ਸੈਂਟਰਾਂ ਵਿਚੋਂ ਇੱਕ ਸੈਂਟਰ ਮੋਗਾ ‘ਚ ਖੋਲ੍ਹਿਆ ਜਾਵੇਗਾ।
ਉਨ੍ਹਾਂ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਸੱਦਾ ਦਿੱਤਾ ਕਿ ਉਹ ਵਿਦਿਆਰਥੀਆਂ ਨੂੰ ਪੰਜਾਬੀ ਵਿਰਸੇ ਬਾਰੇ ਜਾਣਕਾਰੀ ਦੇਣ ਤੋਂ ਇਲਾਵਾ ਛੋਟੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਤੋਂ ਇਲਾਵਾ ਸ਼ਹੀਦ ਭਗਤ ਸਿੰਘ ਤੇ ਹੋਰ ਸ਼ਹੀਦਾਂ ਦੀਆਂ ਕੁਰਬਾਨੀ ਤੇ ਇਤਿਹਾਸ ਬਾਰੇ ਵੀ ਪੜ੍ਹਾਉਣ। ਉਨ੍ਹਾਂ ਅਧਿਆਪਕਾਂ ਨੂੰ ਇਹ ਵੀ ਕਿਹਾ ਕਿ ਉਹ ਵਿਦਿਆਰਥੀਆਂ ਨੂੰ ਵਾਤਾਵਰਣ ਸੰਭਾਲ, ਪਰਾਲੀ ਨਾ ਸਾੜਨ ਅਤੇ ਫਸਲਾਂ ‘ਤੇ ਬੇਲੋੜੀਆਂ ਖਾਦਾਂ ਤੇ ਸਪਰੇਆਂ ਦੀ ਵਰਤੋਂ ਕਾਰਨ ਹੋਣ ਵਾਲੇ ਨੁਕਸਾਨ ਬਾਰੇ ਆਪਣੇ ਮਾਪਿਆਂ ਨੂੰ ਜਾਗਰੂਕ ਕਰਨ ਲਈ ਕਹਿਣ। ਉਨ੍ਹਾਂ ਕਿਹਾ ਕਿ ਉਹ ਖੁਦ ਅਧਿਆਪਕ ਦੇ ਪੁੱਤਰ ਹਨ।
ਮਾਤਾ-ਪਿਤਾ ਤੋਂ ਬਾਅਦ ਅਧਿਆਪਕਾਂ ਨੂੰ ਕਿਸੇ ਵੀ ਵਿਅਕਤੀ ਦੀ ਜ਼ਿੰਦਗੀ ਦਾ ਅਹਿਮ ਹਿੱਸਾ ਮੰਨਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਵੱਲੋਂ ਦਰਕਿਨਾਰ ਕੀਤੇ ਗਏ ਅਧਿਆਪਕਾਂ ਨੂੰ ਬਣਦੇ ਹੱਕ ਤੇ ਮਾਣ-ਇੱਜ਼ਤ ਦੇਣ ਲਈ ਉਨ੍ਹਾਂ ਦੀ ਸਰਕਾਰ ਦੀਆਂ ਕੋਸ਼ਿਸ਼ਾਂ ਜਾਰੀ ਹਨ। ਉਨ੍ਹਾਂ ਦੱਸਿਆ ਕਿ ਜਪਾਨ ‘ਚ ਹੋਣ ਵਾਲੇ ਸਾਇੰਸ ਮੇਲੇ ਲਈ ਭਾਰਤ ਵਿੱਚੋਂ 60 ਵਿਦਿਆਰਥੀ ਵਿਚੋਂ 6 ਵਿਦਿਆਰਥੀ ਸੂਬੇ ਦੇ ਸਰਕਾਰੀ ਸਕੂਲਾਂ ਦੇ ਹਨ ਜੋ ਪੰਜਾਬ ਲਈ ਮਾਣ ਵਾਲੀ ਗੱਲ ਹੈ।
ਹੜਤਾਲੀ ਕਾਮਿਆਂ ਨੂੰ ਮੁੜ ਦਿੱਤੀ ਚਿਤਾਵਨੀ
ਮੁੱਖ ਮੰਤਰੀ ਭਗਵੰਤ ਮਾਨ ਨੇ ਪਟਵਾਰੀ, ਕਾਨੂੰਨਗੋ ਤੇ ਡੀਸੀ ਦਫ਼ਤਰੀ ਕਾਮਿਆਂ ਦੀ ਕਲਮ ਛੋੜ ਹੜਤਾਲ ਸਬੰਧੀ ਮੁੜ ਸਪੱਸ਼ਟ ਕੀਤਾ ਕਿ ਉਹ ਬੇਸ਼ੱਕ ਹੜਤਾਲ ਕਰ ਲੈਣ ਪਰ ਦੁਬਾਰਾ ਕਲਮ ਉਨ੍ਹਾਂ ਦੇ ਹੱਥਾਂ ‘ਚ ਦੇਣੀ ਹੈ ਜਾਂ ਨਹੀਂ, ਇਹ ਫੈਸਲਾ ਸਰਕਾਰ ਕਰੇਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਬਹੁਤ ਪੜ੍ਹੇ-ਲਿਖੇ ਬੇਰੁਜ਼ਗਾਰ ਮੌਜੂਦ ਹਨ ਜੋ ਉਨ੍ਹਾਂ ਦੀਆਂ ਕਲਮਾਂ ਫੜਨ ਨੂੰ ਤਿਆਰ ਬੈਠੇ ਹਨ। ਪੰਜਾਬ ਦੇ ਲੋਕਾਂ ਦੀ ਖੱਜਲ ਖੁਆਰੀ ਨਹੀਂ ਹੋਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪਟਵਾਰੀਆਂ ਵੱਲੋਂ ਪ੍ਰਾਈਵੇਟ ਵਿਅਕਤੀ ਰੱਖੇ ਜਾਣ ਕਾਰਨ ਹੀ ਬਾਇਓ ਮੀਟ੍ਰਿਕ ਹਾਜ਼ਰੀ ਲਾਜ਼ਮੀ ਕੀਤੀ ਗਈ ਹੈ। ਮੁੱਖ ਮੰਤਰੀ ਨੇ ਸਪੱਸ਼ਟ ਕਿਹਾ ਕਿ ਉਨ੍ਹਾਂ ਦੀ ਸਰਕਾਰ ਕਿਸੇ ਵੀ ਹਾਲ ‘ਚ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕਰੇਗੀ।

Check Also

ਮੁੱਖ ਮੰਤਰੀ ਭਗਵੰਤ ਮਾਨ ਨੇ ਮੰਚ ਤੋਂ ਰਾਜਪਾਲ ਗੁਲਾਬ ਚੰਦ ਕਟਾਰੀਆ ਦੀ ਕੀਤੀ ਤਾਰੀਫ਼

ਕਿਹਾ : ਰਾਜਪਾਲ ਦੇ ਚੰਗੇ ਤਜ਼ਰਬੇ ਦਾ ਸਾਡੀ ਸਰਕਾਰ ਨੂੰ ਮਿਲ ਰਿਹਾ ਹੈ ਫਾਇਦਾ ਚੰਡੀਗੜ੍ਹ/ਬਿਊਰੋ …