Breaking News
Home / ਪੰਜਾਬ / ਸੁੱਚਾ ਸਿੰਘ ਲੰਗਾਹ ਨੂੰ ਸ੍ਰੀ ਅਕਾਲ ਤਖਤ ਸਾਹਿਬ ਨੇ ਅਜੇ ਤੱਕ ਨਹੀਂ ਕੀਤਾ ਮੁਆਫ

ਸੁੱਚਾ ਸਿੰਘ ਲੰਗਾਹ ਨੂੰ ਸ੍ਰੀ ਅਕਾਲ ਤਖਤ ਸਾਹਿਬ ਨੇ ਅਜੇ ਤੱਕ ਨਹੀਂ ਕੀਤਾ ਮੁਆਫ

ਲੰਗਾਹ ਵੱਲੋਂ ਪੰਥ ‘ਚ ਵਾਪਸੀ ਲਈ ਚਾਰਾਜੋਈ ਸ਼ੁਰੂ
ਅੰਮ੍ਰਿਤਸਰ/ਬਿਊਰੋ ਨਿਊਜ਼ : ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਨੇ ਇਕ ਵਾਰ ਮੁੜ ਪੰਥ ਵਿਚ ਵਾਪਸੀ ਲਈ ਚਾਰਾਜੋਈ ਸ਼ੁਰੂ ਕੀਤੀ ਹੈ ਅਤੇ ਹੁਣ ਉਹ ਰੋਜ਼ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚ ਰਹੇ ਹਨ। ਉਹ ਪਿਛਲੇ ਤਿੰਨ ਦਿਨਾਂ ਤੋਂ ਰੋਜ਼ ਹੀ ਇੱਥੇ ਨਤਮਸਤਕ ਹੋਣ ਲਈ ਆਉਂਦੇ ਹਨ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮੱਥਾ ਟੇਕ ਕੇ ਚੱਲ ਰਹੀ ਢਾਡੀ ਸਭਾ ਵਿਚ ਬੈਠ ਜਾਂਦੇ ਹਨ। ਕੁਝ ਦੇਰ ਬੈਠਣ ਮਗਰੋਂ ਚੁੱਪਚਾਪ ਪਰਤ ਜਾਂਦੇ ਹਨ। ਫਿਲਹਾਲ ਉਨ੍ਹਾਂ ਪੰਥ ਵਿਚ ਵਾਪਸੀ ਵਾਸਤੇ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਕੋਈ ਨਵੀਂ ਅਪੀਲ ਨਹੀਂ ਭੇਜੀ ਹੈ ਪਰ ਪੰਥਕ ਹਲਕਿਆਂ ਵਿਚ ਚਰਚਾ ਹੈ ਕਿ ਉਹ ਆ ਰਹੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਥ ਵਿਚ ਵਾਪਸੀ ਕਰਨਾ ਚਾਹੁੰਦੇ ਹਨ ਤਾਂ ਜੋ ਸਿਆਸਤ ਵਿਚ ਵੀ ਵਾਪਸੀ ਹੋ ਸਕੇ। ਉਨ੍ਹਾਂ ਦੇ ਨੇੜਲੇ ਸੂਤਰਾਂ ਮੁਤਾਬਕ ਉਹ ਹੁਣ ਰੋਜ਼ ਗੁਰੂ ਚਰਨਾਂ ਵਿਚ ਪੰਥ ਵਾਪਸੀ ਦੀ ਅਰਦਾਸ ਕਰਨ ਲਈ ਆਉਂਦੇ ਹਨ ਕਿਉਂਕਿ ਹੁਣ ਉਨ੍ਹਾਂ ਨੇ ਗੁਰੂ ‘ਤੇ ਟੇਕ ਰੱਖੀ ਹੈ। ਉਹ ਇਸ ਤੋਂ ਪਹਿਲਾਂ ਕਈ ਵਾਰ ਭੁੱਲ ਬਖ਼ਸ਼ਾਉਣ ਲਈ ਅਤੇ ਪੰਥ ਵਿਚ ਵਾਪਸੀ ਲਈ ਪੱਤਰ ਦੇ ਚੁੱਕੇ ਹਨ। ਉਨ੍ਹਾਂ ਵਲੋਂ ਆਪਣੇ ਤੌਰ ‘ਤੇ ਗੁਰਦਾਸਪੁਰ ਜ਼ਿਲ੍ਹੇ ਦੇ ਇਕ ਗੁਰਦੁਆਰੇ ਵਿਚ ਪੰਜ ਪਿਆਰਿਆਂ ਕੋਲ ਪੇਸ਼ ਹੋ ਕੇ ਸੁਧਾਈ ਲਈ ਤਨਖਾਹ ਵੀ ਲਵਾਈ ਗਈ ਸੀ ਪਰ ਇਸ ਮਾਮਲੇ ਦਾ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਵਲੋਂ ਸਖ਼ਤ ਨੋਟਿਸ ਲਿਆ ਗਿਆ ਸੀ। ਸ਼੍ਰੋਮਣੀ ਕਮੇਟੀ ਨੇ ਸਬੰਧਤ ਗੁਰਦੁਆਰੇ ਦੇ ਮੈਨੇਜਰ ਤੇ ਹੋਰ ਅਮਲੇ ਖਸਿਖ਼ਤ ਕਾਰਵਾਈ ਕੀਤੀ ਸੀ ਜਦਕਿ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਇਸ ਮਾਮਲੇ ਵਿਚ ਤਿੰਨ ਸਿੱਖ ਆਗੂਆਂ ਨੂੰ ਤਨਖਾਹ ਲਾਈ ਗਈ ਸੀ।
ਸਾਬਕਾ ਅਕਾਲੀ ਆਗੂ ਦੀ ਕੁਝ ਵਰ੍ਹੇ ਪਹਿਲਾਂ ਇਕ ਔਰਤ ਨਾਲ ਇਤਰਾਜ਼ਯੋਗ ਹਾਲਾਤ ਵਿਚ ਵੀਡੀਓ ਵਾਇਰਲ ਹੋਈ ਸੀ, ਜਿਸ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਉਸ ਨੂੰ ਬਜਰ ਕੁਰਹਿਤ ਦੇ ਦੋਸ਼ ਹੇਠ ਪੰਥ ਵਿਚੋਂ ਬਾਹਰ ਕਰ ਦਿੱਤਾ ਗਿਆ ਸੀ। ਇਸ ਮਾਮਲੇ ਵਿਚ ਉਹ ਭਾਵੇਂ ਅਦਾਲਤ ਵਿਚੋਂ ਬਰੀ ਹੋ ਚੁੱਕੇ ਹਨ ਪਰ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਹੁਣ ਤੱਕ ਲੰਗਾਹ ਨੂੰ ਮੁਆਫ਼ੀ ਨਹੀਂ ਦਿੱਤੀ ਗਈ ਹੈ।
ਲੰਗਾਹ ਦਾ ਵਿਰੋਧ ਲਗਾਤਾਰ ਜਾਰੀ
ਅੰਮ੍ਰਿਤਸਰ : ਸੁੱਚਾ ਸਿੰਘ ਲੰਗਾਹ, ਜਿਸ ਨੂੰ ਸ੍ਰੀ ਅਕਾਲ ਤਖਤ ਨੇ ਪਰਾਈ ਔਰਤ ਨਾਲ ਸਬੰਧ ਦੇ ਦੋਸ਼ ਹੇਠ ਪੰਥ ਵਿੱਚੋਂ ਛੇਕਿਆ ਹੋਇਆ ਹੈ, ਨੂੰ ਮੁੜ ਪੰਥ ਵਿੱਚ ਸ਼ਾਮਲ ਕੀਤੇ ਜਾਣ ਦੀ ਸੰਭਾਵਨਾ ਤਹਿਤ ਕੁਝ ਲੋਕਾਂ ਨੇ ਇੱਥੇ ਅਕਾਲ ਤਖਤ ਨੇੜੇ ਵਿਰੋਧ ਦਾ ਪ੍ਰਗਟਾਵਾ ਕੀਤਾ। ਪ੍ਰਦਰਸ਼ਨਕਾਰੀਆਂ ਨੇ ਇਸ ਸਬੰਧੀ ਸ੍ਰੀ ਅਕਾਲ ਤਖਤ ਦੇ ਸਕੱਤਰੇਤ ਵਿੱਚ ਮੰਗ ਪੱਤਰ ਵੀ ਦਿੱਤਾ। ਪ੍ਰਦਰਸ਼ਨਕਾਰੀਆਂ ਦੀ ਅਗਵਾਈ ਕਰ ਰਹੇ ਲਖਵਿੰਦਰ ਸਿੰਘ ਨੇ ਦੱਸਿਆ ਕਿ ਪੰਥ ਵਿੱਚੋਂ ਛੇਕੇ ਲੰਗਾਹ ਨੂੰ ਮੁਆਫੀ ਦਿੱਤੇ ਜਾਣ ਦੀ ਸੰਭਾਵਨਾ ਦੇ ਮੱਦੇਨਜ਼ਰ ਉਸ ਦਾ ਵਿਰੋਧ ਕੀਤਾ ਹੈ।

 

Check Also

ਕਾਂਗਰਸੀ MP ਜਸਬੀਰ ਸਿੰਘ ਡਿੰਪਾ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਟਿਕਟ ਦੀ ਦਾਅਵੇਦਾਰੀ ਛੱਡੀ

ਕਿਹਾ : ਟਿਕਟ ਮਿਲੇ ਜਾਂ ਨਾ ਮਿਲੇ ਕਾਂਗਰਸ ਪਾਰਟੀ ਵਿਚ ਹੀ ਰਹਾਂਗਾ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ …