ਕਾਂਗਰਸ ਨੇ ਆਪਣੇ ਹਿੱਤ ਲਈ ਬਦਲਿਆ ਸੰਵਿਧਾਨ : ਵਿੱਤ ਮੰਤਰੀ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਰਾਜ ਸਭਾ ’ਚ ਸੰਵਿਧਾਨ ’ਤੇ ਦੋ ਦਿਨਾਂ ਚਰਚਾ ਦੀ ਸ਼ੁਰੂਆਤ ਕੀਤੀ। ਵਿੱਤ ਮੰਤਰੀ ਨੇ ਕਿਹਾ ਕਿ ਕਾਂਗਰਸ ਪਾਰਟੀ ਪਰਿਵਾਰ ਅਤੇ ਵੰਸ਼ ਦੀ ਮਦਦ ਲਈ ਸੰਵਿਧਾਨ ਵਿਚ ਸੋਧ ਕਰਦੀ ਰਹੀ। ਇਹ ਸੋਧਾਂ ਲੋਕਤੰਤਰ ਨੂੰ ਮਜ਼ਬੂਤ ਕਰਨ ਲਈ ਨਹੀਂ ਸਨ, ਸਗੋਂ ਸੱਤਾ ਵਿਚ ਬੈਠੇ ਲੋਕਾਂ ਦੀ ਸੁਰੱਖਿਆ ਲਈ ਸਨ। ਉਨ੍ਹਾਂ ਕਿਹਾ ਕਿ ਇਹ ਪ੍ਰਕਿਰਿਆ ਪਰਿਵਾਰ ਨੂੰ ਮਜ਼ਬੂਤ ਕਰਨ ਲਈ ਵਰਤੀ ਜਾਂਦੀ ਸੀ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਾਂਗਰਸ ਦੇ ਸੰਸਦ ਮੈਂਬਰ ਜੈਰਾਮ ਰਮੇਸ਼ ’ਤੇ ਝੂਠ ਬੋਲਣ ਦਾ ਆਰੋਪ ਲਗਾਉਣ ਤੋਂ ਬਾਅਦ ਉਨ੍ਹਾਂ ਨੂੰ ਲਿਖਤੀ ਮੁਆਫੀ ਮੰਗਣ ਲਈ ਕਿਹਾ ਹੈ। ਵਿੱਤ ਮੰਤਰੀ ਨੇ ਕਿਹਾ ਕਿ ਮੈਂ ਕਦੇ ਝੂਠ ਨਹੀਂ ਬੋਲਦੀ ਅਤੇ ਦੂਜਿਆਂ ’ਤੇ ਝੂਠ ਬੋਲਣ ਦਾ ਆਰੋਪ ਲਗਾਉਣਾ ਕਾਂਗਰਸ ਦੇ ਡੀ.ਐਨ.ਏ. ਵਿਚ ਹੈ। ਐਮਰਜੈਂਸੀ ਬਾਰੇ ਗੱਲ ਕਰਦੇ ਹੋਏ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਉਸ ਸਮੇਂ ਵਿਰੋਧੀ ਧਿਰ ਦੇ ਕਈ ਨੇਤਾਵਾਂ ਨੂੰ ਜੇਲ੍ਹ ਵਿਚ ਡੱਕ ਦਿੱਤਾ ਗਿਆ ਸੀ। ਉਨ੍ਹਾਂ ਕਾਂਗਰਸ ਦੇ ਨਾਲ ਹੋਰ ਵਿਰੋਧੀ ਸਿਆਸੀ ਪਾਰਟੀਆਂ ’ਤੇ ਵੀ ਸਵਾਲ ਚੁੱਕੇ।