ਚੰਡੀਗੜ੍ਹ/ਬਿਊਰੋ ਨਿਊਜ਼ : ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਦੀ ਹੱਦ ‘ਤੇ ਚੱਲ ਰਹੇ ਅੰਦੋਲਨ ਦੇ ਸੱਤ ਮਹੀਨੇ ਪੂਰੇ ਹੋਣ ਉੱਤੇ ਸੰਯੁਕਤ ਕਿਸਾਨ ਮੋਰਚਾ ਦੇ ਦੇਸ਼ ਵਿਆਪੀ ਸੱਦੇ ‘ਤੇ ਮਨਾਏ ਗਏ ‘ਖੇਤੀ ਬਚਾਓ, ਲੋਕਤੰਤਰ ਬਚਾਓ’ ਦਿਵਸ ਮੌਕੇ ਸਫ਼ਲ ਰੋਸ ਪ੍ਰਦਰਸ਼ਨਾਂ ਨੇ ਕਿਸਾਨਾਂ ਵਿੱਚ ਜੋਸ਼ ਭਰਿਆ ਹੈ। ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਦੇ ਘਰਾਂ/ਦਫ਼ਤਰਾਂ ਮੂਹਰੇ, ਟੌਲ ਪਲਾਜ਼ਿਆਂ, ਪੂੰਜੀਪਤੀ ਘਰਾਣਿਆਂ ਦੇ ਮਾਲਜ਼, ਰੇਲਵੇ ਸਟੇਸ਼ਨਾਂ ਦੇ ਪਾਰਕਾਂ ਅੰਦਰ ਅਤੇ ਨਿੱਜੀ ਥਰਮਲ ਪਲਾਂਟ ਸਣੇ ਸਵਾ ਸੌ ਤੋਂ ਵੱਧ ਥਾਵਾਂ ‘ਤੇ ਧਰਨੇ ਜਾਰੀ ਹਨ। ਇਨ੍ਹਾਂ ਧਰਨਿਆਂ ਵਿੱਚ ਕਿਸਾਨ-ਮਜ਼ਦੂਰ, ਬਜ਼ੁਰਗ, ਨੌਜਵਾਨ, ਔਰਤਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਕਿਸਾਨ ਆਗੂਆਂ ਨੇ ਪਿਛਲੇ ਦਿਨੀਂ ਚੰਡੀਗੜ੍ਹ ਪੁਲਿਸ ਵੱਲੋਂ ਸ਼ਾਂਤਮਈ ਰੋਸ ਮਾਰਚ ਕਰਨ ਵਾਲੇ ਕਿਸਾਨ ਆਗੂਆਂ ਅਤੇ ਸਮਰਥਕਾਂ ‘ਤੇ ਦਰਜ ਕੀਤੇ ਪਰਚਿਆਂ ਦੀ ਨਿਖੇਧੀ ਕਰਦਿਆਂ ਇਨ੍ਹਾਂ ਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤੀ। ਕਿਸਾਨ ਆਗੂਆਂ ਨੇ ਕਿਹਾ ਕਿ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ, ਇਥੇ ਰੋਸ ਪ੍ਰਦਰਸ਼ਨ ਕਰਨਾ ਕਿਸਾਨਾਂ ਦਾ ਸੰਵਿਧਾਨਕ ਹੱਕ ਹੈ। ਕਿਸਾਨਾਂ ਦਾ ਪ੍ਰਦਰਸ਼ਨ ਬਿਲਕੁਲ ਸ਼ਾਂਤਮਈ, ਅਨੁਸ਼ਾਸਨਿਕ ਅਤੇ ਜਥੇਬੰਦਕ ਸੀ ਪਰ ਪੁਲਿਸ ਵੱਲੋਂ ਦਰਜ ਕੀਤੇ ਪਰਚੇ ਨਿੰਦਣਯੋਗ ਹਨ। ਉਨ੍ਹਾਂ ਕਿਹਾ ਕਿ ਪਰਚਿਆਂ ਨੂੰ ਤੁਰੰਤ ਰੱਦ ਕੀਤਾ ਜਾਣਾ ਚਾਹੀਦਾ ਹੈ, ਨਹੀਂ ਤਾਂ ਕਿਸਾਨਾਂ ਨੂੰ ਚੰਡੀਗੜ੍ਹ ਪੁਲਿਸ ਵਿਰੁੱਧ ਵੀ ਸੰਘਰਸ਼ ਵਿੱਢਣਾ ਪਵੇਗਾ।
Check Also
ਮੁੱਖ ਮੰਤਰੀ ਭਗਵੰਤ ਮਾਨ ਨਾਲ ਹੋਈ ਮੀਟਿੰਗ ਤੋਂ ਬਾਅਦ ਆੜ੍ਹਤੀਆਂ ਨੇ ਹੜਤਾਲ ਲਈ ਵਾਪਸ
ਪੰਜਾਬ ਦੀਆਂ ਮੰਡੀਆਂ ’ਚ ਮੰਗਲਵਾਰ ਤੋਂ ਝੋਨੇ ਦੀ ਖਰੀਦ ਹੋ ਜਾਵੇਗੀ ਸ਼ੁਰੂ ਚੰਡੀਗੜ੍ਹ/ਬਿਊਰੋ ਨਿਊਜ਼ : …