Breaking News
Home / ਮੁੱਖ ਲੇਖ / ਮਹਿਲਾ ਵਰਗ ਦੀ ਮੁਕਤੀ ਲਈ ਸੰਘਰਸ਼ ਜ਼ਰੂਰੀ !

ਮਹਿਲਾ ਵਰਗ ਦੀ ਮੁਕਤੀ ਲਈ ਸੰਘਰਸ਼ ਜ਼ਰੂਰੀ !

ਰਾਜਿੰਦਰ ਕੌਰ ਚੋਹਕਾ
(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
ਪਹਿਲੀ ਵਾਰੀ ਇਹ ਦਿਨ 1911 ਵਿੱਚ ਜਰਮਨੀ, ਆਸਟਰੀਆਂ, ਡੈਨਮਾਰਕ ਅਤੇ ਸਵਿੱਟਜ਼ਰਲੈਂਡ ਵਿੱਚ ਮਨਾਇਆ ਗਿਆ। ਰੂਸ ਵਿੱਚ ਇਹ ਦਿਨ-1913 ਨੂੰ, ਚੀਨ ‘ਚ ਪਹਿਲੀ ਵਾਰ (ਸ਼ੰਘਾਈ) 1926 ਨੂੰ ਇਸਤਰੀਆਂ ਅਤੇ ਕਮਿਊਨਿਸਟਾਂ ਦੇ ਸਹਿਯੋਗ ਨਾਲ ਮਨਾਇਆ ਗਿਆ। ਭਾਰਤ ਵਿੱਚ ਇਹ ਦਿਨ ਪਹਿਲੀ ਵਾਰ ਇਸਤਰੀਆਂ ਦੀ ਲਾਹੌਰ ਕਾਨਫਰੰਸ ਮੌਕੇ, 1931 ਨੂੰ ਮਨਾਇਆ ਗਿਆ। ਦੁਨੀਆਂ ਵਿਚ ਚਲੀਆਂ ਜਮਹੂਰੀ ਲਹਿਰਾਂ ਦਾ ਸਦਕਾ ਹੀ ਅੱਜ ਇਸਤਰੀ ਲਹਿਰਾਂ ਮਜ਼ਬੂਤ ਹੋਈਆਂ ਅਤੇ ਇਸਤਰੀਆਂ ਨੂੰ ਕੁਝ ਮਾਨਤਾਵਾਂ ਮਿਲੀਆਂ ਹਨ !
ਅੱਜ! ਇਸਤਰੀਆਂ ਦੇ ਰੁਤਬੇ ਦੀਆਂ ਸਮੱਸਿਆਵਾਂ ਵੱਖੋਂ-ਵੱਖ ਸਮਾਜਿਕ ਧਾਰਨੀ ਵਾਲੇ ਦੇਸ਼ਾਂ ਵਿੱਚ ਵੱਖ-ਵੱਖ ਹਨ! ਚੀਨ, ਵੀਤਨਾਮ, ਉੱਤਰੀ ਕੋਰੀਆ, ਕਿਉਬਾ ਅਦਿ ਸਮਾਜਵਾਦੀ ਦੇਸ਼ਾਂ ਵਿੱਚ ਇਸਤਰੀਆਂ ਦਾ ਰੁਤਬਾ ਮਰਦ ਬਰਾਬਰ ਹੈ ਤੇ ਇਸਤਰੀਆਂ ਸਮਾਜ ਤੇ ਜੀਵਨ ਵਿੱਚ ਬਿਨ੍ਹਾਂ ਵਿਤਕਰੇ ਦੇ ਅੱਗੇ ਵੱਧ ਰਹੀਆਂ ਹਨ। ਪਰ! ਇਸ ਦੇ ਉਲਟ ਪੂੰਜੀਵਾਦੀ ਪਹੁੰਚ ਵਾਲੇ ਵਿਕਸਤ ਤੇ ਵਿਕਾਸਸ਼ੀਲ ਦੇਸ਼ਾਂ ਵਿੱਚ ਇਸਤਰੀ, ‘ਤੇ ਜ਼ਬਰ-ਜ਼ੁਲਮ, ਸ਼ੋਸ਼ਣ, ਹਿੰਸਾ, ਲਿੰਗਕ ਵਿਤਕਰੇ ਜਾਰੀ ਹਨ ਤੇ ਇਸਤਰੀ ਵਰਗ ਹਰ ਤਰ੍ਹਾਂ ਪੀੜ੍ਹਤ ਹੈ! ਭਾਰਤ ਵਿੱਚ ਇਸਤਰੀਆਂ ਦੇ ਘੋਲ ਦਾ ਮੁੱਢ 1857 ਦੇ ਗਦਰ ਸਮੇਂ ਹੀ ਸ਼ੁਰੂ ਹੋ ਗਿਆ ਸੀ। ਬੇਗਮ ਅਵਧ, ਝਾਂਸੀ ਦੀ ਰਾਣੀ ਅਤੇ ਵੇਲੂ ਨਾਚੀਆਇਰ (ਭਾਰਤੀ) ਰਾਣੀ ਜਿਸ ਨੇ ਬਰਤਾਨਵੀ ਸਾਮਰਾਜ ਵਿਰੁੱਧ ਭਾਰਤ ਅੰਦਰ ਸੰਘਰਸ਼ ਸ਼ੁਰੂ ਕੀਤਾ ਦੇ ਰੋਲ ਨੂੰ ਕੌਣ ਭੁੱਲ ਸਕਦਾ ਹੈ? ਕੂਕਾ ਲਹਿਰ, ਹੋਮ ਰੂਲ ਜੰਗ, ਪੰਜਾਬ ਤੇ ਬੰਗਾਲ ਦੇ ਕ੍ਰਾਂਤੀਕਾਰੀ ਅੰਦਲੋਨਾਂ ਵਿੱਚ, ਗਦਰ ਪਾਰਟੀ, ਕਾਂਗਰਸ ਲਹਿਰ, ਗੁਰੂਦੁਆਰਾ ਸੁਧਾਰ ਲਹਿਰ, ਸਿਵਲ-ਨਾ-ਫ਼ੁਰਮਾਨੀ, ਕਿਸਾਨਾਂ ਤੇ ਮਜ਼ਦੂਰਾਂ ਦੇ ਘੋਲ ਆਦਿ ‘ਚ ਅਤੇ ਹੋਰ ਅਨੇਕਾਂ ਲਹਿਰਾਂ, ਅੰਦੋਲਨਾਂ ਤੇ ਮੋਰਚਿਆਂ ਵਿੱਚ ਇਸਤਰੀਆਂ ਵਲੋਂ ਪਾਏ ਯੋਗਦਾਨ ਸੰਬੰਧੀ ਇਤਿਹਾਸ ਦੇ ਵਰਕੇ ਭਰੇ ਪਏ ਹਨ! ਕੌਮੀ ਆਜ਼ਾਦੀ ਤੋਂ ਬਾਅਦ ਆਰਥਿਕ ਬਰਾਬਰਤਾ ਅਤੇ ਸਮਾਜਿਕ ਨਿਆਂ ਲਈ ਚਲਾਏ ਹਰ ਮੋਰਚਿਆਂ ਵਿੱਚ ਇਹ ਵੀਰਾਗਣਾਂ ਸ਼ਾਮਿਲ ਹੁੰਦੀਆਂ ਰਹੀਆਂ ਹਨ! ਇਨ੍ਹਾਂ ਸੰਘਰਸ਼ਾਂ ਵਿੱਚ ਸ਼ਮੂਲੀਅਤ, ਅੰਦੋਲਨਾਂ ਵਿੱਚ ਹਿੱਸੇਦਾਰੀ, ਦੇਸ਼ ਦੇ ਵਿਕਾਸ ਵਿੱਚ ਪੂਰਨ ਰੂਪ ਵਿੱਚ ਯੋਗਦਾਨ ਪਾਉਣ ਵਾਲੇ ਇਸਤਰੀ ਵਰਗ ਨੂੰ ਦੇਸ਼ ਅੰਦਰ ਅਜੇ ਵੀ ‘ਅਬਲਾ’ ਹੀ ਸਮਝਿਆ ਜਾ ਰਿਹਾ ਹੈ? ਆਜ਼ਾਦੀ ਦੇ 71 ਸਾਲ ਬੀਤਣ ਬਾਦ ਵੀ ਦੇਸ਼ ਦੀ 80 ਫੀ-ਸਦ ਜਨਤਾਂ, ਨੰਗ, ਭੁੱਖ, ਮਹਿੰਗਾਈ, ਭ੍ਰਿਸ਼ਟਾਚਾਰ, ਬੇ-ਰੋਜਗਾਰੀ, ਬਿਮਾਰੀਆਂ, ਕੁੱਲੀ, ਗੁੱਲੀ, ਜੁੱਲੀ ਤੇ ਹੋਰ ਥੁੜਾ ਦੀ ਸ਼ਿਕਾਰ ਹੈ! ਇਨ੍ਹਾਂ ਸਾਰੀਆਂ ਲਚਾਰੀਆਂ ਦਾ ਸਾਰਾ ਦੁੱਖ ਇਸਤਰੀਆਂ ਨੂੰ ਹੰਢਾਉਣਾ ਪੈ ਰਿਹਾ ਹੈ। ਜ਼ਬਰੀ ਸਮਾਜਿਕ ਰੀਤੀ ਰਿਵਾਜਾਂ ਅਧੀਨ, ਵਿਆਹ ਦਾ ਨਰੜ, ਤਲਾਕ ਲਈ ਮਜ਼ਬੂਰੀ, ਜਾਇਦਾਦ ਦੀ ਵਿਰਾਸਤ ਦਾ ਹੱਕ ਲੈਣ ਲਈ, ਸਿਹਤ ਸੇਵਾਵਾਂ ਦੀਆਂ ਸਹੂਲਤਾਂ ਨਾ ਦੇ ਬਰਾਬਰ ਹੋਣਾ, ਬਰਾਬਰ ਕੰਮ ਲਈ ਬਰਾਬਰ ਦੀ ਉਜਰਤ ਨਾ ਮਿਲਣਾ, ਦਾਜ-ਦਹੇਜ ਦੇ ਜਗੀਰੂ ਸੰਸਕਰਨਾਂ ਅਧੀਨ ਨਪੀੜੇ ਜਾਣਾ, ਭਰੂਣ ਹੱਤਿਆ, ਗੁੰਡਾ-ਗਰਦੀ, ਛੇੜ-ਛਾੜ, ਘਰੇਲੂ ਹਿੰਸਾ, ਐਨ.ਆਰ.ਆਈ. ਲਾੜਿਆ ਵਲੋਂ ਵਿਆਹ ਕਰਕੇ ਛੱਡ ਦੇਣਾ, ਤੇਜ਼ਾਬ ਸੁੱਟਣਾ, ਬਲਾਤਕਾਰ ਜਿਹੀਆਂ ਬੁਰਾਈਆਂ ਵਿੱਚ ਉਹ ਨਪੀੜੀ ਜਾ ਰਹੀ ਹੈ! ਭਾਵੇਂ! ਹਾਕਮ ਜਮਾਤਾਂ ਦੀਆਂ ਰਾਜ ਕਰ ਰਹੀਆਂ ਸਰਕਾਰਾਂ ਇਸਤਰੀਆਂ ਦੇ ਹੱਕਾਂ ਹਿੱਤਾਂ ਲਈ ਕਾਨੂੰਨ ਬਣਾਉਣ ਦੀਆਂ ਟਾਹਰਾਂ ਮਾਰ ਰਹੀਆਂ ਹਨ। ਪਰ! ਇਨ੍ਹਾਂ ਕਾਨੂੰਨਾਂ ਦੀ ਲੰਬੀ ਪ੍ਰਕਿਰਿਆ ਰਾਹੀਂ ਇਸਤਰੀਆਂ ਦੇ ਲਈ ਕੋਈ ਮਸਲੇ ਹੱਲ ਹੀ ਨਹੀਂ ਹੋ ਰਹੇ ਹਨ? ਵਾਰ-ਵਾਰ ਤਰੀਕਾ, ਗਵਾਹਾਂ ਦਾ ਮੁਕਰਨਾ, ਸਮਾਜਿਕ ਸੁਰੱਖਿਆ ਨਾ ਹੋਣਾ, ਕਚਿਹਰੀਆਂ ਵਿੱਚ ਕੇਸਾਂ ਦੇ ਨਬੇੜੇ ਅਧੀਨ ਸਾਲਾ ਭਰ ਬੀਤ ਜਾਂਦੇ ਹਨ। ਅੱਜ ! ਇਸਤਰੀਆਂ ਦੇ ਬੁਨਿਆਦੀ ਮਸਲਿਆਂ ਤੋਂ ਇਲਾਵਾ ਹੋਰ ਬਹੁਤ ਸਾਰੇ ਅਜਿਹੇ ਸ਼ਹਿਰੀ ਤੇ ਸਨਅਤੀ ਹਲਕਿਆਂ ਦੇ ਮਸਲੇ ਹਨ ਜੋ ਪੇਂਡੂ ਅਤੇ ਖੇਤੀ ਸੈਕਟਰ ਨਾਲ ਸਬੰਧ ਰੱਖਣ ਵਾਲੀਆਂ ਇਸਤਰੀਆਂ ਨਾਲੋਂ ਵੱਖਰੇ ਹਨ। 1976 ਵਿੱਚ ਬਰਾਬਰ ਕੰਮ ਲਈ ਬਰਾਬਰ ਦੀ ਉਜਰਤ ਐਕਟ ਪਾਸ ਹੋਣ ਉਪਰੰਤ ਖੇਤੀ, ਭੱਠਾ ਸੈਕਟਰ, ਫੈਕਟਰੀਆਂ ਆਦਿ ਵਿੱਚ ਕੰਮ ਕਰਦੀਆਂ ਇਸਤਰੀਆਂ ਦੀਆਂ ਉਜਰਤਾਂ ਅਜੇ ਵੀ ਕਾਮਾ ਮਰਦ ਮਜ਼ਦੂਰ ਤੋਂ ਘੱਟ ਹਨ। ਆਗਣਵਾਂੜੀ ਵਰਕਰ ਅਤੇ ਹੈਲਪਰ, ਆਸ਼ਾ ਵਰਕਰ,ਮਿਡ-ਡੇ-ਮੀਲ ਵਰਕਰਾਂ ਅਤੇ ਸਕੀਮਾਂ ਅਧੀਨ ਕੰਮ ਕਰਦੀਆਂ ਇਸਤਰੀਆਂ ਦੀ ਕਿਰਤ ਦੀ ਚਿੱਟੇ ਦਿਨੀ ਲੁੱਟ ਜਾਰੀ ਹੈ। ਇਸਤਰੀਆਂ ਨਾਲ ਹੋ ਰਹੀਆਂ ਵਧੀਕੀਆਂ ਅਤੇ ਉਨ੍ਹਾਂ ਨਾਲ ਹੋ ਰਹੇ ਰੈਪ, ਜਿਨਸੀ ਛੇੜ-ਛਾੜ ਦੀਆਂ ਵੱਧ ਰਹੀਆਂ ਘਟਨਾਵਾਂ ਜਿਨ੍ਹਾਂ ਤੇ ਪਿਛਲੇ ਦਿਨੀ ‘ਸੰਯੁਕਤ-ਰਾਸ਼ਟਰ’ ਨੇ ਚਿੰਤਾ ਪ੍ਰਗਟ ਕਰਦਿਆਂ ਇਸਤਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਤੇ ਜੋਰ ਦਿੱਤਾ ਹੈ! ਤਾਂ ਜੋ! ਉਹ ਸਵੈ-ਮਾਣ ਨਾਲ ਤੁਰ ਫਿਰ, ਜੀਅ ਸਕਣ, ਇਹ ਉਹਨਾਂ ਦਾ ਹੱਕ ਹੈ?ਪਰ! ਅਜੇ ਹਾਕਮਾਂ ਵਲੋਂ ਕੋਈ ਹੁੰਗਾਰਾ ਨਹੀਂ ਭਰਿਆ ਜਾ ਰਿਹਾ ਹੈ?
ਕੇਂਦਰ ਵਿੱਚ ਬੀ.ਜੇ.ਪੀ.ਦੀ ਐਨ.ਡੀ.ਏ. ਦੀ ਫਿਰਕੂ ਸਰਕਾਰ 2014-2019 ਤੱਕ ਜੋ ਸਤਾ ‘ਤੇ ਕਾਬਜ਼ ਹੈ। ਮੋਦੀ ਸਰਕਾਰ ਦੀਆਂ ਉਦਾਰੀਵਾਦੀ ਨੀਤੀਆਂ ਨੇ, ਇਸਤਰੀਆਂ ਦੇ ਅਧਿਕਾਰਾਂ ਨੂੰ ਸੱਟ ਮਾਰੀ ਹੈ। ਇਹਨਾਂ ਨੀਤੀਆਂ ਕਾਰਨ ਇਸਤਰੀਆਂ ਦੀ ਆਰਥਿਕ, ਆਜ਼ਾਦੀ, ਸੁਰੱਖਿਆ ਅਤੇ ਖੁਦ-ਮੁਖਤਾਰੀ ਵਿੱਚ ਭਾਰੀ ਗਿਰਾਵਟ ਆਈ ਹੈ! ਇਸਤਰੀਆਂ ਵਿਰੁੱਧ ਹਿੰਸਾ, ਸ਼ੋਸ਼ਣ, ਫਿਰਕੂ, ਘਰੇਲੂ ਹਿੰਸਾ, ਕਤਲ, ਸਾਈਬਰ ਜ਼ੁਰਮਾਂ, ਦਲਿਤ ਅਤੇ ਘਟ ਗਿਣਤੀ ਵਰਗ ਦੀਆਂ ਇਸਤਰੀਆਂ ‘ਤੇ ਜਾਤ-ਪਾਤ ਦੇ ਅਧਾਰ ਤੇ ਹਿੰਸਾ ਵਿੱਚ ਤੇਜੀ ਨਾਲ ਵਾਧਾ ਹੋ ਰਿਹਾ ਹੈ! 2016 ‘ਚ ਔਸਤ ਪ੍ਰਤੀ ਦਿਨ 106 ਬਲਾਤਕਾਰ ਕੇਸ ਰਜਿਸਟਰਡ ਹੋਏ ਹਨ। 2015 ਤੋਂ ਹੁਣ ਤੱਕ ਇਸਤਰੀਆਂ ਵਿਰੁੱਧ ਕੁੱਲ ਜ਼ੁਰਮਾਂ ਵਿੱਚ 2.9 ਫੀ-ਸਦ ਦਾ ਵਾਧਾ ਹੋਇਆ ਹੈ। ਜੋ ਸਭ ਤੋਂ ਵੱਡੀ ਚਿੰਤਾ ਵਾਲੀ ਗੱਲ ਹੈ ? ਇਸਤਰੀਆਂ ਨਾਲ ਹੋ ਰਹੇ ਬਲਾਤਕਾਰਾਂ ਵਿੱਚ 80 ਫੀ-ਸਦ ਦਾ ਵਾਧਾ ਹੋਇਆ ਹੈ ! ਕੰਮ ਦੇ ਸਥਾਨ ਤੇ ਛੇੜ-ਛਾੜ ਦੇ ਕੇਸ ਵਧੇ ਹਨ! ਗੱਲ ਕੀ?ਕੇਂਦਰ ਦੀ ਮੋਦੀ ਸਰਕਾਰ ਇਸਤਰੀਆਂ ਨੂੰ ਪੂਰਨ ਰੂਪ ਵਿੱਚ ਸੁਰੱਖਿਆ ਦੇਣ, ਵਰਮਾ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਕਰਨ ਵਿੱਚ ਪੂਰੀ ਤਰ੍ਹਾਂ ਫੇਲ੍ਹ ਰਹੀ ਹੈ? ਸੰਸਦ ਅਤੇ ਐਂਸੰਬਲੀਆਂ ਵਿੱਚ 33 ਫੀ-ਸਦ ਇਸਤਰੀਆਂ ਲਈ ਰਾਖਾਂਵਾਕਰਨ ਦੇ ਬੜੇ ਹੀ ਦਮ-ਗਜੇ ਮਾਰੇ ਜਾ ਰਹੇ ਹਨ! ਪਰ! ਹਾਕਮ ਜਮਾਤਾਂ ਦੇ ਨੁਮਾਇੰਦੇ ਨਹੀਂ ਚਾਹੁੰਦੇ ਕਿ ”ਇਸਤਰੀਆਂ ਨੂੰ ਇਹ ਅਧਿਕਾਰ ਮਿਲੇ?” ਸਗੋਂ ਤੇ ਅੱਗੋਂ ਜਾਤਾ-ਧਰਮਾਂ, ਖਿੱਤਿਆ ‘ਤੇ ਵਰਗਾਂ ਵਿੱਚ ਵੰਡਣ ਦੇ ਢੁੱਚਰ ਡਾਹ ਕੇ ਬੀ.ਜੇ.ਪੀ. ਤੇ ਕਈ ਹੋਰ ਪਾਰਟੀਆਂ ਨੇ ਇਸ ਬਿੱਲ ਨੂੰ ‘ਕੋਲਡ-ਸਟੋਰਜ਼’ ਵਿੱਚ ਲਗਾ ਦਿੱਤਾ ਹੈ! ਜਦ ਕਿ ਆਪਣੇ ਭੱਤੇ ਤੇ ਸਹੂਲਤਾਂ ਦੇ ਵਾਧੇ ਲਈ ਬਿਨ੍ਹਾਂ ਕੋਈ ਬਹਿਸ ਬਿੱਲ ਪਾਸ ਕਰ ਦਿੱਤੇ ਜਾਂਦੇ ਹਨ।
ਕੇਂਦਰ ਦੀ ਬੀ.ਜੇ.ਪੀ. ਸਰਕਾਰ ਨੇ ਵੀ ਪਿਛਲੀ ਕਾਂਗਰਸ ਸਰਕਾਰ ਦੀਆਂ ਨੀਤੀਆਂ ਤੇ ਹੀ ਪਹਿਰਾ ਦਿੰਦੇ ਹੋਏ, ਉਦਾਰੀਕਰਨ, ਨਿੱਜੀਕਰਨ ਤੇ ਸੰਸਾਰੀਕਰਨ ਨੂੰ ਲਾਗੂ ਕਰਦੇ ਹੋਏ ਦੇਸ਼ ਨੂੰ ਵੇਚਣ ਤੇ ਲੱਗਾ ਦਿੱਤਾ ਹੈ? ਅੱਜ ਮੁਨਾਫਾ ਕਮਾਉਂਦੇ ਸਰਕਾਰੀ ਅਦਾਰੇ ਵੀ ਵੇਚੇ ਜਾ ਰਹੇ ਹਨ! ਅਮਰੀਕੀ ਸਾਮਰਾਜ ਦੀ ਅਧੀਨਗੀ ਕਬੂਲਦੇ ਹੋਏ ਮਿਕਦਾਰੀ ਰੋਕਾਂ ਹਟਾ ਕੇ ਦੇਸ਼ ਦੀਆਂ ਮੰਡੀਆਂ ਦੇ ਦਰ ਸਾਮਰਾਜੀਆਂ ਲਈ ਖੋਲ੍ਹ ਦਿੱਤੇ ਹਨ। ਸਿੱਟੇ ਵਜੋਂ ਲੋਕ ਵਿਰੋਧੀ ਨੀਤੀਆਂ ਲਾਗੂ ਹੋਣ ਨਾਲ ਦੇਸ਼ ਦੀ ਸਨਅਤ ਤੇ ਖੇਤੀ ਸੈਕਟਰ ਲਈ ਗੰਭੀਰ ਖਤਰੇ ਪੈਦਾ ਹੋ ਗਏ ਹਨ। ਅੱਜ ! ਬੇ-ਰੋਜਗਾਰੀ ਵੱਧੀ ਹੈ, ਲੱਖਾਂ ਕਾਰਖਾਨੇ ਬੰਦ ਹੋ ਗਏ ਹਨ, ਮਜ਼ਦੂਰ ਵਰਗ ਤੇ ਹਮਲੇ ਤੇਜ਼ ਹੋਏ ਹਨ, ਠੇਕੇਦਾਰੀ ਪ੍ਰਥਾ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ। ਸਿੱਟੇ ਵਜੋਂ ਹੋ ਰਹੀਆਂ ਛਾਟੀਆਂ ਦਾ ਸਭ ਤੋਂ ਪਹਿਲਾ ਕੁਹਾੜਾ ਇਸਤਰੀ ਕਾਮਿਆਂ ਤੇ ਹੀ ਚਲਾਇਆ ਜਾ ਰਿਹਾ ਹੈ?
ਅੱਜ! ਦੇਸ਼ ਵਿੱਚ ‘ਇਸਤਰੀ ਲਹਿਰ’ ਦੀ ਹੋਰ ਵੀ ਮਹੱਤਤਾ ਹੈ! ਕਿਉਂਕਿ ”ਭਾਰਤ ਦੀ ਇਸਤਰੀ ਪੂੰਜੀਵਾਦੀ ਅਤੇ ਸਾਮੰਤਵਾਦੀ ਰਹਿੰਦ-ਖੂੰਹਦ ਵਾਲੀ ਹਕੂਮਤ ਅਧੀਨ ਘੋਰ ਵਿਤਕਰੇ ਦੀ ਸ਼ਿਕਾਰ ਹੈ! ਦੇਸ਼ ਦੀ ਅੱਧੀ ਆਬਾਦੀ, ਸਮਾਜ ਦੀ ਸਿਰਜਕ ਤੇ ਕੋਮਲਤਾ ਦੀ ਮੂਰਤ, ਅਜੇ ਵੀ 21-ਵੀਂ ਸਦੀ ਵਿੱਚ ਵੀ ਲਾਚਾਰ ਹੈ? ਇਸ ਲਾਚਾਰੀ ਤੇ ਬੇ-ਵਸੀ ‘ਚੋਂ ਨਿਜਾਤ ਪਾਉਣ ਲਈ ਮਰਦ ਪ੍ਰਧਾਨ ਸਮਾਜ ਦੇ ਇਸ ਜੂਲੇ ਵਿੱਚੋਂ ਨਿਕਲਣ ਲਈ ਉਸ ਨੂੰ ਚੰਡੀ ਦਾ ਰੂਪ ਧਾਰਨ ਕਰਨਾ ਪਏਗਾ? ਪਰ! ਇਹ ਤਾਂ ਹੀ ਹੋ ਸਕਦਾ ਹੈ ਜਦੋਂ ਉਹ ਲਾਮਬੰਦ ਹੋਵੇ?ਉਸ ਦੀ ਮੁਕਤੀ ਦੀ ਆਸ ਇਸ ਤਰ੍ਹਾਂ ਹੀ ਬੱਝ ਸਕਦੀ ਹੈ?ਪੈਂਡਾ ਬਹੁਤ ਹੀ ਲੰਬਾ ਹੈ, ਅਤੀਤ ਵਿੱਚ ਜੋ ਕੁਝ ਵੀ ਪ੍ਰਾਪਤ ਹੋਇਆ ਹੈ, ਉਹ ਸੰਘਰਸ਼ਾਂ ਦਾ ਹੀ ਸਿੱਟਾਂ ਹੈ?ਇਸਤਰੀ ਮੁਕਤੀ ਲਈ ਸਾਮੰਤਵਾਦੀ, ਰਹਿੰਦ-ਖੂੰਹਦ, ਸਾਮਰਾਜੀ ਖੁੱਲ੍ਹੀ ਮੰਡੀ ਦਾ ਪ੍ਰਭਾਵ ਤੇ ਮਰਦ ਪ੍ਰਧਾਨ ਸਮਾਜ ਦੀ ਮਾਨਸਿਕਤਾ ਵਿਰੁੱਧ ਲੰਬੇ ਸੰਘਰਸ਼ ਕਰਨੇ ਪੈਣਗੇ? ਆਪਣੀ ਹੌਂਦ ਨੂੰ ਬਚਾਉਣ ਲਈ ਦੇਸ਼ ਅੰਦਰ ਚੱਲ ਰਹੀਆਂ ਲੋਕ ਪੱਖੀ ਜਮਹੂਰੀ ਲਹਿਰਾਂ ਦਾ ਹਿੱਸਾ ਬਣ ਕੇ ਸੰਘਰਸ਼ੀਲ ਹੋਣਾ ਪਏਗਾ? ਇਹ ਰਸਤਾ ਹੀ ਇਸਤਰੀ ਮੁਕਤੀ ਦੀ ਸਫਲਤਾ ਹੋਵੇਗੀ?
ਆਓ! ਅੱਜ 8 ਮਾਰਚ ਕੌਮਾਂਤਰੀ ਇਸਤਰੀ ਦਿਵਸ ਤੇ ਇਹ ਅਹਿਦ ਕਰੀਏ, ‘ਕਿ ਇਸ ਵਰਗ ਨਾਲ ਜੋ ਬੇ-ਇਨਸਾਫੀਆਂ ਹੋ ਰਹੀਆਂ ਹਨ, ਦੇ ਖਾਤਮੇ ਲਈ?ਜਿੱਥੇ ਇਸਤਰੀ ਪੱਖੀ ਕਠੋਰ ਕਾਨੂੰਨਾਂ ਦੀ ਲੋੜ ਹੈ?ਉੱਥੇ ਉਸ ਵੱਲੋਂ ਉਸਾਰੀ ਉਸ ਦੀ ਆਪਣੀ ਸ਼ਕਤੀਸ਼ਾਲੀ ਲਹਿਰ ਹੀ ਉਸ ਦੀ ਢਾਲ ਬਣ ਸਕਦੀ ਹੈ? ”ਜਮਹੂਰੀਅਤ! ਬਰਾਬਰਤਾ!! ਇਸਤਰੀਆਂ ਦੀ ਬੰਦ ਖਲਾਸੀ!!!” ਤਾਂ ਹੀ ਹੋ ਸਕਦੀ ਹੈ ਜੇਕਰ ਇਸਤਰੀਆਂ ਦੇ ਵਿਸ਼ਾਲ ਹਿੱਸਿਆ ਨੂੰ ਸਰਗਰਮ ਕਰਕੇ ਸੰਘਰਸ਼ਾਂ ‘ਚ ਪਾਈਏ?ਇਸ ਲੁੱਟ-ਖਸੁੱਟ ਵਾਲੇ ਰਾਜ-ਪ੍ਰਬੰਧ ਨੂੰ ਖਤਮ ਕਰ ਕੇ ਉਸ ਸਮਾਜ ਦੀ ਸਿਰਜਣਾ ਕਰੀਏ ਜੋ ਵਿਤਕਰੇ ਰਹਿਤ ਹੋਵੇ?8 ਮਾਰਚ ਇਸਤਰੀ ਮੁਕਤੀ ਦੀ ਯਾਤਰਾ ਦਾ ਇਹ ਇੱਕ ਹਿੱਸਾ ਹੈ, ਜੋ ਉਸ ਨੂੰ ਵਾਰ-ਵਾਰ ਜਾਗਣ ਲਈ ਹਲੂਣੇ ਦਿੰਦਾ ਹੈ? ਸਾਡਾ ਅਸਲ ਨਿਸ਼ਾਨਾ ਹੈ ”ਸੰਪੂਰਨ-ਮੁਕਤੀ” ਜੋ ਸਮਾਜਵਾਦ ਰਾਹੀਂ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ!”
ਆਓ! ਰੂਸ ਦੇ ਮਹਾਨ ਇਨਕਲਾਬੀ ਜਨਵਾਦੀ ਲੇਖਕ ”ਨੀਕੋਲਾਈ ਚਰਨੀ ਸ਼ੇਵਸੱਕ” ਦੇ ਉਸ ਕਥਨ ਨੂੰ ਯਾਦ ਰੱਖੀਏ, ”ਜਿਸ ਨੇ ਇਸਤਰੀ ਵਾਰੇ ਲਿਖਿਆ ਹੈ, ”ਕਿ ਕੁਦਰਤ ਨੇ ਇਸਤਰੀ ਨੂੰ ਕਿੰਨੀ ਸਵੱਸ਼, ਮਜਬੂਤ ਅਤੇ ਨਿਆਕਾਰ ਮਾਨਸਿਕ ਦ੍ਰਿਸ਼ਟੀ ਪ੍ਰਦਾਨ ਕੀਤੀ ਹੈ? ਇਸ ਦੇ ਬਾਵਜੂਦ ਵੀ ਉਹ ਸਮਾਜ ਲਈ ਵਰਤੋਂ ਰਹਿਤ ਬਣੀ ਹੋਈ ਹੈ! ਉਸ ਨੇ ਕਿਹਾ ਸੀ ਕਿ ਜੇ ਕਰ ਇਸਤਰੀ ਦੀ ਮਾਨਸਿਕ ਸ਼ਕਤੀ ਨੂੰ ਨਾ ਨਸ਼ਟ ਕੀਤਾ ਜਾਂਦਾ ਤਾਂ ਮਨੁੱਖਤਾ ਦਸ ਗੁਣਾ ਅੱਗੇ ਵੱਧ ਸਕਦੀ ਸੀ !” ਦੁਨੀਆਂ ਦੇ ਮਹਾਨ ਚਿੰਤਕ ਲੈਨਿਨ ਨੇ ਕਿਹਾ ਸੀ ”ਕਿ ਜਦੋਂ ਤੱਕ ਇਸਤਰੀਆਂ ਨੂੰ ਆਮ ਤੌਰ ਤੇ ਨਾ ਕੇਵਲ ਰਾਜਸੀ ਜ਼ਿੰਦਗੀ ਵਿੱਚ ਸਗੋਂ ਨਿੱਤ ਦਿਹਾੜੀ ਦੇ ਅਤੇ ਆਮ ਜਨਤਕ ਸੇਵਾਵਾਂ ਵਿੱਚ ਸੁਤੰਤਰ ਤੌਰ ਤੇ ਹਿੱਸਾ ਲੈਣ ਲਈ ਨਹੀਂ ਲਿਆਂਦਾ ਜਾਂਦਾ, ਤਾਂ! ਉਸ ਸਮੇਂ ਤੱਕ ਸਮਾਜਵਾਦ ਤਾਂ ਕੀ? ਸੰਪੂਰਨ ਤੇ ਹੰਢਣਸਾਰ ਜਨਵਾਦ ਦੀ ਗੱਲ ਕਰਨ ਦਾ ਕੋਈ ਲਾਭ ਨਹੀਂ ਹੈ?” ਦੁਨੀਆਂ ਦੀ ਅੱਧੀ ਆਬਾਦੀ ”ਇਸਤਰੀਆਂ” ਹਨ ! ਕਿਰਤੀ ਜਮਾਤ ਆਪਣੀ ਮੁਕਤੀ ਦੀ ਕਲਪਨਾ ਹੀ ਨਹੀਂ ਕਰ ਸਕਦੀ, ਜਿਨ੍ਹਾਂ ਚਿਰ ਇਸ ਅੱਧੀ ਆਬਾਦੀ ਦੀਆਂ ਗੁਲਾਮੀ ਦੀਆਂ ਜੰਜੀਰਾਂ ਨਹੀਂ ਟੁੱਟਦੀਆਂ ! ਜੇਕਰ ਕੋਈ !ਜੋ ਕੁਝ ਆਪਣੇ ਆਲੇ ਦੁਆਲੇ ਦੇਖਦਾ ਹੈ, ਉਸ ਨੂੰ ਬਦਲਣ ਦਾ ਯਤਨ ਨਹੀਂ ਕਰਦਾ?ਦੱਬੇ-ਕੁੱਚਲੇ ਤੇ ਵੰਚਿਤ ਲੋਕਾਂ ਲਈ, ਖੁਸ਼ੀ ਦਾ ਹਿੱਸਾ ਪ੍ਰਾਪਤ ਕਰਨ ਲਈ ਹਰਕਤ ਨਹੀਂ ਕਰਦਾ, ਇਤਨੀ ਬੁਰਾਈ ਤੇ ਦਬਾਅ ਹੇਠ ਦੁੱਨੀਆ ਵਿੱਚ ਰਹਿ ਸਕਦਾ ਹੈ?ਤਾਂ ਉਹ ਇੱਕ ਬੇ-ਸਮਝ ਪਸ਼ੂ ਦੀ ਰੂਹ ਵਾਲਾ ਮਨੁੱਖ ਹੀ ਹੋ ਸਕਦਾ ਹੈ? ”ਕਲਾਰਾ ਜੈਟਕਿਨ” ”ਆਓ !ਸੂਰਤ ਨਹੀਂ? ਸੀਰਤ ਨਾਲ ਸਵੈ-ਮਾਨ ਪ੍ਰਾਪਤ ਕਰੀਏ?”

Check Also

ਕਰਜ਼ੇ ਦੀਆਂ ਪੰਡਾਂ ਅਤੇ ਪੈਦਾ ਹੋ ਰਿਹਾ ਮਾਨਵੀ ਸੰਕਟ

ਗੁਰਮੀਤ ਸਿੰਘ ਪਲਾਹੀ ਲੋਕਾਂ ਸਿਰ ਕਰਜ਼ਾ ਵਧਦਾ ਜਾ ਰਿਹਾ ਹੈ। ਬੱਚਤ ਖਤਮ ਹੋ ਗਈ ਹੈ। …