Breaking News
Home / ਹਫ਼ਤਾਵਾਰੀ ਫੇਰੀ / ਬਰਤਾਨੀਆ ‘ਚ ਸਿੱਖਾਂ ਨੂੰ ਵੱਡੀ ਕਿਰਪਾਨ ਰੱਖਣ ਦੀ ਮਿਲੀ ਮਨਜ਼ੂਰੀ

ਬਰਤਾਨੀਆ ‘ਚ ਸਿੱਖਾਂ ਨੂੰ ਵੱਡੀ ਕਿਰਪਾਨ ਰੱਖਣ ਦੀ ਮਿਲੀ ਮਨਜ਼ੂਰੀ

ਸਿੱਖ ਆਗੂ ਧਾਰਮਿਕ ਅਤੇ ਮੁੱਖ ਸਮਾਗਮਾਂ ‘ਚ ਆਪਣੇ ਨਾਲ ਹੁਣ ਰੱਖ ਸਕਦੇ ਹਨ ਵੱਡੀ ਕਿਰਪਾਨ
ਲੰਡਨ/ਬਿਊਰੋ ਨਿਊਜ਼ : ਬਰਤਾਨੀਆ ਦੀ ਸੰਸਦ ਵਿਚ ਤੇਜ਼ਧਾਰ ਹਥਿਆਰਾਂ ਸਬੰਧੀ ਨਵੇਂ ਕਾਨੂੰਨ ਓ. ਡਬਲਿਊ. ਬੀ. ਨੂੰ ਸਿੱਖਾਂ ਦੀ ਵੱਡੀ ਕਿਰਪਾਨ ਸਬੰਧੀ ਸੋਧ ਕਰਕੇ ਪਾਸ ਕਰ ਦਿੱਤਾ ਗਿਆ ਹੈ। ਇਸ ਸਬੰਧੀ ਨੈੱਟਵਰਕ ਆਫ਼ ਸਿੱਖਸ ਆਰਗੇਨਾਈਜੇਸ਼ਨਜ਼ (ਐਨ ਐਸ ਓ) ਦੀ ਡਿਪਟੀ ਡਾਇਰੈਕਟਰ ਕੰਵਲਜੀਤ ਕੌਰ ਓ. ਬੀ. ਈ. ਵਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ, ਇਹ ਬਿੱਲ ਹਾਊਸ ਆਫ਼ ਲਾਰਡ ‘ਚ ਤੀਜੀ ਵਾਰ ਪੜ੍ਹਿਆ ਗਿਆ, ਜਿਸ ਵਿਚ ਸਿੱਖ ਧਰਮ ਦੇ ਪੈਰੋਕਾਰਾਂ ਵਲੋਂ ਧਾਰਮਿਕ ਅਤੇ ਹੋਰ ਸਮਾਗਮਾਂ ਦੌਰਾਨ ਵੱਡੀ ਕਿਰਪਾਨ ਰੱਖਣ ਦੀ ਖੁੱਲ੍ਹ ਹੋਵੇਗੀ।
ਮੰਤਰੀ ਬੈਰੋਨੈੱਸ ਵਿਲੀਅਮਜ਼ ਨੇ ਸਦਨ ਵਿਚ ਸੰਬੋਧਨ ਕਰਦਿਆਂ ਕਿਹਾ ਕਿ ਲਾਰਡ ਨੇ ਕਿਰਪਾਨ ਨਾਲ ਸੰਬੰਧਿਤ ਸੋਧਾਂ ਬਾਰੇ ਗੱਲ ਕਰਦਿਆਂ ਲਾਰਡ ਕੈਨੇਡੀ, ਲਾਰਡ ਇੰਦਰਜੀਤ ਸਿੰਘ ਅਤੇ ਲਾਰਡ ਸੰਦੀਪ ਵਰਮਾ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਹਾਊਸ ਆਫ਼ ਲਾਰਡ ਵਿਚ ਉਕਤ ਤਿੰਨਾਂ ਸੰਸਦ ਮੈਂਬਰਾਂ ਵਲੋਂ ਅਣਥੱਕ ਮਿਹਨਤ ਕੀਤੀ ਗਈ। ਮੈਨੂੰ ਆਸ ਹੈ ਕਿ ਇਸ ਸੋਧ ਨਾਲ ਸੰਤੁਸ਼ਟ ਜਨਕ ਨਤੀਜੇ ਸਾਹਮਣੇ ਆਉਣਗੇ। ਇਸ ਕਾਰਜ ਲਈ ਲਾਰਡ ਸਿੰਘ ਦਾ ਵਿਸ਼ੇਸ਼ ਧੰਨਵਾਦ ਕੀਤਾ ਜਿਨ੍ਹਾਂ ਨੇ ਸਲਾਹਕਾਰ ਵਜੋਂ ਅਤੇ ਰਾਜਨੀਤੀ ਵਿਚ ਸਿੱਖ ਸੰਸਥਾਵਾਂ ਲਈ ਹਾਂ ਪੱਖੀ ਰੋਲ ਅਦਾ ਕੀਤਾ। ਜ਼ਿਕਰਯੋਗ ਹੈ ਕਿ ਯੂ. ਕੇ. ਵਿਚ ਵਧਦੀਆਂ ਹਿੰਸਕ ਘਟਨਾਵਾਂ ਨੂੰ ਰੋਕਣ ਲਈ 50 ਇੰਚ ਤੋਂ ਵੱਡੇ ਤੇਜ਼ਧਾਰ ਚਾਕੂਆਂ, ਹਥਿਆਰਾਂ, ਤੇਜ਼ਾਬ ਆਦਿ ‘ਤੇ ਪਾਬੰਦੀ ਲਗਾਉਣ ਲਈ ਕਾਨੂੰਨ ਬਣਾਇਆ ਗਿਆ ਹੈ, ਜਿਸ ਵਿਚ ਸਿੱਖਾਂ ਦੀ ਵੱਡੀ ਕਿਰਪਾਨ ਵੀ ਸ਼ਾਮਿਲ ਹੁੰਦੀ ਸੀ, ਜਿਸ ਬਾਰੇ ਸਿੱਖਾਂ ਵਲੋਂ ਇਤਰਾਜ਼ ਕਰਨ ‘ਤੇ ਕਾਨੂੰਨ ਵਿਚ ਬਕਾਇਦਾ ਸੋਧ ਕੀਤੀ ਗਈ ਅਤੇ ਹੁਣ ਯੂ. ਕੇ. ‘ਚ ਵੱਡੀ ਕਿਰਪਾਨ ਨੂੰ ਇਸ ਕਾਨੂੰਨੀ ਦਾਇਰੇ ਤੋਂ ਬਾਹਰ ਰੱਖਿਆ ਗਿਆ ਹੈ। ਅਪਰਾਧਿਕ ਇਨਸਾਫ਼ ਕਾਨੂੰਨ (ਕ੍ਰਿਮੀਨਲ ਜਸਟਿਸ ਐਕਟ) 1988 ਦੀ ਧਾਰਾ 141 ਅਧੀਨ ਵੱਡੀ ਕਿਰਪਾਨ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਰੱਖਿਆ ਗਿਆ ਹੈ। ਸਦਨ ਵਿਚ ਦੱਸਿਆ ਗਿਆ ਕਿ ਸਿੱਖਾਂ ਵਲੋਂ ਸਮੇਂ-ਸਮੇਂ ਵੱਡੀ ਕਿਰਪਾਨ ਦੀ ਵਰਤੋਂ ਕੀਤੀ ਜਾਂਦੀ ਹੈ ਜਿਨ੍ਹਾਂ ਵਿਚ ਨਗਰ ਕੀਰਤਨ ਮੌਕੇ, ਧਾਰਮਿਕ ਸਮਾਗਮਾਂ ਮੌਕੇ, ਵਿਆਹਾਂ ਮੌਕੇ ਜਦਕਿ ਕਈ ਵਾਰ ਗੈਰ ਸਿੱਖਾਂ ਨੂੰ ਵੱਡੀ ਕਿਰਪਾਨ ਸਿੱਖਾਂ ਵਲੋਂ ਤੋਹਫ਼ੇ ਵਜੋਂ ਵੀ ਭੇਟ ਕੀਤੀ ਜਾਂਦੀ ਹੈ। ਜਿਸ ਕਰਕੇ ਗੁਰੂ ਘਰਾਂ ਤੋਂ ਇਲਾਵਾ ਸਿੱਖਾਂ ਅਤੇ ਸਿੱਖ ਪਿਛੋਕੜ ਵਾਲੇ ਪਰਿਵਾਰਾਂ ਕੋਲ ਘਰਾਂ ਵਿਚ ਵੀ ਵੱਡੀਆਂ ਕਿਰਪਾਨਾਂ ਹੁੰਦੀਆਂ ਹਨ। ਸਿੱਖਾਂ ਦੀ ਇਸ ਮੰਗ ‘ਤੇ ਵਿਚਾਰ ਕਰਨ ਤੋਂ ਬਾਅਦ ਹੁਣ ਦੋਵੇਂ ਸਦਨਾਂ ਵਲੋਂ ਸੋਧ ਕੀਤਾ ਅਪਰਾਧਿਕ ਬਿੱਲ ਪਾਸ ਹੋ ਗਿਆ ਹੈ ਅਤੇ ਸਿੱਖਾਂ ਦੀ ਵੱਡੀ ਕਿਰਪਾਨ ਇਸ ਕਾਨੂੰਨ ਦੇ ਦਾਇਰੇ ਵਿਚੋਂ ਬਾਹਰ ਹੈ।

Check Also

ਕੈਨੇਡਾ ਧਰਤੀ ‘ਤੇ ਸਭ ਤੋਂ ਮਹਾਨ ਰਾਸ਼ਟਰ : ਮਾਰਕ ਕਾਰਨੀ

ਪੀਐਮ ਕਾਰਨੀ ਨੇ ਕੈਨੇਡਾ ਦਿਵਸ ਮੌਕੇ ਰਾਸ਼ਟਰੀ ਏਕਤਾ ਅਤੇ ਵਿਕਾਸ ਦਾ ਦਿੱਤਾ ਸੱਦਾ ਓਟਵਾ : …