ਭਾਰਤ ਵਿਚ ਇਕ ਸਾਲ ‘ਚ 1 ਕਰੋੜ ਦੇ ਕਰੀਬ ਹੁੰਦੇ ਹਨ ਵਿਆਹ
ਨਵੀਂ ਦਿੱਲੀ: ਭਾਰਤੀ ਵਿਆਹ ਸਨਅਤ ਦਾ ਘੇਰਾ ਤਕਰੀਬਨ 10 ਲੱਖ ਕਰੋੜ ਰੁਪਏ ਦਾ ਹੈ ਜੋ ਖੁਰਾਕ ਤੇ ਕਰਿਆਨੇ ਤੋਂ ਬਾਅਦ ਦੂਜੇ ਸਥਾਨ ‘ਤੇ ਹੈ। ਇੱਕ ਰਿਪੋਰਟ ‘ਚ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਗਿਆ ਹੈ ਕਿ ਆਮ ਭਾਰਤੀ ਸਿੱਖਿਆ ਮੁਕਾਬਲੇ ਵਿਆਹ ਸਮਾਗਮਾਂ ‘ਤੇ ਦੁੱਗਣਾ ਖਰਚਾ ਕਰਦੇ ਹਨ। ਭਾਰਤ ਵਿੱਚ ਸਾਲਾਨਾ 80 ਲੱਖ ਤੋਂ ਇੱਕ ਕਰੋੜ ਤੱਕ ਵਿਆਹ ਹੁੰਦੇ ਹਨ ਜਦਕਿ ਚੀਨ ‘ਚ 70-80 ਲੱਖ ਅਤੇ ਅਮਰੀਕਾ ‘ਚ 20-25 ਲੱਖ ਵਿਆਹ ਹੁੰਦੇ ਹਨ।
ਬ੍ਰੋਕਰੇਜ ਜੈੱਫਰੀਜ਼ ਨੇ ਇੱਕ ਰਿਪੋਰਟ ‘ਚ ਕਿਹਾ, ‘ਭਾਰਤੀ ਵਿਆਹ ਸਨਅਤ ਦਾ ਆਕਾਰ ਅਮਰੀਕਾ (70 ਅਰਬ ਅਮਰੀਕੀ ਡਾਲਰ)’ ਦੀ ਸਨਅਤ ਮੁਕਾਬਲੇ ਤਕਰੀਬਨ ਦੁੱਗਣਾ ਹੈ। ਹਾਲਾਂਕਿ ਇਹ ਚੀਨ (170 ਅਰਬ ਅਮਰੀਕੀ ਡਾਲਰ) ਨਾਲੋਂ ਛੋਟਾ ਹੈ। ਰਿਪੋਰਟ ਅਨੁਸਾਰ ਭਾਰਤ ‘ਚ ਖਪਤ ਸ਼੍ਰੇਣੀ ‘ਚ ਵਿਆਹਾਂ ਦਾ ਦੂਜਾ ਸਥਾਨ ਹੈ। ਜੇਕਰ ਵਿਆਹ ਇੱਕ ਸ਼੍ਰੇਣੀ ਹੁੰਦੀ ਤਾਂ ਖੁਰਾਕ ਤੇ ਕਰਿਆਨੇ (681 ਅਰਬ ਅਮਰੀਕੀ ਡਾਲਰ) ਮਗਰੋਂ ਇਹ ਦੂਜੀ ਸਭ ਤੋਂ ਵੱਡੀ ਪ੍ਰਚੂਨ ਸ਼੍ਰੇਣੀ ਹੁੰਦੀ। ਭਾਰਤ ਵਿੱਚ ਵਿਆਹ ਸ਼ਾਨਦਾਰ ਹੁੰਦੇ ਹਨ ਅਤੇ ਇਨ੍ਹਾਂ ‘ਚ ਕਈ ਤਰ੍ਹਾਂ ਦੇ ਸਮਾਗਮ ਤੇ ਖਰਚੇ ਹੁੰਦੇ ਹਨ। ਇਸ ਵਿੱਚ ਗਹਿਣੇ ਤੇ ਕੱਪੜੇ ਜਿਹੀਆਂ ਸ਼੍ਰੇਣੀਆਂ ਵਿੱਚ ਖਪਤ ਵੱਧਦੀ ਹੈ ਅਤੇ ਅਸਿੱਧੇ ਢੰਗ ਨਾਲ ਆਟੋ ਤੇ ਇਲੈਕਟ੍ਰੌਨਿਕਸ ਸਨਅਤ ਨੂੰ ਲਾਭ ਮਿਲਦਾ ਹੈ।
ਖਰਚੀਲੇ ਵਿਆਹਾਂ ਨੂੰ ਨੱਥ ਪਾਉਣ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਵਿਦੇਸ਼ੀ ਥਾਵਾਂ ‘ਤੇ ਆਲੀਸ਼ਾਨ ਵਿਆਹ ਹੋ ਰਹੇ ਹਨ। ਜੈੱਫਰੀਜ਼ ਨੇ ਕਿਹਾ, ‘ਹਰ ਸਾਲ 80 ਲੱਖ ਤੋਂ ਇੱਕ ਕਰੋੜ ਵਿਆਹ ਹੋਣ ਦੇ ਨਾਲ ਭਾਰਤ ਦੁਨੀਆ ਵਿੱਚ ਸਭ ਤੋਂ ਵੱਡੀ ਵਿਆਹਾਂ ਵਾਲੀ ਥਾਂ ਹੈ।’ ਕੈਟ ਅਨੁਸਾਰ ਇਸ ਦਾ ਆਕਾਰ 130 ਕਰੋੜ ਅਰਬ ਅਮਰੀਕੀ ਡਾਲਰ ਹੋਣ ਦਾ ਅਨੁਮਾਨ ਹੈ।